ਕਿਸਾਨ ਮੋਰਚੇ 'ਤੇ ਐਕਸ਼ਨ ਮਗਰੋਂ ਰਵਨੀਤ ਬਿੱਟੂ ਨੇ ਘੇਰੀ ਆਪ ਸਰਕਾਰ, ਕਿਹਾ - ਜ਼ਿਮਨੀ ਚੋਣਾਂ ਕਰਕੇ ਗੈਰ-ਲੋਕਤੰਤਰਿਕ ਕਾਰਵਾਈ ਕੀਤੀ

ਉਨ੍ਹਾਂ ਨੇ ਪੰਜਾਬ ਸਰਕਾਰ ’ਤੇ ਕਿਸਾਨਾਂ ਨਾਲ ਬੇਗਾਨਿਆਂ ਵਰਗਾ ਸਲੂਕ ਕਰਨ ਦਾ ਦੋਸ਼ ਲਾਉਂਦਿਆਂ ਕਿਹਾ, ‘‘ਉਦੋਂ ਤੁਸੀਂ ਦਿੱਲੀ ਦੀ ਗੱਲ ਕਰਦੇ ਸੀ ਕਿ ਉਹ ਕਿਸਾਨਾਂ ਨਾਲ ਮਤਰਈ ਮਾਂ ਵਾਲਾ ਸਲੂਕ ਕਰ ਰਹੀ ਹੈ।

Courtesy: file photo

Share:

ਪੰਜਾਬ ਪੁਲਿਸ ਵਲੋਂ ਕਿਸਾਨ ਆਗੂਆਂ ਨੂੰ ਅਚਾਨਕ ਹਿਰਾਸਤ ’ਚ ਲਏ ਜਾਣ ’ਤੇ ਹੈਰਾਨੀ ਪ੍ਰਗਟਾਉਂਦਿਆਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਇਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਹ ਘੱਟ ਹੈ। ਉਨ੍ਹਾਂ ਕਿਹਾ, ‘‘ਮੈਂ ਹੁਣੇ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਅਤੇ ਪਿਯੂਸ਼ ਗੋਇਲ ਨਾਲ ਗੱਲ ਕਰ ਰਿਹਾ ਸੀ। ਉਨ੍ਹਾਂ ਕਿਹਾ ਸੀ ਕਿ ਕਿਸਾਨਾਂ ਨਾਲ ਸੱਤਵੇਂ ਗੇੜ ਦੀ ਬੈਠਕ ਲਗਾਤਾਰ ਚਾਰ ਘੰਟੇ ਤਕ ਚੱਲੀ ਅਤੇ ਉਨ੍ਹਾਂ ਨੇ ਸਾਰੀ ਰਿਪੋਰਟ ਪ੍ਰਧਾਨ ਮੰਤਰੀ ਨੂੰ ਦਿੱਤੀ। ਪਰ ਜਦੋਂ ਉਹ ਦਿੱਲੀ ਪਹੁੰਚੇ ਅਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਆਹ ਗੱਲ ਹੋ ਗਈ ਹੈ, ਤਾਂ ਉਹ ਹੈਰਾਨ ਹੋ ਗਏ। ਮੈਂ ਸਮਝਦਾ ਹਾਂ ਕਿ ਕਿਸਾਨ ਆਗੂਆਂ ਨੂੰ ਹਿਰਾਸਤ ’ਚ ਲੈਣ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਘੱਟ ਹੈ।’’

ਜ਼ਿਮਨੀ ਚੋਣ ਕਰਕੇ ਸਰਕਾਰ ਨੇ ਕੀਤਾ ਜ਼ੁਲਮ 

ਉਨ੍ਹਾਂ ਨੇ ਪੰਜਾਬ ਸਰਕਾਰ ’ਤੇ ਕਿਸਾਨਾਂ ਨਾਲ ਬੇਗਾਨਿਆਂ ਵਰਗਾ ਸਲੂਕ ਕਰਨ ਦਾ ਦੋਸ਼ ਲਾਉਂਦਿਆਂ ਕਿਹਾ, ‘‘ਉਦੋਂ ਤੁਸੀਂ ਦਿੱਲੀ ਦੀ ਗੱਲ ਕਰਦੇ ਸੀ ਕਿ ਉਹ ਕਿਸਾਨਾਂ ਨਾਲ ਮਤਰਈ ਮਾਂ ਵਾਲਾ ਸਲੂਕ ਕਰ ਰਹੀ ਹੈ। ਤੁਸੀਂ ਤਾਂ ਪੰਜਾਬ ਦੀ ਸਰਕਾਰ ਹੋ, ਤੁਸੀਂ ਤਾਂ ਕੋਈ ਬੇਗਾਨੇ ਨਹੀਂ। ਇਨ੍ਹਾਂ ਕਿਸਾਨਾਂ ਨੇ ਤਾਂ ਤੁਹਾਨੂੰ ਵੋਟ ਦੇ ਕੇ ਤੁਹਾਡੀ ਸਰਕਾਰ ਬਣਾਈ, ਅੱਜ ਭਗਵੰਤ ਮਾਨ ਨੂੰ ਸ਼ਰਮ ਕਰਨੀ ਚਾਹੀਦੀ ਹੈ।’’ਉਨ੍ਹਾਂ ਨੇ ਕਿਸਾਨਾਂ ’ਤੇ ਅੱਜ ਦੀ ਕਾਰਵਾਈ ਨੂੰ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਨਾਲ ਵੀ ਜੋੜਿਆ ਅਤੇ ਕਿਹਾ, ‘‘ਜ਼ਿਮਨੀ ਚੋਣ ਕਾਰਨ ਕਿਸਾਨਾਂ ਨੂੰ ਫੜਿਆ ਗਿਆ ਹੈ ਤਾਕਿ ਸ਼ਹਿਰੀ ਲੋਕਾਂ ਨੂੰ ਖ਼ੁਸ਼ ਕੀਤਾ ਜਾ ਸਕੇ। ਇਸ ਤਰੀਕੇ ਨਾਲ ਵੰਡਦੇ ਹੋ ਤੁਸੀਂ ਸ਼ਹਿਰੀਆਂ ਅਤੇ ਪੇਂਡੂਆਂ ਨੂੰ।

ਵੋਟ ਬੈਂਕ ਦੀ ਰਾਜਨੀਤੀ ਖੇਡ ਰਹੀ ਸਰਕਾਰ 

ਤੁਸੀਂ ਏਨਾ ਸਮਾਂ ਕਿਸਾਨਾਂ ’ਤੇ ਕਾਰਵਾਈ ਨਹੀਂ ਕੀਤੀ, ਹੁਣ ਤੁਸੀਂ ਸਿਰਫ ਸ਼ਹਿਰ ਦੀ ਵੋਟ ਲੈਣ ਲਈ ਪੰਜਾਬ ’ਚ ਇਹ ਕਾਰਵਾਈ ਕਰ ਰਹੇ ਹੋ। ਪਰ ਪੰਜਾਬ ’ਚ ਸਿੱਖ, ਹਿੰਦੂ ਐਸ.ਸੀ. ਸਭ ਇਕੱਠੇ ਨੇ। ਤੁਸੀਂ ਇਸ ਵੇਲੇ ਸਿਰਫ ਇਸ ਲਈ ਕਾਰਵਾਈ ਕੀਤੀ ਕਿਉਂਕਿ ਕੇਜਰੀਵਾਲ ਨੇ ਰਾਜ ਸਭਾ ਦਾ ਮੈਂਬਰ ਬਣਨਾ ਹੈ ਅਤੇ ਉਸ ਨੂੰ ਇਹ ਡਰ ਹੈ ਕਿ ਜੇਕਰ ਸੰਜੀਵ ਅਰੋੜਾ ਹਾਰ ਗਿਆ ਉਸ ਦੀ ਸੀਟ ਰਹਿ ਜਾਵੇਗੀ। ਇਹ ਤੁਸੀ ਲੁਧਿਆਣੇ ਪਛਮੀ ਸੀਟ ਜਿੱਤਣ ਲਈ ਹੱਥਕੰਡਾ ਵਰਤਿਆ ਹੈ।’’ ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਇਹ ਕਾਰਵਾਈ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਕਾਰ ਗੱਲਬਾਤ ਸਿਰੇ ਚੜ੍ਹਦੀ ਵੇਖ ਕੇ ਕੀਤੀ ਗਈ ਹੈ। ਉਨ੍ਹਾਂ ਕਿਹਾ, ‘‘ਕਿਸਾਨਾਂ ਦੀਆਂ ਮੰਗਾਂ ਪੂਰੀਆਂ ਹੁੰਦੀਆਂ ਦਿਸਦੀਆਂ ਸਨ। ਇਸ ਘਬਰਾਹਟ ’ਚ ਕਿ ਕਿਤੇ ਕੇਂਦਰ ਸਰਕਾਰ ਅਤੇ ਕਿਸਾਨ ਆਪਸ ’ਚ ਜੱਫੀਆਂ ਨਾ ਪਾ ਲੈਣ, ਸਾਡੇ ਪੰਜਾਬ ਨੂੰ ਕਿਤੇ ਫਾਇਦਾ ਨਾ ਹੋ ਜਾਵੇ, ਤੁਸੀਂ ਇਹ ਦੋ ਗੱਲਾਂ ਦੇਖ ਕੇ ਅੱਜ ਕਿਸਾਨਾਂ ਦੀ ਬਲੀ ਲੈ ਰਹੇ ਹੋ।’’

ਇਹ ਵੀ ਪੜ੍ਹੋ