ਬਰੀ ਹੋਇਆ ਗੈਂਗਸਟਰ ਜੱਗੂ ਭਗਵਾਨਪੁਰੀਆ 

5 ਹੋਰ ਸਾਥੀਆਂ ਨੂੰ ਅਦਾਲਤ ਨੇ ਬੇਗੁਨਾਹ ਕਰਾਰ ਦਿੱਤਾ। ਅੰਮ੍ਰਿਤਸਰ ਦੀ ਇੱਕ ਅਦਾਲਤ ਨੇ ਸੁਣਾਇਆ ਫੈਸਲਾ 

Share:

ਜੇਲ੍ਹ ਵਿਚ ਬੰਦ ਖਤਰਨਾਕ ਗੈਂਗਸਟਰ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਨੂੰ ਅੰਮ੍ਰਿਤਸਰ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਗੁਰਮੋਹਨ ਸਿੰਘ ਦੀ ਅਦਾਲਤ ਨੇ ਬਰੀ ਕਰ ਦਿੱਤਾ । ਇੰਨਾ ਹੀ ਨਹੀਂ ਸਾਢੇ ਨੌ ਕਿਲੋ ਹੈਰੋਇਨ ਦੇ ਮਾਮਲੇ ’ਚ ਗੈਂਗਸਟਰਾਂ ਦੇ ਪੰਜ ਸਾਥੀ ਵੀ ਬਰੀ ਹੋ ਚੁੱਕੇ ਹਨ ਪਰ ਮੁਲਜ਼ਮ ਦੇ ਇਕ ਸਾਥੀ ਗੁਰਮਿੰਦਰ ਸਿੰਘ ਉਰਫ਼ ਲਾਲੀ ਨੂੰ ਵੀ ਇਸ ਕੇਸ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਅਦਾਲਤੀ ਸੁਣਵਾਈ ਨੇ ਜਾਂਚ ਏਜੰਸੀ ਨੂੰ ਡੂੰਘਾ ਝਟਕਾ ਦਿੱਤਾ। ਫਿਲਹਾਲ ਅਦਾਲਤ 8 ਦਸੰਬਰ ਨੂੰ ਸਜ਼ਾ ਸੁਣਾਏਗੀ। ਕੇਸ ਦੀ ਪੈਰਵੀ ਕਰ ਰਹੇ ਵਕੀਲ ਅਮਨਦੀਪ ਸਿੰਘ ਨੇ ਕਿਹਾ ਕਿ ਮੁਕੱਦਮੇ ਦੌਰਾਨ ਜਾਂਚ ਏਜੰਸੀ ਗੈਂਗਸਟਰਾਂ ਖ਼ਿਲਾਫ਼ ਸਬੂਤ ਪੇਸ਼ ਨਹੀਂ ਕਰ ਸਕੀ। 

ਕੀ ਸੀ ਮਾਮਲਾ 

ਜ਼ਿਕਰਯੋਗ ਹੈ ਕਿ 29 ਦਸੰਬਰ 2014 ਨੂੰ ਸਟੇਟ ਸਪੈਸ਼ਲ ਆਪੇ੍ਰਸ਼ਨ ਸੈੱਲ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਭਾਰਤ-ਪਾਕਿਸਤਾਨ ਸਰਹੱਦ ’ਤੇ ਸਥਿਤ ਘਰਿੰਡਾ ਪੁਲਸ ਸਟੇਸ਼ਨ ਅਧੀਨ ਪੈਂਦੇ ਪਿੰਡ ਚੀਚਾ ਭਕਨਾ ਦਾ ਰਹਿਣ ਵਾਲਾ ਗੁਰਮਿੰਦਰ ਸਿੰਘ ਉਰਫ਼ ਲਾਲੀ ਤਸਕਰੀ ਕਰ ਰਿਹਾ ਹੈ। ਜਾਣਕਾਰੀ ਮਿਲੀ ਸੀ ਕਿ ਮੁਲਜ਼ਮ ਹੈਰੋਇਨ ਦੀ ਸਪਲਾਈ ਕਰਨ ਲਈ ਸਕਾਰਪੀਓ ਵਿਚ ਵੇਰਕਾ ਬਾਈਪਾਸ ਨੇੜੇ ਪਹੁੰਚ ਰਿਹਾ ਸੀ। ਇਸ ਅਧਾਰ ’ਤੇ ਜਾਂਚ ਏਜੰਸੀ ਨੇ ਨਾਕਾਬੰਦੀ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਸਕਾਰਪੀਓ ਗੱਡੀ ਦੀ ਤਲਾਸ਼ੀ ਦੌਰਾਨ ਉਸ ਵਿਚ ਰੱਖੀ ਨੌਂ ਕਿੱਲੋ ਛੇ ਸੌ ਗ੍ਰਾਮ ਹੈਰੋਇਨ ਬਰਾਮਦ ਹੋਈ। ਬਾਅਦ ਵਿਚ ਪੁਲਿਸ ਨੇ ਰਮਨ ਕੁਮਾਰ ਵਾਸੀ ਭਗਤਾਂਵਾਲਾ, ਰਣਜੀਤ ਸਿੰਘ ਵਾਸੀ ਦਸਮੇਸ਼ ਐਵੀਨਿਊ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇੜੇ, ਕਾਬੁਲ ਸਿੰਘ ਉਰਫ਼ ਲਾਲੀ ਵਾਸੀ ਡੇਰਾ ਬਾਬਾ ਨਾਨਕ, ਗੁਰਦਾਸਪੁਰ ਦੇ ਪਿੰਡ ਡੇਰਾ ਬਾਬਾ ਨਾਨਕ, ਮਨਜੀਤ ਸਿੰਘ ਉਰਫ਼ ਮੱਖਣੀ ਅਤੇ ਜਗਜੀਤ ਸਿੰਘ ਉਰਫ਼ ਜੱਗੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਸਾਰੇ ਮੁਲਜਮਾਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਹ ਖੇਪ ਜੇਲ ’ਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਨਿਰਦੇਸ਼ਾਂ ’ਤੇ ਟਿਕਾਣੇ ਲਗਾਈ ਜਾਣੀ ਸੀ।

 ਨੌਕਰੀ ਤੋਂ ਧੋਣੇ ਪਏ ਹੱਥ 

ਕੇਸ ਵਿੱਚੋਂ ਬਰੀ ਹੋਏ ਰਣਜੀਤ ਸਿੰਘ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਸੀਨੀਅਰ ਟੀਟੀਈ ਤਾਇਨਾਤ ਸੀ। ਘਟਨਾ ਤੋਂ ਬਾਅਦ ਜਿਵੇਂ ਹੀ ਮੁਲਜ਼ਮ ਨੇ ਰਣਜੀਤ ਸਿੰਘ ਦਾ ਨਾਂ ਕਬੂਲਿਆ ਤਾਂ ਸਟੇਟ ਸਪੈਸ਼ਲ ਆਪੇ੍ਰਸ਼ਨ ਸੈੱਲ ਦੀ ਟੀਮ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧੀ ਰੇਲਵੇ ਨੇ ਕੁਝ ਦਿਨਾਂ ਬਾਅਦ ਮੁਲਜ਼ਮ ਨੂੰ ਮੁਅੱਤਲ ਵੀ ਕਰ ਦਿੱਤਾ ਸੀ।

ਇਹ ਵੀ ਪੜ੍ਹੋ