ਭਗਵਾਨ ਨਹੀਂ ਹੈਵਾਨ, ਹਸਪਤਾਲ ਚੋਂ ਬਾਹਰ ਸੁੱਟੇ ਲਾਵਾਰਿਸ ਮਰੀਜ਼, ਇੱਕ ਦੀ ਮੌਤ

ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ। ਲੋਕਾਂ ਨੇ ਕੀਤੀ ਸਖ਼ਤ ਕਾਰਵਾਈ ਦੀ ਮੰਗ।

Share:

ਇੱਕ ਪਾਸੇ ਤਾਂ ਡਾਕਟਰ ਨੂੰ ਭਗਵਾਨ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ। ਪ੍ਰੰਤੂ ਜਦੋਂ ਇਹੀ ਰੂਪ ਹੈਵਾਨ ਬਣ ਜਾਵੇ ਤਾਂ ਫਿਰ ਪੇਸ਼ੇ ਉਪਰ ਸਵਾਲ ਤਾਂ ਉੱਠਣਗੇ। ਅਜਿਹਾ ਹੀ ਇੱਕ ਮਾਮਲਾ ਮਾਨਸਾ ਤੋਂ ਸਾਮਣੇ ਆਇਆ, ਜਿੱਥੇ ਡਾਕਟਰਾਂ ਦੀ ਹੈਵਾਨੀਅਤ ਨੇ ਇਨਸਾਨੀਅਤ ਨੂੰ ਸ਼ਰਮਸ਼ਾਰ ਕੀਤਾ। ਇੱਥੇ ਲਾਵਾਰਿਸ ਮਰੀਜ਼ਾਂ ਨੂੰ ਸਹਾਰਾ ਦੇਣ ਦੀ ਥਾਂ ਹਸਪਤਾਲ ਚੋਂ ਬਾਹਰ ਸੁੱਟ ਦਿੱਤਾ ਗਿਆ। ਇਸ ਵੱਡੀ ਲਾਪਰਵਾਹੀ ਕਾਰਨ ਇੱਕ ਮਰੀਜ਼ ਦੀ ਮੌਤ ਹੋ ਗਈ। ਘਟਨਾ ਉਪਰ ਪਰਦਾ ਪਾਉਣ ਦੀ ਕੋਸ਼ਿਸ਼ ਨਾਲ ਦੂਜੇ ਮਰੀਜ਼ ਨੂੰ ਮੁੜ ਸਰਕਾਰੀ ਹਸਪਤਾਲ ਦਾਖਲ ਕਰ ਲਿਆ ਗਿਆ। ਇਸ ਘਟਨਾ ਮਗਰੋਂ ਸਬੰਧਤ ਵਿਅਕਤੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ। 

ਜਾਣੋ ਪੂਰਾ ਮਾਮਲਾ 

ਮਾਨਸਾ ਦੇ ਸਰਕਾਰੀ ਹਸਪਤਾਲ ਵਿਖੇ ਪਿਛਲੇ ਕਈ ਦਿਨਾਂ ਤੋ ਦੋ ਲਾਵਾਰਿਸ ਮਰੀਜ਼ ਦਾਖ਼ਲ ਹੋਏ। ਇਹ ਮਰੀਜ਼  HIV ,ਕਾਲੇ ਪੀਲੀਏ ਤੇ ਟੀਬੀ ਤੋ ਪੀੜਿਤ ਦੱਸੇ ਜਾ ਰਹੇ ਸੀ ਜਿਹਨਾਂ ਦੀ ਦੇਖਭਾਲ ਪ੍ਰਾਈਵੇਟ ਐਬੂਲੈਂਸ ਦੇ ਡਰਾਈਵਰ ਕਰ ਰਹੇ ਸੀ। ਬੀਤੀ ਕੱਲ੍ਹ ਡਾਕਟਰਾਂ ਵੱਲੋਂ ਇਨ੍ਹਾਂ ਮਰੀਜ਼ਾਂ ਦੇ ਹਸਪਤਾਲ ਵਿੱਚੋਂ ਭੱਜ ਜਾਣ ਦੀ ਰਿਪੋਰਟ ਦਰਜ ਕਰ ਦਿੱਤੀ ਤੇ ਕੁੱਝ ਸਮੇਂ ਬਾਅਦ ਇੱਕ ਮਰੀਜ ਦੀ ਲਾਸ਼ ਸਰਕਾਰੀ ਹਸਪਤਾਲ ਪਹੁੰਚੀ।  ਦੂਸਰੇ ਦੀ ਭਾਲ ਕੀਤੀ ਤਾਂ ਉਹ ਮਰੀਜ਼ ਮਾਨਸਾ ਦੇ ਸੁੰਨਸਾਨ ਰਸਤੇ ਕਬਰਿਸਤਾਨ ਦੇ ਸਾਹਮਣੇ ਮਿਲਿਆ। ਉਸਨੂੰ  ਸਰਕਾਰੀ ਹਸਪਤਾਲ ਮੁੜ ਦਾਖ਼ਲ ਕਰਵਾਇਆ ਗਿਆ। ਜਾਂਚ ਦੌਰਾਨ ਪਤਾ ਲੱਗਾ ਕਿ ਇਸ ਮਾਮਲੇ ਵਿੱਚ ਦੋਵਾਂ ਮਰੀਜ਼ਾਂ ਨੂੰ ਲਾਵਾਰਿਸ ਜਗ੍ਹਾ 'ਤੇ ਸੁੱਟਿਆ ਗਿਆ। ਇਸਦੇ ਪਿੱਛੇ 2 ਡਾਕਟਰਾਂ ਦਾ ਨਾਂਅ ਆ ਰਿਹਾ ਹੈ ਜਿਹਨਾਂ ਨੇ ਐਂਬੂਲੈਂਸ ਡਰਾਈਵਰ ਨੂੰ ਪੈਸੇ ਦੇ ਕੇ ਭੇਜਿਆ ਸੀ। 

ਉੱਠੇ ਸਵਾਲ, ਬਿਠਾਈ ਜਾਂਚ 

ਮਾਨਸਾ ਵਿਖੇ ਇੰਨੀ ਵੱਡੀ ਲਾਪਰਵਾਹੀ ਸਾਮਣੇ ਆਉਣ ਮਗਰੋਂ ਇੱਥੋਂ ਦੇ ਸਮਾਜਸੇਵੀ ਮਾਨਿਕ ਗੋਇਲ ਨੇ ਸਵਾਲ ਚੁੱਕੇ। ਨਾਲ ਹੀ ਸਰਕਾਰ ਦੀ ਕਾਰਜਸ਼ੈਲੀ ਨੂੰ ਵੀ ਸਵਾਲਾਂ ਦੇ ਘੇਰੇ 'ਚ ਲਿਆਂਦਾ। ਜਿਸ ਮਗਰੋਂ ਮਾਨਸਾ ਦੇ ਸੀਨੀਅਰ ਮੈਡੀਕਲ ਅਧਿਕਾਰੀ ਨੇ ਜਾਂਚ ਕਮੇਟੀ ਦਾ ਗਠਨ ਕੀਤਾ। ਪ੍ਰੰਤੂ, ਹਾਲੇ ਤੱਕ ਕਿਸੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਸੀ। ਹੁਣ ਦੇਖਣਾ ਹੋਵੇਗਾ ਕਿ ਕਦੋਂ ਤੱਕ ਇਹ ਕਾਰਵਾਈ ਹੁੰਦੀ ਹੈ ਜਾਂ ਫਿਰ ਹੋਰਨਾਂ ਮਾਮਲਿਆਂ ਵਾਂਗ ਜਾਂਚ ਠੰਡੇ ਬਸਤੇ 'ਚ ਪਾ ਦਿੱਤੀ ਜਾਵੇਗੀ। 

 

ਇਹ ਵੀ ਪੜ੍ਹੋ