ਕੋਟਕਪੁਰਾ ਗੋਲੀਕਾਂਡ ‘ਚ ਸੁਖਬੀਰ ਬਾਦਲ ਦੀ ਪੇਸ਼ੀ, ਕੋਈ ਰਾਹਤ ਨਹੀਂ

ਕੋਟਕਪੁਰਾ ਗੋਲੀਕਾਂਡ ‘ਚ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਫਰੀਦਕੋਟ ਅਦਾਲਤ ‘ਚ ਪੇਸ਼ ਹੋਏ। ਇਸ ਗੋਲੀਕਾਂਡ ਦੇ ਨਾਲ ਸਬੰਧਤ ਦੋਵੇਂ ਕੇਸਾਂ ਦੀ ਸੁਣਵਾਈ ਸਥਾਨਕ ਅਦਾਲਤ ‘ਚ ਹੋਈ। ਫਿਲਹਾਲ ਸੁਖਬੀਰ ਬਾਦਲ ਨੂੰ ਕੋਈ ਰਾਹਤ ਨਹੀਂ ਮਿਲੀ ਹੈ। ਸੁਣਵਾਈ ਦੌਰਾਨ ਚਾਰਜਸ਼ੀਟ ਦੇ ਮੁਲਜ਼ਮਾਂ ‘ਚੋਂ ਸਿਰਫ਼ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੀ ਅਦਾਲਤ ‘ਚ ਪੇਸ਼ […]

Share:

ਕੋਟਕਪੁਰਾ ਗੋਲੀਕਾਂਡ ‘ਚ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਫਰੀਦਕੋਟ ਅਦਾਲਤ ‘ਚ ਪੇਸ਼ ਹੋਏ। ਇਸ ਗੋਲੀਕਾਂਡ ਦੇ ਨਾਲ ਸਬੰਧਤ ਦੋਵੇਂ ਕੇਸਾਂ ਦੀ ਸੁਣਵਾਈ ਸਥਾਨਕ ਅਦਾਲਤ ‘ਚ ਹੋਈ। ਫਿਲਹਾਲ ਸੁਖਬੀਰ ਬਾਦਲ ਨੂੰ ਕੋਈ ਰਾਹਤ ਨਹੀਂ ਮਿਲੀ ਹੈ। ਸੁਣਵਾਈ ਦੌਰਾਨ ਚਾਰਜਸ਼ੀਟ ਦੇ ਮੁਲਜ਼ਮਾਂ ‘ਚੋਂ ਸਿਰਫ਼ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੀ ਅਦਾਲਤ ‘ਚ ਪੇਸ਼ ਹੋਏ। ਜਦਕਿ ਬਾਕੀ ਮੁਲਜ਼ਮਾਂ ਦੀ ਹਾਜ਼ਰੀ ਮੁਆਫ਼ੀ ਲਈ ਅਰਜੀ ਦਾਇਰ ਕੀਤੀ ਗਈ ਸੀ ਜੋਕਿ ਮਨਜ਼ੂਰ ਹੋ ਗਈ ਸੀ। ਇਸ ਦੌਰਾਨ ਸੁਣਵਾਈ ਕਰਦੇ ਹੋਏ ਅਦਾਲਤ ਨੇ ਮੁਲਜ਼ਮਾਂ ਦੀਆਂ ਸਾਰੀਆਂ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ। ਇਸਦੇ ਨਾਲ ਹੀ ਚਾਰਜਸ਼ੀਟ ਦਾਖ਼ਲ ਕਰਕੇ ਅਗਲੀ ਸੁਣਵਾਈ ਲਈ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਵਿੱਚ ਭੇਜ ਦਿੱਤੀ ਹੈ। ਹੁਣ ਕੋਟਕਪੁਰਾ ਗੋਲੀਕਾਂਡ ਦੀ ਸੁਣਵਾਈ ਜ਼ਿਲ੍ਹਾ ਅਦਾਲਤ ‘ਚ 21 ਨਵੰਬਰ ਨੂੰ ਸ਼ੁਰੂ ਹੋਵੇਗੀ।

ਜ਼ਮਾਨਤ ‘ਤੇ ਬਾਹਰ ਹਨ ਸੁਖਬੀਰ ਬਾਦਲ 

ਇਸ ਗੋਲੀਕਾਂਡ ‘ਚ ਸੁਖਬੀਰ ਬਾਦਲ ਜ਼ਮਾਨਤ ‘ਤੇ ਬਾਹਰ ਹਨ। 23 ਮਾਰਚ 2023 ਨੂੰ ਕੋਟਕਪੁਰਾ ਗੋਲੀਕਾਂਡ ਮਾਮਲੇ ‘ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਪਹਿਲੀ ਵਾਰ ਫਰੀਦਕੋਟ ਅਦਾਲਤ ਵਿਚ ਪੇਸ਼ ਹੋਏ ਸਨ । ਬਾਦਲ ਪਿਓ-ਪੁੱਤ ਨੂੰ ਇਸ ਮਾਮਲੇ ‘ਚ ਅਗਾਊਂ ਜ਼ਮਾਨਤ ਮਿਲੀ ਸੀ।  ਉਨ੍ਹਾਂ ਖਿਲਾਫ਼ ਕੋਟਕਪੁਰਾ ਗੋਲੀਕਾਂਡ ਦੀ  ਸਾਜ਼ਿਸ਼ ਰਚਣ ਦਾ ਦੋਸ਼ ਹੈ। ਜਿਸਨੂੰ ਲੈ ਕੇ ਜਾਂਚ ਟੀਮ ਨੇ 24 ਫਰਵਰੀ 2023 ਨੂੰ ਅਦਾਲਤ ‘ਚ ਬਾਦਲਾਂ ਸਣੇ 6 ਵਿਅਕਤੀਆਂ ਖ਼ਿਲਾਫ਼ ਚਲਾਨ ਪੇਸ਼ ਕੀਤਾ ਗਿਆ ਸੀ। 

ਕੌਣ ਕੌਣ ਹਨ ਮਾਮਲੇ ਦੇ ਮੁਲਜ਼ਮ 

ਸੰਨ 2015 ‘ਚ ਵਾਪਰੇ ਕੋਟਕਪੁਰਾ ਗੋਲੀਕਾਂਡ ਮਾਮਲੇ ‘ਚ ਹੁਣ ਤੱਕ ਐਸਆਈਟੀ ਚਾਰ ਚਲਾਨ ਪੇਸ਼ ਕਰ ਚੁੱਕੀ ਹੈ। ਇਸ ‘ਚ ਪਹਿਲਾ ਚਲਾਨ ਕਰੀਬ 7000 ਪੰਨਿਆਂ, ਦੂਜਾ ਚਲਾਨ 2400 ਪੰਨਿਆਂ ਦਾ, ਤੀਜਾ ਚਲਾਨ 2500 ਪੰਨਿਆਂ ਦਾ ਅਤੇ 15 ਸਤੰਬਰ ਨੂੰ ਚੌਥਾ ਚਲਾਨ 22 ਪੰਨਿਆਂ ਦਾ ਪੇਸ਼ ਕੀਤਾ ਗਿਆ ਸੀ।  ਕਮੇਟੀ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਡੀਜੀਪੀ ਸੁਮੇਧ ਸੈਣੀ ਸਮੇਤ ਕਈ ਹੋਰ ਪੁਲਿਸ ਅਧਿਕਾਰੀ ਮੁਲਜ਼ਮ ਬਣਾਏ ਗਏ।

ਕੇਜਰੀਵਾਲ ਤੇ ਭਗਵੰਤ ਮਾਨ ਉਪਰ ਨਿਸ਼ਾਨਾ

ਫਰੀਦਕੋਟ ਅਦਾਲਤ ‘ਚ ਪੇਸ਼ੀ ਦੌਰਾਨ ਸੁਖਬੀਰ ਬਾਦਲ ਨੇ ਮੀਡੀਆ ਨਾਲ ਗੱਲਬਾਤ ਵੀ ਕੀਤੀ। ਸੁਖਬੀਰ ਨੇ ਪਰਾਲੀ ਦੇ ਨਿਪਟਾਰੇ ਨੂੰ ਲੈ ਕੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਪਰ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਪਰਾਲੀ ਦੇ ਨਿਪਟਾਰੇ ਲਈ ਕੈਮੀਕਲ ਬਣਾਉਣ ਦਾ ਝਾਂਸਾ ਦਿੱਤਾ ਗਿਆ ਸੀ। ਅੱਜ ਹਾਲਾਤ ਦੇਖੋ। ਸਰਕਾਰ ਦੱਸੇ ਕਿੱਥੇ ਹੈ ਕੈਮੀਕਲ। ਕਿਸਾਨ ਮਜ਼ਬੂਰੀ ‘ਚ ਪਰਾਲੀ ਨੂੰ ਅੱਗ ਲਗਾ ਰਹੇ ਤਾਂ ਪਰਚੇ ਦਰਜ ਕੀਤੇ ਜਾ ਰਹੇ ਹਨ।