ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਭਲਕੇ ਗੁਰਦਾਸਪੁਰ ਵਿਖੇ ਕਰਨਗੇ ਵਿਕਾਸ ਕ੍ਰਾਂਤੀ ਦੀ ਸ਼ੁਰੂਆਤ

ਨਗਰ ਸੁਧਾਰ ਟਰੱਸਟ ਦੀ ਸਕੀਮ ਨੰਬਰ 7 ਦੇ ਮੈਦਾਨ ਵਿੱਚ ਹੋਵੇਗੀ ਵਿਸ਼ਾਲ ਰੈਲੀ, ਉਦਘਾਟਨੀ ਸਮਾਗਮ ਅਤੇ ਰੈਲੀ ਦੀਆਂ ਤਿਆਰੀਆਂ ਮੁਕੰਮਲ, ਵਿਧਾਇਕ ਸ਼ੈਰੀ ਕਲਸੀ, ਚੇਅਰਮੈਨ ਰਮਨ ਬਹਿਲ, ਜਗਰੂਪ ਸੇਖਵਾਂ ਨੇ ਲੋਕਾਂ ਨੂੰ ਰੈਲੀ ਵਿੱਚ ਵੱਧ-ਚੜ ਕੇ ਸ਼ਮੂਲੀਅਤ ਕਰਨ ਦੀ ਕੀਤੀ ਅਪੀਲ

Share:

ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਲੋਕ ਸਭਾ ਹਲਕਾ ਗੁਰਦਾਸਪੁਰ ਵੱਲੋਂ ਵਿਕਾਸ ਕ੍ਰਾਂਤੀ ਵੱਲ ਕਦਮ ਵਧਾਏ ਗਏ ਹਨ। ਮੁੱਖ ਮੰਤਰੀ ਪੰਜਾਬ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ 2 ਦਸੰਬਰ ਨੂੰ ਗੁਰਦਾਸਪੁਰ ਵਿਖੇ 14.92 ਕਰੋੜ ਰੁਪਏ ਦੀ ਲਾਗਤ ਨਾਲ 6 ਏਕੜ ਵਿੱਚ ਬਣੇ ਬਾਬਾ ਬੰਦਾ ਸਿੰਘ ਬਹਾਦਰ ਇੰਟਰਸਟੇਟ ਬੱਸ ਟਰਮੀਨਲ ਅਤੇ  ਰੇਲਵੇ ਅੰਡਰ ਪਾਸ ਦਾ ਉਦਘਾਟਨ ਕਰਨ ਦੇ ਨਾਲ ਲੋਕ ਸਭਾ ਹਲਕੇ ਵਿੱਚ 1854 ਕਰੋੜ ਰੁਪਏ ਦੀ ਲਾਗਤ ਵਾਲੇ ਹੋਰ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਵੀ ਕੀਤੀ ਜਾ ਰਹੀ ਹੈ। ਇਸ ਮੌਕੇ ਇੱਕ ਵਿਸ਼ਾਲ ਵਿਕਾਸ ਕ੍ਰਾਂਤੀ ਰੈਲੀ ਦਾ ਆਯੋਜਿਨ ਵੀ ਕੀਤਾ ਜਾ ਰਿਹਾ ਹੈ।

ਰੈਲੀ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ

ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਵੱਲੋਂ ਭਲਕੇ 2 ਦਸੰਬਰ ਤੋਂ ਲੋਕ ਸਭਾ ਹਲਕਾ ਗੁਰਦਾਸਪੁਰ ਵਿੱਚ ਵਿਕਾਸ ਕ੍ਰਾਂਤੀ ਦੀ ਨਵੀਂ ਸ਼ੁਰੂਆਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਅਤੇ ਪਠਾਨਕੋਟ ਲਈ ਇਹ ਇਤਿਹਾਸਕ ਪਲ ਹਨ। ਉਨ੍ਹਾਂ ਕਿਹਾ ਕਿ ਇਸ ਮੌਕੇ ਬਹੁਤ ਵੱਡੀ ਗਿਣਤੀ ਵਿੱਚ ਲੋਕ ਆਪਣੇ ਹਰਮਨ ਪਿਆਰੇ ਆਗੂਆਂ ਨੂੰ ਸੁਣਨ ਲਈ ਅਤੇ ਇਨ੍ਹਾਂ ਇਤਿਹਾਸਕ ਪਲਾਂ ਦੇ ਗਵਾਹ ਬਣਨ ਲਈ ਰੈਲੀ ਵਿੱਚ ਪਹੁੰਚ ਰਹੇ ਹਨ। ਰੈਲੀ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਮਾਨ ਸਰਕਾਰ ਦੇ ਵਿਕਾਸ ਵੱਲ ਵੱਧਦੇ ਕਦਮ ਸੂਬੇ ਨੂੰ ‘ਰੰਗਲਾ ਪੰਜਾਬ’ ਬਣਾਉਣ ਵਿੱਚ ਸਹਾਈ ਹੋਣਗੇ। ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਨੂੰ ਤਰੱਕੀ ਦੀ ਲੀਹੇ ਲੈ ਆਂਦਾ ਹੈ ਅਤੇ 2 ਦਸੰਬਰ ਨੂੰ ਗੁਰਦਾਸਪੁਰ ਤੋਂ ਵਿਕਾਸ ਦੇ ਨਵੇਂ ਅਧਿਆਏ ਦੀ ਸ਼ੁਰੂਆਤ ਹੋਵੇਗੀ। 

ਪੁਲਿਸ ਨੇ ਟਰੈਫਿਕ ਨੂੰ ਡਾਈਵਰਟ ਕੀਤਾ

 

file photo
file photo

ਵਿਕਾਸ ਕ੍ਰਾਂਤੀ ਰੈਲੀ ਦੇ ਮੱਦੇਨਜ਼ਰ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਪੁਲਿਸ ਵਿਭਾਗ ਵੱਲੋਂ ਟਰੈਫਿਕ ਦੇ ਬਦਲਵੇਂ ਪ੍ਰਬੰਧ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਗੁਰਦਾਸਪੁਰ ਹਰੀਸ਼ ਦਾਯਮਾ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਪਠਾਨਕੋਟ ਤੱਕ ਜਾਣ ਵਾਲੀ ਟਰੈਫਿਕ ਨੂੰ ਬਟਾਲਾ ਸ਼ਹਿਰ ਦੇ ਅੰਮ੍ਰਿਤਸਰ ਬਾਈਪਾਸ ਨਜਦੀਕ ਸੈਦ ਮੁਬਾਰਕ ਪਿੰਡ ਤੋਂ ਸ੍ਰੀ ਹਰਗੋਬਿੰਦਪੁਰ, ਮੁਕੇਰੀਆਂ ਅਤੇ ਟਾਂਡੇ ਵੱਲ ਨੂੰ ਡਾਈਵਰਟ ਕੀਤਾ ਗਿਆ ਹੈ। ਅੰਮ੍ਰਿਤਸਰ ਤੋਂ ਪਠਾਨਕੋਟ ਨੂੰ ਜਾਣ ਵਾਲੇ ਹਲਕੇ ਵਾਹਨਾਂ ਨੂੰ ਖੁੰਡਾ ਬਾਈਪਾਸ ਤੋਂ ਸਠਿਆਲੀ ਪੁੱਲ ਵਾਇਆ ਮੁਕੇਰੀਆਂ ਰਾਹੀਂ ਪਠਾਨਕੋਟ ਵੱਲ ਨੂੰ ਡਾਈਵਰਟ ਕੀਤਾ ਗਿਆ ਹੈ। ਅੰਮ੍ਰਿਤਸਰ ਤੋਂ ਗੁਰਦਾਸਪੁਰ ਤੱਕ ਜਾਣ ਵਾਲੇ ਹਲਕੇ ਵਾਹਨਾਂ ਨੂੰ ਬੱਬਰੀ ਬਾਈਪਾਸ ਤੋਂ ਨਬੀਪੁਰ ਤੋਂ ਬਹਿਰਾਮਪੁਰ ਵਾਇਆ ਦੀਨਾਨਗਰ ਡਾਈਵਰਟ ਕੀਤਾ ਗਿਆ ਹੈ। ਪਠਾਨਕੋਟ ਤੋਂ ਅੰਮ੍ਰਿਤਸਰ ਵੱਲ ਜਾਣ ਵਾਲੀ ਹੈਵੀ ਟਰੈਫਿਕ ਨੂੰ ਮਲਕਪੁਰ ਚੌਂਕ ਤੋਂ ਵਾਇਆ ਮੁਕੇਰੀਆਂ, ਟਾਂਡਾ, ਬਟਾਲਾ ਤੋਂ ਅੰਮ੍ਰਿਤਸਰ ਨੂੰ ਡਾਈਵਰਟ ਕੀਤਾ ਗਿਆ ਹੈ। ਪਠਾਨਕੋਟ ਤੋਂ ਅੰਮ੍ਰਿਤਸਰ ਵੱਲ ਜਾਣ ਵਾਲੇ ਹਲਕੇ ਵਾਹਨਾਂ ਦੀ ਟਰੈਫਿਕ ਨੂੰ ਝੰਡੇ ਚੱਕ ਤੋਂ ਪਨਿਆੜ ਰੋਡ ਵਾਇਆ ਗੁਰਦਾਸਪੁਰ ਸਿਟੀ ਡਾਈਵਰਟ ਕੀਤਾ ਗਿਆ ਹੈ। ਹੁਸ਼ਿਆਰਪੁਰ ਤੋਂ ਗੁਰਦਾਸਪੁਰ ਹੈਵੀ ਟਰੈਫਿਕ ਨੂੰ ਮੁਕੇਰੀਆਂ ਤੋਂ ਵਾਇਆ ਪਠਾਨਕੋਟ ਡਾਈਵਰਟ ਕੀਤਾ ਗਿਆ ਹੈ। ਸ੍ਰੀ ਹਰਗੋਬਿੰਦਪੁਰ ਤੋਂ ਗੁਰਦਾਸਪੁਰ ਹੈਵੀ ਟਰੈਫਿਕ ਨੂੰ ਘੁਮਾਣ ਤੋਂ ਬਟਾਲਾ ਡਾਈਵਰਟ ਕੀਤਾ ਗਿਆ ਹੈ। ਕਲਾਨੌਰ ਤੋਂ ਅੰਮ੍ਰਿਤਸਰ ਦੀ ਹੈਵੀ ਟਰੈਫਿਕ ਨੂੰ ਬੱਬਰੀ ਬਾਈਪਾਸ ਤੋਂ ਅੰਮ੍ਰਿਤਸਰ ਡਾਈਵਰਟ ਕੀਤਾ ਗਿਆ ਹੈ। ਕਲਾਨੌਰ ਤੋਂ ਪਠਾਨਕੋਟ ਦੀ ਹੈਵੀ ਟਰੈਫਿਕ ਨੂੰ ਹਰਦੋਛੰਨੀ ਰੋਡ ਤੋਂ ਦੀਨਾਨਗਰ, ਪਠਾਨਕੋਟ ਡਾਈਵਰਟ ਕੀਤਾ ਗਿਆ ਹੈ। ਪਠਾਨਕੋਟ ਤੋਂ ਗੁਰਦਾਸਪੁਰ ਹਲਕੇ ਵਾਹਨਾਂ ਦੀ ਟਰੈਫਿਕ ਨੂੰ ਪਰਮਾਨੰਦ, ਦੀਨਾਨਗਰ, ਬਹਿਰਾਮਪੁਰ ਤੋਂ ਬੱਬਰੀ ਬਾਈਪਾਸ ਡਾਈਵਰਟ ਕੀਤਾ ਗਿਆ ਹੈ।

ਇਹ ਵੀ ਪੜ੍ਹੋ