ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਗਿਰੋਹ ਦਾ ਪਰਦਾਫਾਸ਼, 3 ਗ੍ਰਿਫ਼ਤਾਰ, 5 ਨਜ਼ਾਇਜ ਹਥਿਆਰ ਬਰਾਮਦ

ਪੰਜਾਬ ਪੁਲਿਸ ਵੱਲੋਂ ਗੈਰ-ਕਾਨੂੰਨੀ ਕੰਮਾਂ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ ਦੀ ਕਾਊਂਟਰ-ਇੰਟੈਲੀਜੈਂਸ ਯੂਨਿਟ ਨੇ ਅੰਤਰਰਾਸ਼ਟਰੀ ਸਰਹੱਦ ਪਾਰ ਤੋਂ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਇੱਕ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਗਿਰੋਹ ਨਾਲ ਜੁੜੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿੰਨਾਂ ਕੋਲੋਂ ਗੈਰ-ਕਾਨੂੰਨੀ ਹਥਿਆਰਾਂ ਦਾ ਜ਼ਖੀਰਾ ਬਰਾਮਦ ਕੀਤਾ ਗਿਆ ਹੈ।

Share:

ਅੰਮ੍ਰਿਤਸਰ ਵਿੱਚ ਇੱਕ ਵੱਡੀ ਕਾਰਵਾਈ ਵਿੱਚ ਪੰਜਾਬ ਪੁਲਿਸ ਦੀ ਕਾਊਂਟਰ-ਇੰਟੈਲੀਜੈਂਸ ਯੂਨਿਟ ਨੇ ਅੰਤਰਰਾਸ਼ਟਰੀ ਸਰਹੱਦ ਪਾਰ ਤੋਂ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਅਧਿਕਾਰੀਆਂ ਅਨੁਸਾਰ ਗਿਰੋਹ ਨਾਲ ਜੁੜੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਤੋਂ ਗੈਰ-ਕਾਨੂੰਨੀ ਹਥਿਆਰਾਂ ਦਾ ਜ਼ਖੀਰਾ ਬਰਾਮਦ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਜੋਧਬੀਰ ਸਿੰਘ ਵਜੋਂ ਹੋਈ ਹੈ, ਜੋ ਤਰਨਤਾਰਨ ਜ਼ਿਲ੍ਹੇ ਦੇ ਨੌਸ਼ਹਿਰਾ ਦਾ ਰਹਿਣ ਵਾਲਾ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਜਾਣਕਾਰੀ ਦਿੱਤੀ ਕਿ ਜੋਧਬੀਰ ਨੂੰ ਖਾਸ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸਦੇ ਕਬਜ਼ੇ ਵਿੱਚੋਂ ਪੰਜ ਗੈਰ-ਕਾਨੂੰਨੀ ਪਿਸਤੌਲ ਬਰਾਮਦ ਕੀਤੇ ਗਏ, ਜਿਨ੍ਹਾਂ ਵਿੱਚ ਦੋ PX5 ਪਿਸਤੌਲ, ਇੱਕ .30 ਬੋਰ ਦਾ 'ਸਟਾਰ ਮਾਰਕ' ਪਿਸਤੌਲ ਅਤੇ ਦੋ 9mm ਗਲੌਕ ਪਿਸਤੌਲ ਸ਼ਾਮਲ ਹਨ।

ਪਾਕਿਸਤਾਨੀ ਡਰੱਗ ਤਸਕਰ ਦੇ ਸੰਪਰਕ ਵਿੱਚ ਸੀ ਮੁਲਜ਼ਮ

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਜੋਧਬੀਰ ਸਿੰਘ ਪਾਕਿਸਤਾਨ ਸਥਿਤ ਇੱਕ ਡਰੱਗ ਤਸਕਰ ਦੇ ਸੰਪਰਕ ਵਿੱਚ ਸੀ, ਜੋ ਭਾਰਤ ਨੂੰ ਹਥਿਆਰ ਸਪਲਾਈ ਕਰਨ ਵਿੱਚ ਮਦਦ ਕਰਦਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਅੰਮ੍ਰਿਤਸਰ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਵਿਖੇ ਐਫਆਈਆਰ ਦਰਜ ਕਰ ਲਈ ਹੈ ਅਤੇ ਹੋਰ ਸਾਥੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਇੱਕ ਦਿਨ ਪਹਿਲੇ ਹੀ ਦੋ ਮੁਲਜ਼ਮਾਂ ਨੂੰ ਕੀਤਾ ਸੀ ਕਾਬੂ

ਇੱਕ ਦਿਨ ਪਹਿਲਾਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਰਾਮਦਾਸ ਕਸਬੇ ਨੇੜੇ ਇੱਕ ਮੁਕਾਬਲੇ ਤੋਂ ਬਾਅਦ ਜੀਵਨ ਫੌਜੀ ਅੱਤਵਾਦੀ ਮਾਡਿਊਲ ਨਾਲ ਜੁੜੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਸੀ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਵਿਸ਼ਾਲ ਮਸੀਹ ਅਤੇ ਲਵਪ੍ਰੀਤ ਸਿੰਘ ਉਰਫ਼ ਲਵ (ਦੋਵੇਂ ਵਾਸੀ ਜਾਫਰਕੋਟ) ਵਜੋਂ ਹੋਈ ਹੈ। ਪੁਲਿਸ 'ਤੇ ਗੋਲੀਬਾਰੀ ਕਰਨ ਦੇ ਬਾਵਜੂਦ, ਦੋਵਾਂ ਨੂੰ ਨਿਯੰਤਰਿਤ ਕਾਰਵਾਈ ਰਾਹੀਂ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਕੋਲੋਂ ਹਥਿਆਰ ਅਤੇ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ ਹੈ।

ਭਾਰਤ ਨੂੰ ਹਥਿਆਰਾਂ ਦੀ ਕਰਦਾ ਸੀ ਅਭਸ਼ੇਕ ਕੁਮਾਰ ਤਸਕਰੀ

27 ਅਪ੍ਰੈਲ ਨੂੰ ਇੱਕ ਹੋਰ ਕਾਰਵਾਈ ਵਿੱਚ, ਪੁਲਿਸ ਨੇ ਅੰਮ੍ਰਿਤਸਰ ਤੋਂ ਅਭਿਸ਼ੇਕ ਕੁਮਾਰ ਨਾਮ ਦੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ। ਉਸ ਕੋਲੋਂ ਸੱਤ ਪਿਸਤੌਲ, ਚਾਰ .30 ਬੋਰ ਕਾਰਤੂਸ ਅਤੇ 1,50,000 ਰੁਪਏ ਨਕਦ ਬਰਾਮਦ ਕੀਤੇ ਗਏ ਹਨ। ਜਾਂਚ ਤੋਂ ਪਤਾ ਲੱਗਾ ਹੈ ਕਿ ਅਭਿਸ਼ੇਕ ਆਸਟ੍ਰੇਲੀਆ ਸਥਿਤ ਜੱਸਾ ਨਾਮ ਦੇ ਵਿਅਕਤੀ ਦੇ ਸੰਪਰਕ ਵਿੱਚ ਸੀ, ਜੋ ਪਾਕਿਸਤਾਨ ਸਥਿਤ ਤਸਕਰਾਂ ਨਾਲ ਮਿਲ ਕੇ ਭਾਰਤ ਨੂੰ ਹਥਿਆਰ ਭੇਜਦਾ ਹੈ।

ਅੱਤਵਾਦ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਕਾਰਵਾਈ ਰਹੇਗੀ ਜਾਰੀ

ਪੁਲਿਸ ਦੀ ਮੁੱਢਲੀ ਜਾਂਚ ਤੋਂ ਸੰਕੇਤ ਮਿਲਿਆ ਹੈ ਕਿ ਜੋਧਬੀਰ ਸਿੰਘ ਅਤੇ ਅਭਿਸ਼ੇਕ ਕੁਮਾਰ ਵੀ ਹਵਾਲਾ ਲੈਣ-ਦੇਣ ਵਿੱਚ ਸ਼ਾਮਲ ਹਨ, ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਉਹ ਇੱਕ ਵੱਡੇ ਅਪਰਾਧ ਨੈੱਟਵਰਕ ਦਾ ਹਿੱਸਾ ਹਨ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਸੂਬੇ ਵਿੱਚ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਲਈ ਵਚਨਬੱਧ ਹੈ। ਅੱਤਵਾਦ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਸਾਡੀ ਕਾਰਵਾਈ ਜਾਰੀ ਰਹੇਗੀ।

ਇਹ ਵੀ ਪੜ੍ਹੋ