ਫਤਹਿਗੜ੍ਹ ਸਾਹਿਬ 'ਚ ਬੇਅਦਬੀ ਦੀ ਕੋਸ਼ਿਸ਼, ਲੋਕਾਂ ਨੇ ਸਾਬਕਾ ਫੌਜੀ ਫੜਿਆ

ਗੁਰੂ ਘਰਾਂ ਬਾਹਰ ਹੰਗਾਮਾ ਕਰਕੇ ਤਾਲੇ ਤੋੜਨ ਦੀ ਕੀਤੀ ਕੋਸ਼ਿਸ਼। ਇੱਕ ਪਿੰਡ ਤੋਂ ਦੂਜੇ ਪਿੰਡ ਜਾ ਕੇ ਵੀ ਗੁਰਦੁਆਰਾ ਸਾਹਿਬ ਦਾਖਲ ਹੋਣ ਦੀ ਕੋਸ਼ਿਸ਼। 

Share:

 

ਫਤਿਹਗੜ੍ਹ ਸਾਹਿਬ ਦੇ ਦੋ ਪਿੰਡਾਂ ਵਿੱਚ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ। ਸਾਬਕਾ ਫੌਜੀ ਨੇ ਗੁਰਦੁਆਰਿਆਂ ਦੇ ਤਾਲੇ ਤੋੜਨ ਦੀ ਕੋਸ਼ਿਸ਼ ਕੀਤੀ। ਲੋਕਾਂ ਨੇ ਉਸਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਜਿਸਤੋਂ ਬਾਅਦ ਸਾਬਕਾ ਫੌਜੀ ਨੇ ਥਾਣੇ 'ਚ ਵੀ ਹੰਗਾਮਾ ਕੀਤਾ। ਪੁਲਿਸ ਨਾਲ ਹੱਥੋਪਾਈ ਦੀ ਕੋਸ਼ਿਸ਼ ਕੀਤੀ ਗਈ। ਮੁਲਜ਼ਮ ਦੀ ਪਛਾਣ ਖੰਨਾ ਦੇ ਪਿੰਡ ਹਰਬੰਸਪੁਰਾ ਦੇ ਰਹਿਣ ਵਾਲੇ ਗੁਰਮੁਖ ਸਿੰਘ ਵਜੋਂ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਮੁਖ ਸਿੰਘ ਆਪਣੀ ਫੀਗੋ ਕਾਰ ’ਚ ਕਰੀਬ 10 ਵਜੇ ਬੱਸੀ ਪਠਾਣਾਂ ਦੇ ਪਿੰਡ ਕਲੌਂਦੀ ਪੁੱਜਾ। ਉਥੇ ਉਸਨੇ ਗੁਰਦੁਆਰਾ ਸਾਹਿਬ ਦੇ ਬਾਹਰ ਲੋਕਾਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਤਾਲਾ ਖੋਲ੍ਹਣ ਦੀ ਜ਼ਿੱਦ ਕੀਤੀ। ਜਦੋਂ ਲੋਕ ਇਕੱਠੇ ਹੋ ਗਏ ਤਾਂ ਉਹ ਉਥੋਂ ਭੱਜ ਗਿਆ। ਇਸਤੋਂ ਬਾਅਦ ਗੁਰਮੁਖ ਸਿੰਘ ਪਿੰਡ ਹੁਸੈਨਪੁਰਾ ਪੁੱਜਾ। ਉਥੇ ਉਸਨੇ ਗੁਰਦੁਆਰਾ ਸਾਹਿਬ ਦੇ ਬਾਹਰ ਲੋਕਾਂ ਤੋਂ ਖਾਣ ਲਈ ਕੁਝ ਮੰਗਣਾ ਸ਼ੁਰੂ ਕਰ ਦਿੱਤਾ। ਇੱਥੇ ਵੀ ਉਹ ਗੁਰਦੁਆਰਾ ਸਾਹਿਬ ਦੇ ਤਾਲੇ ਖੋਲ੍ਹਣ ਦੀ ਮੰਗ ਕਰਨ ਲੱਗਾ। ਜਦੋਂ ਲੋਕਾਂ ਨੇ ਇਨਕਾਰ ਕੀਤਾ ਤਾਂ ਗੁਰਮੁਖ ਸਿੰਘ ਨੇ ਤਾਲਾ ਤੋੜਨ ਦੀ ਕੋਸ਼ਿਸ਼ ਕੀਤੀ। ਫਿਰ ਲੋਕਾਂ ਨੇ ਉਸਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ।


ਉੱਚ ਪੱਧਰੀ ਜਾਂਚ ਦੀ ਮੰਗ

ਸ਼੍ਰੋਮਣੀ ਕਮੇਟੀ ਮੈਂਬਰ ਅਵਤਾਰ ਸਿੰਘ ਰਿਆ ਨੇ ਕਿਹਾ ਕਿ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਗੁਰਮੁਖ ਸਿੰਘ ਨੇ ਜਿਸ ਤਰੀਕੇ ਨਾਲ ਬੇਅਦਬੀ ਦੀ ਕੋਸ਼ਿਸ਼ ਕੀਤੀ ਹੈ ਉਸ ਪਿੱਛੇ ਕੀ ਕਾਰਨ ਹਨ? ਇਹ ਪਤਾ ਲਗਾਉਣਾ ਜ਼ਰੂਰੀ ਹੈ। ਇਹ ਕਿਸੇ ਏਜੰਸੀ ਦਾ ਏਜੰਟ ਹੋ ਸਕਦਾ ਹੈ। ਕਿਉਂਕਿ ਇਸਤੋਂ ਪਹਿਲਾਂ ਉਹ ਫੌਜ ਵਿੱਚ ਵੀ ਰਹਿ ਚੁੱਕਾ ਹੈ। ਪੁਲਿਸ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

ਪੁਲਿਸ ਕਰ ਰਹੀ ਜਾਂਚ 

ਡੀਐਸਪੀ ਮੋਹਿਤ ਸਿੰਗਲਾ ਨੇ ਦੱਸਿਆ ਕਿ ਪੁਲਿਸ ਨੇ ਘਟਨਾ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ। ਗੁਰਮੁਖ ਸਿੰਘ ਥਾਣੇ ਆ ਕੇ ਵੀ ਹੰਗਾਮਾ ਕਰ ਰਿਹਾ ਸੀ। ਬਾਅਦ ਵਿੱਚ ਸ਼ਾਂਤ ਹੋ ਗਿਆ। ਪੁਲਿਸ ਪੁੱਛਗਿਛ ਕਰ ਰਹੀ ਹੈ ਕਿ ਉਹ ਕੀ ਕਰਨ ਆਇਆ ਸੀ ਅਤੇ ਉਸਦਾ ਕੀ ਇਰਾਦਾ ਸੀ। ਫਿਲਹਾਲ ਕੋਈ ਖੁਲਾਸਾ ਨਹੀਂ ਕੀਤਾ ਜਾ ਸਕਦਾ।

ਇਹ ਵੀ ਪੜ੍ਹੋ