Arvind Kejriwal ਨੇ ਜਲੰਧਰ 'ਚ ਵਪਾਰੀਆਂ-ਕਾਰੋਬਾਰੀਆਂ ਨਾਲ ਕੀਤੀ ਮੀਟਿੰਗ, ਕਿਹਾ- ਇਸ ਵਾਰ ਆਪ ਨੂੰ 13 ਸੀਟਾਂ ਜਿਤਾਓ

ਕੇਜਰੀਵਾਲ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਹੈ ਕਿ ਮਹਿੰਗਾਈ, ਬੇਰੁਜ਼ਗਾਰੀ, ਭੁੱਖਮਰੀ, ਗਰੀਬੀ, ਸਿੱਖਿਆ ਅਤੇ ਦਵਾਈ ਵਰਗੇ ਅਹਿਮ ਮੁੱਦਿਆਂ ਦੀ ਬਜਾਏ ਨਰਿੰਦਰ ਮੋਦੀ ਹਿੰਦੂ, ਮੁਸਲਿਮ, ਮੱਝ ਅਤੇ ਮੰਗਲ-ਸੂਤਰ ਦੇ ਨਾਂ 'ਤੇ ਵੋਟਾਂ ਮੰਗ ਰਹੇ ਹਨ। ਸਾਡੀ ਸਰਕਾਰ ਤੋਂ ਪਹਿਲਾਂ ਪੰਜਾਬ 'ਚ ਇੰਡਸਟਰੀ ਦਾ ਬੁਰਾ ਹਾਲ ਸੀ, ਹਰ ਕੋਈ ਸੂਬਾ ਛੱਡ ਕੇ ਜਾ ਰਿਹਾ ਸੀ, ਪਿਛਲੇ ਦੋ ਸਾਲਾਂ 'ਚ ਇੰਡਸਟਰੀ ਛੱਡਣ ਦਾ ਰੁਝਾਨ ਖ਼ਤਮ ਹੋ ਗਿਆ ਹੈ, ਆਉਣਾ ਸ਼ੁਰੂ ਹੋ ਗਿਆ ਹੈ।

Share:

ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਜਲੰਧਰ ਵਿੱਚ ਵਪਾਰੀਆਂ ਅਤੇ ਕਾਰੋਬਾਰੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਕੇਜਰੀਵਾਲ ਦੇ ਨਾਲ ‘ਆਪ’ ਦੇ ਕੌਮੀ ਜਨਰਲ ਸਕੱਤਰ ਡਾ. ਸੰਦੀਪ ਪਾਠਕ, ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਜਲੰਧਰ ਤੋਂ ‘ਆਪ’ ਉਮੀਦਵਾਰ ਪਵਨ ਕੁਮਾਰ ਟੀਨੂੰ ਹਾਜ਼ਰ ਸਨ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਾਰੋਬਾਰੀਆਂ ਨੂੰ ਇਸ ਚੋਣ ਵਿਚ ਪੰਜਾਬ ਦੀਆਂ ਸਾਰੀਆਂ 13 ਸੀਟਾਂ ਜਿੱਤਣ ਵਿਚ ਆਮ ਆਦਮੀ ਪਾਰਟੀ ਦੀ ਮਦਦ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਫ਼ਿਲਹਾਲ ਭਗਵੰਤ ਮਾਨ ਨੂੰ ਕੇਂਦਰ ਸਰਕਾਰ ਅਤੇ ਰਾਜਪਾਲ ਨਾਲ ਇਕੱਲਿਆਂ ਹੀ ਲੜਨਾ ਪੈ ਰਿਹਾ ਹੈ, ਇਹ 13 ਸੰਸਦ ਮੈਂਬਰ ਉਨ੍ਹਾਂ ਦੇ ਮਜ਼ਬੂਤ ਹੱਥ ਬਣਨਗੇ ਅਤੇ ਉਨ੍ਹਾਂ ਨਾਲ ਮਿਲ ਕੇ ਪੰਜਾਬ ਦੇ ਹੱਕਾਂ ਲਈ ਲੜਨਗੇ।

ਕੇਜਰੀਵਾਲ ਨੇ ਕਿਹਾ ਕਿ ਤੁਸੀਂ ਸਾਰੀਆਂ ਪਾਰਟੀਆਂ ਨੂੰ ਮੌਕਾ ਦਿੱਤਾ ਹੈ। ਤੁਹਾਡੇ ਲਈ ਕਿਸੇ ਨੇ ਕੁਝ ਨਹੀਂ ਕੀਤਾ ਅਤੇ ਨਾ ਹੀ ਕਿਸੇ ਨੇ ਪਾਰਲੀਮੈਂਟ ਵਿੱਚ ਪੰਜਾਬ ਲਈ ਆਵਾਜ਼ ਉਠਾਈ। ਜਿੱਤਣ ਤੋਂ ਬਾਅਦ ਹਰ ਕੋਈ ਆਪਣੇ ਫ਼ਾਇਦੇ ਲਈ ਕੇਂਦਰੀ ਮੰਤਰੀਆਂ ਨਾਲ ਮਿਲ ਜਾਂਦਾ ਹੈ। ਇਸ ਲਈ ਇਸ ਵਾਰ ਆਮ ਆਦਮੀ ਪਾਰਟੀ ਨੂੰ ਸਾਰੀਆਂ 13 ਸੀਟਾਂ ਜਿਤਾਓ। ਮੈਂ ਅਤੇ ਭਗਵੰਤ ਮਾਨ ਆਪਣੇ ਸੰਸਦ ਮੈਂਬਰਾਂ 'ਤੇ ਨਜ਼ਰ ਰੱਖਾਂਗੇ ਅਤੇ ਉਨ੍ਹਾਂ ਤੋਂ ਪੰਜਾਬ ਲਈ ਕੰਮ ਕਰਵਾਵਾਂਗੇ।  ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆੜ੍ਹਤੀਆਂ ਨੂੰ ਵਿਚੋਲੇ ਅਤੇ ਵਪਾਰੀਆਂ ਨੂੰ ਚੋਰ ਕਹਿੰਦੇ ਹਨ।  ਅਸੀਂ ਤੁਹਾਨੂੰ ਸਾਡੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਮੰਨਦੇ ਹਾਂ। ਸਾਡੇ ਮਨ ਵਿਚ ਤੁਹਾਡੇ ਲਈ ਬਹੁਤ ਸਤਿਕਾਰ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੇਸ਼ ਦੇ ਵਿਕਾਸ ਲਈ ਕਿਸਾਨ ਅਤੇ ਮਜ਼ਦੂਰ ਅਹਿਮ ਹਨ, ਉਸੇ ਤਰ੍ਹਾਂ ਵਪਾਰੀ,ਕਾਰੋਬਾਰੀ ਅਤੇ ਉਦਯੋਗਪਤੀ ਵੀ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਤੁਸੀਂ ਸਾਰੇ ਮੇਰੇ ਲਈ ਕਿੰਨੇ ਮਹੱਤਵਪੂਰਨ ਹੋ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਦਿੱਲੀ ਚੋਣਾਂ ਤੋਂ ਅਗਲੇ ਹੀ ਦਿਨ ਮੈਂ ਸਭ ਤੋਂ ਪਹਿਲਾਂ ਫ਼ਿਰੋਜ਼ਪੁਰ ਪਹੁੰਚਿਆ ਅਤੇ ਉੱਥੇ ਕਾਰੋਬਾਰੀਆਂ ਨਾਲ ਮੀਟਿੰਗ ਕੀਤੀ।

ਵਪਾਰੀਆਂ ਦੀਆਂ ਕਈ ਸਮੱਸਿਆਵਾਂ 'ਤੇ ਕੰਮ ਚੱਲ ਰਿਹਾ

ਉਨ੍ਹਾਂ ਕਿਹਾ ਕਿ ਮੈਂ ਇੱਕ ਸਾਲ ਪਹਿਲਾਂ ਪੰਜਾਬ ਆਇਆ ਸੀ। ਉਸ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੈਂ ਜਲੰਧਰ, ਲੁਧਿਆਣਾ, ਮੋਹਾਲੀ ਸਮੇਤ ਕਈ ਸ਼ਹਿਰਾਂ ਦੇ ਕਾਰੋਬਾਰੀਆਂ ਨਾਲ ਕਈ ਘੰਟੇ ਮੀਟਿੰਗਾਂ ਕੀਤੀਆਂ ਅਤੇ ਮੈਂ ਖ਼ੁਦ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਨੋਟ ਕੀਤੀਆਂ। ਮੇਰੇ ਜਾਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਵਾਰ ਵਪਾਰਕ ਮੀਟਿੰਗਾਂ ਕੀਤੀਆਂ ਅਤੇ ਉਨ੍ਹਾਂ ਦੇ ਆਧਾਰ 'ਤੇ ਵਪਾਰੀਆਂ ਦੀਆਂ ਕਈ ਸਮੱਸਿਆਵਾਂ ਹੱਲ ਕੀਤੀਆਂ ਗਈਆਂ ਅਤੇ ਕਈਆਂ 'ਤੇ ਕੰਮ ਚੱਲ ਰਿਹਾ ਹੈ। ਕੇਜਰੀਵਾਲ ਨੇ ਕਿਹਾ ਕਿ ਸਾਡੀ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਵਿੱਚ ਇੰਡਸਟਰੀ ਦੀ ਹਾਲਤ ਬਹੁਤ ਖਰਾਬ ਸੀ। ਵਪਾਰੀ ਰਾਜ ਛੱਡ ਕੇ ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ ਆਦਿ ਰਾਜਾਂ ਵਿੱਚ ਜਾ ਰਹੇ ਸਨ, ਪਰ ਪਿਛਲੇ ਦੋ ਸਾਲਾਂ ਤੋਂ ਉਦਯੋਗਾਂ ਦਾ ਸੂਬਾ ਛੱਡਣ ਦਾ ਰੁਝਾਨ ਖ਼ਤਮ ਹੋ ਗਿਆ ਹੈ ਅਤੇ ਉਦਯੋਗ ਆਉਣੇ ਸ਼ੁਰੂ ਹੋ ਗਏ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪਿਛਲੇ ਦੋ ਸਾਲਾਂ ਵਿੱਚ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਵਿੱਚ ਕਾਫੀ ਸੁਧਾਰ ਹੋਇਆ ਹੈ।

ਪੰਜਾਬ ਦੇ ਲੋਕਾਂ ਨੂੰ ਮੁਫ਼ਤ ਬਿਜਲੀ ਮੁਹੱਈਆ ਕਰਵਾ ਰਹੇ

ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰ ਦਿੱਤਾ ਹੈ, ਜਿਸ ਕਾਰਨ ਹੁਣ ਬਹੁਤ ਸਾਰਾ ਸਰਕਾਰੀ ਪੈਸਾ ਬਚ ਰਿਹਾ ਹੈ। ਉਸ ਪੈਸੇ ਨਾਲ ਅਸੀਂ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਬਿਜਲੀ ਮੁਹੱਈਆ ਕਰਵਾ ਰਹੇ ਹਾਂ।  ਅੱਜ ਪੰਜਾਬ ਦੇ 83 ਫੀਸਦੀ ਲੋਕਾਂ ਨੂੰ ਜ਼ੀਰੋ ਬਿਜਲੀ ਦਾ ਬਿੱਲ ਆ ਰਿਹਾ ਹੈ। ਇਸ ਤੋਂ ਇਲਾਵਾ ਅਸੀਂ ਵੱਖ-ਵੱਖ ਥਾਵਾਂ 'ਤੇ ਮੁਹੱਲਾ ਕਲੀਨਿਕ ਬਣਾ ਰਹੇ ਹਾਂ ਅਤੇ ਸਰਕਾਰੀ ਹਸਪਤਾਲਾਂ ਦੀ ਹਾਲਤ ਸੁਧਾਰ ਰਹੇ ਹਾਂ। ਇਸ ਦੇ ਨਾਲ ਹੀ ਅਸੀਂ ਸਰਕਾਰੀ ਸਕੂਲਾਂ ਨੂੰ ਸਕੂਲ ਆਫ਼ ਐਮਿਨੈਂਸ ਵਿੱਚ ਤਬਦੀਲ ਕਰ ਰਹੇ ਹਾਂ। ਇਹ ਸਭ ਇਸ ਲਈ ਹੋ ਰਿਹਾ ਹੈ, ਕਿਉਂਕਿ ਸਾਡੀ ਨੀਅਤ ਸਾਫ਼ ਹੈ ਅਤੇ ਅਸੀਂ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ। ਉੜੀਸਾ ਵਿੱਚ ਪੰਜਾਬ ਦੀ ਕੋਲੇ ਦੀ ਖਾਨ ਹੈ, ਜਦੋਂ ਅਸੀਂ ਉੱਥੋਂ ਕੋਲਾ ਲਿਆਉਣਾ ਸ਼ੁਰੂ ਕੀਤਾ ਤਾਂ ਕੇਂਦਰ ਸਰਕਾਰ ਨੇ ਕਿਹਾ ਕਿ ਆਪਣਾ ਕੋਲਾ ਸ੍ਰੀਲੰਕਾ ਅਤੇ ਗੁਜਰਾਤ ਰਾਹੀਂ ਪੰਜਾਬ ਲੈ ਕੇ ਆਓ। ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦਾ ਵਿਰੋਧ ਕੀਤਾ ਤਾਂ ਕੇਂਦਰ ਸਰਕਾਰ ਨੇ ਕੋਲਾ ਲਿਆਉਣ ਲਈ ਸਿੱਧੀ ਰੇਲਗੱਡੀ ਮੁਹੱਈਆ ਕਰਵਾਈ। ਜੇਕਰ ਸਿੱਧੀ ਰੇਲ ਗੱਡੀ ਨਾ ਮਿਲਦੀ ਤਾਂ ਪੰਜਾਬ ਵਿੱਚ ਬਿਜਲੀ ਦੋ ਰੁਪਏ ਮਹਿੰਗੀ ਹੋ ਜਾਣੀ ਸੀ।

ਪੰਜਾਬ ਦੀ 'ਆਪ' ਸਰਕਾਰ ਨੂੰ ਡੇਗਣ ਦੀ ਧਮਕੀ ਦੇ ਰਹੇ ਸ਼ਾਹ

ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਨੇਤਾ ਹੰਕਾਰ ਵਿਚ ਡੁੱਬ ਗਏ ਹਨ। ਅਮਿਤ ਸ਼ਾਹ ਨੇ ਪੰਜਾਬ ਦੇ ਲੋਕਾਂ ਨੂੰ ਧਮਕੀ ਦਿੱਤੀ ਹੈ ਕਿ 4 ਜੂਨ ਤੋਂ ਬਾਅਦ ਉਹ ਪੰਜਾਬ ਦੀ 'ਆਪ' ਸਰਕਾਰ ਨੂੰ ਡੇਗ ਦੇਣਗੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਟਾ ਦੇਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਬਹਾਦਰ ਲੋਕ ਹਨ। ਉਹ ਧਮਕੀਆਂ ਤੋਂ ਨਹੀਂ ਡਰਦੇ। ਪਿਆਰ ਨਾਲ ਮੰਗਿਆ ਹੁੰਦਾ ਤਾਂ ਇੱਕ-ਦੋ ਸੀਟ ਦੇ ਦਿੰਦੇ, ਪਰ ਹੁਣ ਇੱਕ ਵੀ ਸੀਟ ਨਹੀਂ ਮਿਲਣੀ। ਇਸ ਵਾਰ ਪੰਜਾਬ ਦੇ ਲੋਕ ਤੁਹਾਡੀਆਂ ਧਮਕੀਆਂ ਦਾ ਜਵਾਬ ਵੋਟ ਨਾਲ ਦੇਣਗੇ। ਕੇਜਰੀਵਾਲ ਨੇ ਕਿਹਾ ਕਿ ਇਹ ਰੱਬ ਦੀ ਕਿਰਪਾ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ 92 ਵਿਧਾਇਕ ਦਿੱਤੇ ਹਨ। ਜੇਕਰ 60 ਹੁੰਦੇ ਤਾਂ ਇਹ ਲੋਕ ਹੁਣ ਤੱਕ ਸਰਕਾਰ ਨੂੰ ਡੇਗ ਚੁੱਕੇ ਹੁੰਦੇ।

ਭਾਜਪਾ ਮੋਦੀ ਨੂੰ ਭਗਵਾਨ ਮੰਨਣ ਲੱਗੇ

ਕੇਜਰੀਵਾਲ ਨੇ ਕਿਹਾ ਕਿ ਭਾਜਪਾ ਦੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਗਵਾਨ ਮੰਨਣ ਲੱਗ ਪਏ ਹਨ। ਉਨ੍ਹਾਂ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਦਾ ਕਹਿਣਾ ਹੈ ਕਿ ਭਗਵਾਨ ਜਗਨਨਾਥ ਮੋਦੀ ਜੀ ਦੇ ਭਗਤ ਹਨ। ਜਦੋਂ ਕਿ ਜਗਨਨਾਥ ਦਾ ਅਰਥ ਹੈ ਜਗਤ ਦਾ ਨਾਥ। ਭਾਵ, ਪੂਰੀ ਦੁਨੀਆ ਦਾ ਕਲਿਆਣ  ਕਰਨ ਵਾਲਾ। ਨਰਿੰਦਰ ਮੋਦੀ ਖ਼ੁਦ ਕਹਿੰਦੇ ਹਨ ਕਿ ਮੈਂ ਆਪਣੀ ਮਾਂ ਦੀ ਕੁੱਖ ਤੋਂ ਪੈਦਾ ਨਹੀਂ ਹੋਇਆ। ਮੈਂ ਪ੍ਰਗਟ ਹੋਇਆ ਹਾਂ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ ਨੱਢਾ ਨੇ ਵੀ ਨਰਿੰਦਰ ਮੋਦੀ ਨੂੰ ਦੇਵਾਂ ਦਾ ਦੇਵ ਕਿਹਾ ਹੈ। ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕਦੇ ਵੀ ਕੰਮ ਦੀ ਗੱਲ ਨਹੀਂ ਕਰਦੇ, ਉਹ ਹਮੇਸ਼ਾ ਜਾਤ, ਧਰਮ ਅਤੇ ਨਫਰਤ ਦੀ ਰਾਜਨੀਤੀ ਦੀ ਗੱਲ ਕਰਦੇ ਹਨ। ਮਹਿੰਗਾਈ, ਬੇਰੁਜ਼ਗਾਰੀ, ਭੁੱਖਮਰੀ, ਗਰੀਬੀ, ਸਿੱਖਿਆ ਅਤੇ ਦਵਾਈ ਵਰਗੇ ਅਹਿਮ ਮੁੱਦਿਆਂ ਦੀ ਬਜਾਏ ਉਹ ਹਿੰਦੂ, ਮੁਸਲਮਾਨ, ਮੱਝ, ਬੱਕਰੀ ਅਤੇ ਮੰਗਲ-ਸੂਤਰ ਦੇ ਨਾਂ 'ਤੇ ਵੋਟਾਂ ਮੰਗ ਰਹੇ ਹਨ।  ਉਹ ਕਹਿੰਦੇ ਹਨ ਕਿ ਜੇਕਰ ਤੁਸੀਂ ਇੰਡੀਆ ਅਲਾਇੰਸ ਨੂੰ ਵੋਟ ਦਿਓਗੇ ਤਾਂ ਉਹ ਤੁਹਾਡੀਆਂ ਮੱਝਾਂ ਅਤੇ ਮੰਗਲ-ਸੂਤਰ ਖੋਹ ਲੈਣਗੇ। ਕੀ ਇਹ ਭਗਵਾਨ ਦੀ ਭਾਸ਼ਾ ਹੈ?

ਭਾਜਪਾ ਦੇ ਲੋਕਾਂ ਨੇ ਦੇਸ਼ ਵਿੱਚ ਤਾਨਾਸ਼ਾਹੀ ਪੈਦਾ ਕੀਤੀ

ਕੇਜਰੀਵਾਲ ਨੇ ਕਿਹਾ ਕਿ ਭਾਜਪਾ ਦੇ ਲੋਕਾਂ ਨੇ ਦੇਸ਼ ਵਿੱਚ ਤਾਨਾਸ਼ਾਹੀ ਪੈਦਾ ਕਰ ਦਿੱਤੀ ਹੈ। 16 ਮਾਰਚ ਨੂੰ ਚੋਣਾਂ ਦਾ ਐਲਾਨ ਹੋਇਆ ਅਤੇ ਮੈਨੂੰ 21 ਮਾਰਚ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਕਿਉਂਕਿ ਮੋਦੀ ਜੀ ਨੂੰ ਡਰ ਸੀ ਕਿ ਜੇ ਕੇਜਰੀਵਾਲ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਕੇਜਰੀਵਾਲ ਦੇਸ਼ ਭਰ ਵਿੱਚ ਘੁੰਮੇਗਾ, ਜਿਸ ਨਾਲ ਉਨ੍ਹਾਂ ਸੀਟਾਂ ਘੱਟ ਜਾਣਗੀਆਂ। ਇਸ ਲਈ ਕੇਜਰੀਵਾਲ ਨੂੰ ਜੇਲ੍ਹ ਵਿੱਚ ਪਾ ਦਿਓ। ਮੈਂ ਸੁਪਰੀਮ ਕੋਰਟ ਦਾ ਧੰਨਵਾਦੀ ਹਾਂ ਜਿਸ ਨੇ ਮੈਨੂੰ 21 ਦਿਨ ਪ੍ਰਚਾਰ ਕਰਨ ਦੀ ਇਜਾਜ਼ਤ ਦਿੱਤੀ, ਜਿਸ ਕਾਰਨ ਮੈਂ ਅੱਜ ਤੁਹਾਡੇ ਵਿਚਕਾਰ ਹਾਂ। ਕੇਜਰੀਵਾਲ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਨਰਿੰਦਰ ਮੋਦੀ ਨੇ ਇੰਡੀਆ ਟੀ.ਵੀ ਦੇ ਰਜਤ ਸ਼ਰਮਾ ਨੂੰ ਇੰਟਰਵਿਊ ਦਿੱਤਾ ਸੀ। ਰਜਤ ਸ਼ਰਮਾ ਨੇ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਕਿ ਦਿੱਲੀ ਸ਼ਰਾਬ ਘੁਟਾਲੇ ਵਿੱਚ ਨਾ ਤਾਂ ਕੋਈ ਸਬੂਤ ਹੈ ਅਤੇ ਨਾ ਹੀ ਕੋਈ ਰਿਕਵਰੀ, ਫਿਰ ਭ੍ਰਿਸ਼ਟਾਚਾਰ ਕਿਵੇਂ ਹੋਇਆ?  ਇਸ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਇੱਕ ਤਜਰਬੇਕਾਰ ਚੋਰ ਹੈ, ਇਸ ਲਈ ਕੋਈ ਸਬੂਤ ਨਹੀਂ ਹੈ। ਕੇਜਰੀਵਾਲ ਨੇ ਕਿਹਾ ਕਿ ਅਸਲ ਵਿਚ ਕੋਈ ਭ੍ਰਿਸ਼ਟਾਚਾਰ ਹੀ ਨਹੀਂ ਹੋਇਆ। ਜੇਕਰ ਅਜਿਹਾ ਹੁੰਦਾ ਤਾਂ 100 ਕਰੋੜ ਰੁਪਏ ਕਿੱਥੇ ਗਏ? ਅਜੇ ਤੱਕ ਇੱਕ ਰੁਪਇਆ ਵੀ ਕਿਉਂ ਨਹੀਂ ਵਸੂਲਿਆ ਗਿਆ?

ਕੇਜਰੀਵਾਲ ਨੇ ਕਿਹਾ ਕਿ ਉਹ ਕਹਿੰਦੇ ਹਨ ਕਿ ਸਾਨੂੰ 400 ਸੀਟਾਂ ਦਿਓ, ਮੋਦੀ ਜੀ ਕੁਝ ਵੱਡਾ ਕਰਨਾ ਚਾਹੁੰਦੇ ਹਨ। ਜਦੋਂ ਮੈਂ ਪੁੱਛਗਿੱਛ ਕੀਤੀ ਤਾਂ ਮੈਨੂੰ ਪਤਾ ਲੱਗਾ ਕਿ ਇਹ ਲੋਕ ਰਿਜ਼ਰਵੇਸ਼ਨ ਨੂੰ ਖ਼ਤਮ ਕਰਨ ਲਈ 400 ਸੀਟਾਂ ਦੀ ਮੰਗ ਕਰ ਰਹੇ ਹਨ। ਪਰ ਮੈਂ ਉਨ੍ਹਾਂ ਨਾਲ ਲੜ ਰਿਹਾ ਹਾਂ। ਮੈਂ ਸੰਘਰਸ਼ ਕਰ ਰਿਹਾ ਹਾਂ। ਅਸੀਂ ਕਿਸੇ ਵੀ ਹਾਲਤ ਵਿੱਚ ਉਨ੍ਹਾਂ ਨੂੰ ਰਿਜ਼ਰਵੇਸ਼ਨ ਖ਼ਤਮ ਨਹੀਂ ਕਰਨ ਦੇਵਾਂਗੇ।

ਇਹ ਵੀ ਪੜ੍ਹੋ