ਪਾਕਿਸਤਾਨ ਦੀ ਖੁਫੀਆ ਏਜੰਸੀ ISI ਨਾਲ ਜੁੜਿਆ ਮੁਲਜ਼ਮ ਦਿੱਲੀ ਤੋਂ ਗ੍ਰਿਫ਼ਤਾਰ

ਪੁਲਿਸ ਨੂੰ ਮੁਲਜ਼ਮ ਤੋਂ 2 ਪਿਸਤੌਲਾਂ ਬਰਾਮਦ ਹੋਇਆਂ ਹਨ। ਪੁਲਿਸ ਪਤਾ ਲਗਾ ਰਹੀ ਹੈ ਕਿ ਮੁਲਜ਼ਮਾਂ ਕੋਲ ਵੱਡੀ ਗਿਣਤੀ ਵਿੱਚ ਹਥਿਆਰ ਕਿਥੋਂ ਆਏ। ਇਸ ਤੋਂ ਪਹਿਲਾ ਪੁਲਿਸ ਨੇ ਉਸ ਦੇ 3 ਸਾਥਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ। 

Share:

ਬਠਿੰਡਾ ਕਾਊਂਟਰ ਇੰਟੈਲੀਜੈਂਸ ਵਿੰਗ ਦੀ ਟੀਮ ਦੇ ਹੱਥ ਇਕ ਹੋਰ ਵੱਡੀ ਸਫਲਤਾ ਲਗੀ ਹੈ। ਟੀਮ ਨੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐਸ.ਆਈ. ਦੇ ਕੰਟਰੋਲ ਵਾਲੇ ਅੱਤਵਾਦੀ ਮਾਡਿਊਲ ਨਾਲ ਸਬੰਧਤ ਇਕ ਹੋਰ ਮੁਲਜ਼ਮ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੂੰ ਮੁਲਜ਼ਮ ਤੋਂ 2 ਪਿਸਤੌਲਾਂ ਬਰਾਮਦ ਹੋਇਆਂ ਹਨ। ਇਸ ਤੋਂ ਪਹਿਲਾ ਪੁਲਿਸ ਨੇ ਉਸ ਦੇ 3 ਸਾਥਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਜਸਮੀਤ ਵਜੋਂ ਹੋਈ ਹੈ। ਇੰਟੈਲੀਜੈਂਸ ਨੇ ਜਸਮੀਤ ਨੂੰ ਬਠਿੰਡਾ ਲਿਆਂਦਾ ਅਤੇ ਅਦਾਲਤ ਵਿੱਚ ਪੇਸ਼ ਕੀਤਾ। ਜਿੱਥੋਂ ਉਸ ਨੂੰ ਇਕ ਦਿਨ ਦੇ ਰਿਮਾਂਡ 'ਤੇ ਭੇਜਿਆ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਦੋਸ਼ੀ ਤੋਂ ਪੁੱਛਗਿਛ ਦੇ ਦੋਰਾਨ ਵੱਡੇ ਖੁਲਾਸੇ ਹੋ ਸਕਦੇ ਹਨ। ਇਸ ਤੋਂ ਇਲਾਵਾ 3 ਮੁਲਜ਼ਮ 5 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਹਨ। ਪੁਲਿਸ ਪਤਾ ਲਗਾ ਰਹੀ ਹੈ ਕਿ ਮੁਲਜ਼ਮਾਂ ਕੋਲ ਵੱਡੀ ਗਿਣਤੀ ਵਿੱਚ ਹਥਿਆਰ ਕਿਥੋਂ ਆਏ।

ਟਾਰਗੇਟ ਕਿਲਿੰਗ ਨੂੰ ਅੰਜਾਮ ਦੇ ਕੇ ਪੈਦਾ ਕਰਨਾ ਚਾਹੁੰਦੇ ਸੀ ਦਹਿਸ਼ਤ

ਤਿੰਨਾਂ ਮੁਲਜ਼ਮਾਂ ਖੁਲਾਸਾ ਕੀਤਾ ਹੈ ਕਿ ਸੰਗਰੂਰ ਜੇਲ੍ਹ ਵਿੱਚ ਬੰਦ ਗੈਂਗਸਟਰ ਕੁਲਵਿੰਦਰ ਸਿੰਘ ਉਰਫ ਕਿੰਦਾ ਖਾਨਪੁਰੀਆ ਹਰਚਰਨ ਸਿੰਘ ਦਿੱਲੀ ਅਤੇ ਸੁਲੱਖਣ ਸਿੰਘ ਅੰਮ੍ਰਿਤਸਰ ਦੇ ਸੰਪਰਕ ਵਿੱਚ ਸਨ। ਸੂਬੇ ਵਿੱਚ ਟਾਰਗੇਟ ਕਿਲਿੰਗ ਨੂੰ ਅੰਜਾਮ ਦੇ ਕੇ ਦਹਿਸ਼ਤ ਪੈਦਾ ਕਰਨ ਲਈ ਮੱਧ ਪ੍ਰਦੇਸ਼ ਤੋਂ ਹਥਿਆਰ ਲਿਆਂਦੇ ਗਏ ਸਨ। ਸੂਤਰਾਂ ਮੁਤਾਬਕ ਕਾਊਂਟਰ ਇੰਟੈਲੀਜੈਂਸ ਟੀਮ ਇਹ ਪਤਾ ਲਗਾਉਣ 'ਚ ਲੱਗੀ ਹੋਈ ਹੈ ਕਿ ਮੁਲਜ਼ਮਾਂ ਕੋਲ ਕਿੰਨੇ ਹਥਿਆਰ ਅਤੇ ਕਿਸ ਦੇ ਜ਼ਰੀਏ ਪਹੁੰਚੇ ਸਨ। ਇਸ ਦੇ ਨਾਲ ਹੀ ਸੰਗਰੂਰ ਜੇਲ੍ਹ ਵਿੱਚ ਯੂ.ਏ.ਪੀ.ਏ. ਤਹਿਤ ਬੰਦ ਕੁਲਵਿੰਦਰ ਸਿੰਘ ਉਰਫ਼ ਕਿੰਦਾ ਖਾਨਪੁਰੀਆ, ਹਰਚਰਨ ਸਿੰਘ ਦਿੱਲੀ ਅਤੇ ਸੁਲਤਾਨ ਸਿੰਘ ਅੰਮ੍ਰਿਤਸਰ ਨੂੰ ਪੁਲੀਸ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਪੁੱਛਗਿੱਛ ਕਰੇਗੀ। 

ਵੱਡੀ ਗਿਣਤੀ ਚ ਬਰਾਮਦ ਹੋਏ ਸੀ ਹਥਿਆਰ

ਦਸ ਦੇਈਏ ਕਿ 21 ਨਵੰਬਰ ਨੂੰ ਕਾਊਂਟਰ ਇੰਟੈਲੀਜੈਂਸ ਟੀਮ ਨੂੰ ਸੂਚਨਾ ਮਿਲੀ ਸੀ ਕਿ ਰਾਜਭੁਪਿੰਦਰ ਸਿੰਘ ਉਰਫ ਭਿੰਦਾ ਵਾਸੀ ਪਿੰਡ ਦਿੱਖ, ਰਮਨ ਕੁਮਾਰ ਉਰਫ ਰਮਣੀ ਵਾਸੀ ਪਿੰਡ ਗੁਰੂਹਰਸਹਾਏ, ਫ਼ਿਰੋਜ਼ਪੁਰ ਅਤੇ ਜਗਜੀਤ ਸਿੰਘ ਉਰਫ਼ ਟੈਨਾ ਵਾਸੀ ਪਿੰਡ ਢਿਲਵਾਂ ਜ਼ਿਲ੍ਹਾ ਫ਼ਰੀਦਕੋਟ ਗੋਬਿੰਦਪੁਰਾ ਤੋਂ ਲੰਘ ਰਹੇ ਸਨ। ਚੋਰੀ ਦੀ ਆਲਟੋ ਵਿੱਚ ਬਠਿੰਡਾ ਵੱਲ ਆ ਰਹੀ ਸੀ। ਇਸ ’ਤੇ ਟੀਮ ਨੇ ਪਿੰਡ ਗੋਬਿੰਦਰਪੁਰਾ ਨਹਿਰ ਦੀ ਪਟੜੀ ਨੇੜੇ ਨਾਕਾਬੰਦੀ ਕਰ ਦਿੱਤੀ। ਇਸ ਦੌਰਾਨ ਜਦੋਂ ਦੂਜੇ ਪਾਸਿਓਂ ਆ ਰਹੀ ਚਿੱਟੇ ਰੰਗ ਦੀ ਆਲਟੋ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਕਾਰ ਵਿੱਚ ਸਵਾਰ ਤਿੰਨ ਮੁਲਜ਼ਮਾਂ ਕੋਲੋਂ ਤਿੰਨ .30 ਬੋਰ ਦੇ ਪਿਸਤੌਲ ਅਤੇ 5 .32 ਬੋਰ ਦੇ ਪਿਸਤੌਲ, 9 ਮੈਗਜ਼ੀਨ ਅਤੇ 30 ਜਿੰਦਾ ਕਾਰਤੂਸ ਬਰਾਮਦ ਹੋਏ।

ਇਹ ਵੀ ਪੜ੍ਹੋ