ਗੁਰਦਾਸਪੁਰ ਰੈਲੀ ਮਗਰੋਂ ਕੇਜਰੀਵਾਲ ਬਾਰੇ ਵੱਡੀ ਗੱਲ ਆਖ ਗਏ ਪ੍ਰਤਾਪ ਬਾਜਵਾ 

ਗੰਨੇ ਦੀ ਕੀਮਤ ਨੂੰ ਲੈ ਕੇ ਪੰਜਾਬ ਸਰਕਾਰ ਉਪਰ ਸਿਆਸੀ ਹਮਲਾ ਕੀਤਾ। ਨਾਲ ਹੀ ਮੰਗ ਕੀਤੀ ਕਿ ਗੰਨੇ ਦਾ ਭਾਅ ਘੱਟੋ ਘੱਟ 400 ਰੁਪਏ ਤੋਂ ਵੱਧ ਹੋਣਾ ਚਾਹੀਦਾ ਹੈ। 

Share:

ਇੱਕ ਪਾਸੇ ਆਮ ਆਦਮੀ ਪਾਰਟੀ ਨੇ ਗੁਰਦਾਸਪੁਰ ਵਿਖੇ ਰੈਲੀ ਕਰਕੇ ਸ਼ਕਤੀ ਪ੍ਰਦਰਸ਼ਨ ਕੀਤਾ। ਇਸਦੇ ਨਾਲ ਹੀ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ। ਪੰਜਾਬ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਪ੍ਰੈੱਸ ਕਾਨਫਰੰਸ ਕਰਕੇ ਸਰਕਾਰ ਤੇ ਆਪ ਦੋਵਾਂ ਨੂੰ ਰਗੜੇ ਲਾਏ।  ਬਾਜਵਾ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ 'ਤੇ ਸਿਆਸੀ ਹਮਲੇ ਕੀਤੇ। ਬਾਜਵਾ ਨੇ ਕਿਹਾ ਕਿ ਪ੍ਰੋਟੋਕਾਲ ਮੁਤਾਬਕ ਦਿੱਲੀ ਦੇ ਮੁੱਖ ਮੰਤਰੀ ਦਾ ਕੱਦ ਪੰਜਾਬ ਦੇ ਕੈਬਨਿਟ ਮੰਤਰੀ ਤੋਂ ਵੀ ਘੱਟ ਹੈ। ਕਿਉਂਕਿ ਦਿੱਲੀ ਪੂਰਨ ਸੂਬਾ ਨਹੀਂ ਹੈ। ਅਜਿਹੇ 'ਚ ਕੇਜਰੀਵਾਲ ਨੂੰ ਵਾਰ-ਵਾਰ ਇੱਥੇ ਬੁਲਾ ਕੇ ਪੂਰਨ ਸੂਬੇ ਦੇ ਮੁੱਖ ਮੰਤਰੀ ਵੱਲੋਂ  ਉਦਘਾਟਨ ਕਰਾਉਣਾ ਅਤੇ ਕੈਬਨਿਟ ਮੰਤਰੀਆਂ ਨੂੰ  ਪਿੱਛੇ ਬਿਠਾਉਣਾ ਪ੍ਰੋਟੋਕਾਲ ਦੀ ਉਲੰਘਣਾ ਹੈ। 
 
1824 ਸਰਕਾਰੀ ਬੱਸਾਂ ਦੀ ਦੁਰਵਰਤੋਂ 
 
ਗੁਰਦਾਸਪੁਰ ਰੈਲੀ ਬਾਰੇ ਬੋਲਦੇ ਪ੍ਰਤਾਪ ਬਾਜਵਾ ਨੇ ਕਿਹਾ ਕਿ 1824 ਸਰਕਾਰੀ ਬੱਸਾਂ ਦੀ ਦੁਰਵਰਤੋਂ ਹੋਈ ਹੈ। ਇਨ੍ਹਾਂ ਬੱਸਾਂ ਵਿੱਚ 7 ​​ਜ਼ਿਲ੍ਹਿਆਂ ਤੋਂ ਲੋਕਾਂ ਨੂੰ ਜ਼ਬਰਦਸਤੀ ਲਿਆਂਦਾ ਗਿਆ। ਰੈਲੀ 'ਤੇ 3.5 ਕਰੋੜ ਰੁਪਏ ਖਰਚ ਕੀਤੇ ਗਏ। ਸੀ.ਐਮ ਭਗਵੰਤ ਮਾਨ ਦੱਸਣ ਕਿ ਇਹ ਖਰਚਾ ਕਿਸ ਖਾਤੇ ਤੋਂ ਕੀਤਾ ਗਿਆ। ਉਨ੍ਹਾਂ ਗੁਰਦਾਸਪੁਰ ਦੇ ਬੱਸ ਸਟੈਂਡ ਨੂੰ ਕਾਂਗਰਸ ਦਾ ਪ੍ਰਾਜੈਕਟ ਦੱਸਦਿਆਂ ਕਿਹਾ ਕਿ ਸਮਾਗਮ ਵਿੱਚ ਕਾਂਗਰਸੀ ਵਿਧਾਇਕ ਨੂੰ ਨਾ ਸੱਦਣਾ ਸੰਵਿਧਾਨਕ ਅਹੁਦੇ ਦਾ ਅਪਮਾਨ ਹੈ। 
 
ਕਿਸਾਨਾਂ ਦਾ ਕੀਤਾ ਸਮਰਥਨ 

ਬਾਜਵਾ ਨੇ ਹਾਲ ਹੀ ਵਿੱਚ ਪੰਜਾਬ ਸਰਕਾਰ ਵੱਲੋਂ ਗੰਨੇ ਦੇ ਰੇਟ ਵਿੱਚ 11 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕਰਨ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ  ਕਿਸੇ ਵਿਆਹ ਵਿੱਚ 11 ਰੁਪਏ ਦਾ ਸ਼ਗਨ ਦੇ ਕੇ ਦਿਖਾਉਣ। ਇਹ ਕਿਸਾਨਾਂ ਨਾਲ ਇੱਕ ਤਰ੍ਹਾਂ ਦਾ ਮਜ਼ਾਕ ਹੈ। ਸਰਕਾਰ ਗੰਨੇ ਦਾ ਰੇਟ 400 ਰੁਪਏ ਤੋਂ ਵੱਧ ਦੇਵੇ। ਇਸ ਨਾਲ ਕਿਸਾਨਾਂ ਨੂੰ ਰਾਹਤ ਮਿਲੇਗੀ।

AAP MLA ਦਾ ਜਵਾਬ - ਬੱਚਿਆਂ ਦੀ ਫੀਸ ਨਾਲ ਕਾਂਗਰਸ ਦੀ ਰੈਲੀ 

ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਤੇ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਧ ਨੇ ਕਿਹਾ ਕਿ ਗੁਰਦਾਸਪੁਰ ਰੈਲੀ 'ਤੇ ਸਵਾਲ ਉਠਾਉਣ ਵਾਲੇ ਬਾਜਵਾ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਸ ਸਕੂਲ ਦੇ ਸਮਾਗਮ ਨੂੰ ਕਾਂਗਰਸ ਨੇ ਆਪਣੀ ਰੈਲੀ ਬਣਾਇਆ, ਉਹ ਬੱਚਿਆਂ ਦੀਆਂ ਫੀਸਾਂ ਦੇ ਪੈਸਿਆਂ ਨਾਲ ਕੀਤਾ ਗਿਆ। ਵਿੱਦਿਆ ਦੇ ਮੰਦਰ ਵਿੱਚ ਰਾਜਨੀਤੀ ਦੀ ਖੇਡ ਕਾਂਗਰਸ ਨੂੰ ਸ਼ੋਭਾ ਨਹੀਂ ਦਿੰਦੀ। ਸੌਂਧ ਨੇ ਕਿਹਾ ਕਿ ਕਾਂਗਰਸ ਬੌਖਲਾਹਟ ਵਿੱਚ ਹੈ। ਉਹਨਾਂ ਕੋਲ ਕੋਈ ਮੁੱਦਾ ਨਹੀਂ ਹੈ। 

ਇਹ ਵੀ ਪੜ੍ਹੋ