ਸਿੱਧੂ ਤੇ ਜਾਖੜ ਦੇ ਬਿਆਨ ਮਗਰੋਂ ਆਈ ਖਹਿਰਾ ਦੀ ਯਾਦ, ਜੇਲ੍ਹ 'ਚ ਮਿਲਣ ਪੁੱਜੀ Congress ਲੀਡਰਸ਼ਿਪ 

ਨਵੇਂ ਇੰਚਾਰਜ ਦੇਵੇਂਦਰ ਯਾਦਵ ਦੀ ਅਗਵਾਈ ਹੇਠ ਸੀਨੀਅਰ ਆਗੂ ਨਾਭਾ ਜੇਲ੍ਹ ਪੁੱਜੇ। ਖਹਿਰਾ ਨਾਲ ਮੁਲਾਕਾਤ ਮਗਰੋਂ ਯਾਦਵ ਨੇ ਕਿਹਾ ਕਿ ਸਰਕਾਰ ਬਹੁਤ ਧੱਕਾ ਕਰ ਰਹੀ ਹੈ। 

Share:

ਹਾਈਲਾਈਟਸ

  • ਨਸ਼ਾ ਤਸਕਰੀ ਦੇ ਸਾਲ 2015 ਵਿੱਚ ਦਰਜ ਕੇਸ ਵਿੱਚ ਸੁਖਪਾਲ ਖਹਿਰਾ ਨੂੰ ਗ੍ਰਿਫਤਾਰ ਕੀਤਾ ਸੀ
  • ਜੇਲ੍ਹ ਵਿੱਚ ਬੰਦ ਆਪਣੇ ਆਗੂ ਨੂੰ ਇਨਸਾਫ਼ ਨਹੀਂ ਦਿਵਾਇਆ ਜਾ ਰਿਹਾ

ਪੰਜਾਬ ਨਿਊਜ਼। ਇਹਨੀਂ ਦਿਨੀਂ ਆਪਣੀ ਬੇਬਾਕੀ ਨੂੰ ਲੈ ਕੇ ਸੁਰਖੀਆਂ ਬਟੋਰ ਰਹੇ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਨਾਭਾ ਜੇਲ੍ਹ ਵਿੱਚ ਬੰਦ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਖਿਲਾਫ ਦਰਜ ਮੁਕੱਦਮੇ ਨੂੰ ਲੈ ਕੇ ਦਿੱਤੇ ਬਿਆਨ ਦਾ ਅਸਰ ਦਿਖਾਈ ਦਿੱਤਾ।  ਸ਼ੁੱਕਰਵਾਰ ਨੂੰ ਕਾਂਗਰਸ ਦੇ ਪੰਜਾਬ ਇੰਚਾਰਜ ਦੇਵੇਂਦਰ ਯਾਦਵ ਦੀ ਅਗਵਾਈ 'ਚ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਸਮੇਤ ਕਈ ਆਗੂਆਂ ਨੇ ਖਹਿਰਾ ਨਾਲ ਮੁਲਾਕਾਤ ਕੀਤੀ | ਦੱਸ ਦਈਏ ਕਿ ਸਿੱਧੂ ਤੋਂ ਇਲਾਵਾ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਵੀ ਖਹਿਰਾ ਮਾਮਲੇ 'ਚ ਕਾਂਗਰਸ ਉਪਰ ਨਿਸ਼ਾਨਾ ਸਾਧਿਆ ਸੀ। 

ਸਰਕਾਰ ਕਰ ਰਹੀ ਧੱਕਾ 

ਮੀਟਿੰਗ ਤੋਂ ਬਾਅਦ ਪਾਰਟੀ ਇੰਚਾਰਜ ਦੇਵੇਂਦਰ ਯਾਦਵ ਨੇ ਕਿਹਾ ਕਿ ਸਾਡੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਖਿਲਾਫ ਦਰਜ ਕੀਤਾ ਗਿਆ ਮਾਮਲਾ ਸਿਆਸਤ ਤੋਂ ਪ੍ਰੇਰਿਤ ਹੈ। ਕਿਉਂਕਿ ਜਦੋਂ ਖਹਿਰਾ ਨੂੰ ਇੱਕ ਕੇਸ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲੀ ਤਾਂ ਸਰਕਾਰ ਨੇ ਉਸਦੇ ਖ਼ਿਲਾਫ਼ ਇੱਕ ਹੋਰ ਕੇਸ ਦਰਜ ਕਰਕੇ ਗ੍ਰਿਫ਼ਤਾਰੀ ਪਾ ਦਿੱਤੀ।  ਜਿਸ ਤਰ੍ਹਾਂ ਦਾ ਧੱਕਾ ਸਰਕਾਰ ਕਰ ਰਹੀ ਹੈ,  ਬਹੁਤ ਗਲਤ ਹੈ। ਉਨ੍ਹਾਂ ਕਿਹਾ ਕਿ ਖਹਿਰਾ ਜੇਲ੍ਹ ਵਿੱਚ ਸੁਰੱਖਿਅਤ ਹਨ। ਪਾਰਟੀ ਉਨ੍ਹਾਂ ਦੇ ਨਾਲ ਖੜ੍ਹੀ ਹੈ। 

ਸਿੱਧੂ ਨੇ ਦਿੱਤਾ ਸੀ  ਇਹ ਬਿਆਨ 

ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਚੰਡੀਗੜ੍ਹ ਵਿਖੇ ਕਿਹਾ ਸੀ ਕਿ ਜਿਸ ਤਰ੍ਹਾਂ ਸੁਖਪਾਲ ਸਿੰਘ ਖਹਿਰਾ ਨੂੰ ਜੇਲ੍ਹ ਵਿੱਚ ਡੱਕਿਆ ਗਿਆ ਹੈ, ਕੀ ਉਸ ਨਾਲ ਇਨਸਾਫ਼ ਹੋਇਆ ਹੈ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਕਾਂਗਰਸ ਦੇ ਪੰਜਾਬ ਇੰਚਾਰਜ ਦੇਵੇਂਦਰ ਯਾਦਵ ਦੀ ਅਗਵਾਈ 'ਚ ਕਾਂਗਰਸੀ ਆਗੂ ਨਾਭਾ ਜੇਲ੍ਹ ਪਹੁੰਚੇ। 

ਨਸ਼ਾ ਤਸਕਰੀ 'ਚ ਗ੍ਰਿਫਤਾਰੀ 

ਦੱਸ ਦਈਏ ਕਿ ਸਤੰਬਰ 2023 ਵਿੱਚ ਜਲਾਲਾਬਾਦ ਪੁਲਿਸ ਨੇ ਨਸ਼ਾ ਤਸਕਰੀ ਦੇ ਸਾਲ 2015 ਵਿੱਚ ਦਰਜ ਕੇਸ ਵਿੱਚ ਸੁਖਪਾਲ ਖਹਿਰਾ ਨੂੰ ਗ੍ਰਿਫਤਾਰ ਕੀਤਾ ਸੀ। 4 ਜਨਵਰੀ 2024 ਜਦੋਂ ਖਹਿਰਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਸ ਕੇਸ ਵਿੱਚ ਜਮਾਨਤ ਦਿੱਤੀ ਤਾਂ ਪੰਜਾਬ ਪੁਲਿਸ ਨੇ ਖਹਿਰਾ ਖ਼ਿਲਾਫ਼ ਨਵਾਂ ਕੇਸ ਦਰਜ ਕਰਕੇ  ਦੁਬਾਰਾ ਗ੍ਰਿਫਤਾਰ ਕਰ ਲਿਆ ਗਿਆ। ਇਸ ਵਾਰ ਖਹਿਰਾ ਖਿਲਾਫ ਥਾਣਾ ਸੁਭਾਨਪੁਰ ਕਪੂਰਥਲਾ 'ਚ ਪਿੰਡ ਡੋਗਰਾਂਵਾਲ ਦੀ ਰਹਿਣ ਵਾਲੀ ਔਰਤ ਰਣਜੀਤ ਕੌਰ ਦੀ ਸ਼ਿਕਾਇਤ 'ਤੇ ਧਾਰਾ 195-ਏ (ਝੂਠੀ ਗਵਾਹੀ ਲਈ ਧਮਕਾਉਣਾ) ਅਤੇ ਧਾਰਾ 506 (ਅਪਰਾਧਿਕ ਧਮਕੀ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਵਿਧਾਇਕ ਸੁਖਪਾਲ ਖਹਿਰਾ ਉਸਨੂੰ ਝੂਠੀ ਗਵਾਹੀ ਦੇਣ ਲਈ ਧਮਕੀਆਂ ਦੇ ਰਹੇ ਹਨ।

ਜਾਖੜ ਨੇ ਘੇਰੀ ਸੀ ਕਾਂਗਰਸ 

ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੁੱਝ ਦਿਨ ਪਹਿਲਾਂ ਸੁਖਪਾਲ ਸਿੰਘ ਖਹਿਰਾ ਦੇ ਮਾਮਲੇ 'ਚ ਕਾਂਗਰਸ ਨੂੰ ਘੇਰਿਆ ਸੀ।  ਉਨ੍ਹਾਂ ਕਿਹਾ ਸੀ ਕਿ ਕਾਂਗਰਸ ਨਿਆਂ ਯਾਤਰਾ ਕੱਢਣ ਜਾ ਰਹੀ ਹੈ, ਪਰ ਝੂਠੇ ਕੇਸ ਵਿੱਚ ਜੇਲ੍ਹ ਵਿੱਚ ਬੰਦ ਆਪਣੇ ਆਗੂ ਨੂੰ ਇਨਸਾਫ਼ ਨਹੀਂ ਦਿਵਾਇਆ ਜਾ ਰਿਹਾ। ਉਹ ਦੇਸ਼ ਨੂੰ ਕੀ ਇਨਸਾਫ਼ ਦੇਣਗੇ? 

ਇਹ ਵੀ ਪੜ੍ਹੋ