Aam Aadmi Party : AAP ਦੇ ਇਸ ਆਗੂ ਕੋਲ ਹਨ ਜਾਲੀ ਸਰਟੀਫਿਕੇਟ, ਪੁਲਿਸ ਨੇ ਕੀਤਾ ਕੇਸ ਦਰਜ, ਲੁਧਿਆਣਾ ਜ਼ਿਲ੍ਹਾ ਯੂਥ ਕਾਰਜਕਾਰੀ ਪ੍ਰਧਾਨ ਹਨ ਪਰਮਿੰਦਰ ਸਿੰਘ ਸੰਧੂ

ਜਾਂਚ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਆਈਪੀਸੀ ਦੀ ਧਾਰਾ 420, 465, 467, 468 ਅਤੇ ਧਾਰਾ 465 ਤਹਿਤ ਕੇਸ ਦਰਜ ਕੀਤਾ ਹੈ। ਉਸਨੂੰ ਦੀਪਕ ਪ੍ਰਜਾਪਤੀ ਦੇ ਖਿਲਾਫ 11 ਨਵੰਬਰ 2022 ਨੂੰ ਦਰਜ ਕੀਤੀ ਗਈ ਐੱਫਆਈਆਰ ਵਿੱਚ ਨਾਮਜ਼ਦ ਕੀਤਾ ਗਿਆ ਹੈ।

Share:

Punjab News: ਲੁਧਿਆਣਾ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੂਥ ਕਾਰਜਕਾਰੀ ਪ੍ਰਧਾਨ ਪਰਮਿੰਦਰ ਸਿੰਘ ਸੰਧੂ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ 5 ਵਿੱਚ ਕੇਸ ਦਰਜ ਕੀਤਾ ਹੈ। ਉਸਤੇ ਐਲਐਲਬੀ ਕਰਨ ਲਈ 12ਵੀਂ ਜਮਾਤ ਦੇ ਜਾਅਲੀ ਸਰਟੀਫਿਕੇਟ ਦੀ ਵਰਤੋਂ ਕਰਨ ਦਾ ਆਰੋਪ ਹੈ। ਸੰਧੂ ਨੇ 11 ਨਵੰਬਰ 2022 ਨੂੰ ਐਡਵੋਕੇਟ ਦੀਪਕ ਪ੍ਰਜਾਪਤੀ ਖਿਲਾਫ ਥਾਣਾ ਡਿਵੀਜ਼ਨ ਨੰਬਰ 5 ਵਿਚ ਐੱਫਆਈਆਰ ਦਰਜ ਕਰਵਾਈ ਸੀ, ਜਿਸ ਵਿਚ ਆਰੋਪ ਲਾਇਆ ਗਿਆ ਸੀ ਕਿ ਦੀਪਕ ਨੇ ਉਸ ਨੂੰ ਕਾਨੂੰਨ ਦੀ ਪ੍ਰੈਕਟਿਸ ਕਰਨ ਲਈ ਜਾਅਲੀ ਲਾਇਸੈਂਸ ਮੁਹੱਈਆ ਕਰਵਾਇਆ ਸੀ। ਇਸ ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਸੰਧੂ ਵੱਲੋਂ ਤਿਆਰ ਕੀਤਾ ਗਿਆ 12ਵੀਂ ਜਮਾਤ ਦਾ ਸਰਟੀਫਿਕੇਟ ਜਾਅਲੀ ਸੀ। ਪੁਲੀਸ ਨੇ ਉਸਦੇ ਖ਼ਿਲਾਫ਼ ਉਸੇ ਹੀ ਐੱਫਆਈਆਰ ਵਿੱਚ ਕੇਸ ਦਰਜ ਕੀਤਾ ਗਿਆ ਹੈ।

ਐਡਵੋਕੇਟ ਗਿੱਲ ਨੇ 30 ਜਨਵਰੀ ਨੂੰ ਦਰਜ ਕਰਵਾਈ ਸੀ ਸ਼ਿਕਾਇਤ

ਪੁਲਿਸ ਨੇ ਇਹ ਕਾਰਵਾਈ ਐਡਵੋਕੇਟ ਡੇਵਿਡ ਗਿੱਲ ਦੀ ਸ਼ਿਕਾਇਤ ਤੋਂ ਬਾਅਦ ਕੀਤੀ ਹੈ। ਐਡਵੋਕੇਟ ਗਿੱਲ ਨੇ 30 ਜਨਵਰੀ 2023 ਨੂੰ ਦਰਜ ਕਰਵਾਈ ਆਪਣੀ ਸ਼ਿਕਾਇਤ ਵਿੱਚ ਆਰੋਪ ਲਾਇਆ ਸੀ ਕਿ ਮੁਲਜ਼ਮ ਪਰਮਿੰਦਰ ਸਿੰਘ ਸੰਧੂ ਵੱਲੋਂ ਐੱਲਐੱਲਬੀ ਵਿੱਚ ਦਾਖ਼ਲਾ ਲੈਣ ਲਈ ਤਿਆਰ ਕੀਤਾ ਗਿਆ 12ਵੀਂ ਜਮਾਤ ਦਾ ਸਰਟੀਫਿਕੇਟ ਜਾਅਲੀ ਹੈ। ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ, ਜਿਸ ਵਿੱਚ ਨਵਾਂ ਖੁਲਾਸਾ ਹੋਇਆ ਹੈ।

ਦਿੱਲੀ ਬੋਰਡ ਆਫ਼ ਸੀਨੀਅਰ ਸੈਕੰਡਰੀ ਐਜੂਕੇਸ਼ਨ ਦਾ ਸਰਟੀਫਿਕੇਟ

ਪੁਲਿਸ ਅਨੁਸਾਰ ਸੰਧੂ ਨੇ ਐਲਐਲਬੀ ਵਿੱਚ ਦਾਖ਼ਲੇ ਲਈ ਦਿੱਲੀ ਬੋਰਡ ਆਫ਼ ਸੀਨੀਅਰ ਸੈਕੰਡਰੀ ਐਜੂਕੇਸ਼ਨ ਵੱਲੋਂ ਜਾਰੀ 12ਵੀਂ ਜਮਾਤ ਦੇ ਸਰਟੀਫਿਕੇਟ ਦੀ ਵਰਤੋਂ ਕੀਤੀ ਸੀ। ਪੁੱਛਗਿੱਛ ਦੌਰਾਨ ਉਸ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ 'ਚ ਦੱਸਿਆ ਕਿ ਉਸ ਨੇ 2008 'ਚ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਤੋਂ 12ਵੀਂ ਪਾਸ ਕੀਤੀ ਸੀ ਪਰ ਜਨਵਰੀ 2020 'ਚ ਉਸ ਦਾ ਸਰਟੀਫਿਕੇਟ ਗੁੰਮ ਹੋ ਗਿਆ ਸੀ। ਜਦੋਂ ਪੁਲਿਸ ਨੇ ਬੋਰਡ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਸੰਧੂ 2008 ਵਿੱਚ 12ਵੀਂ ਵਿੱਚ ਫੇਲ੍ਹ ਹੋ ਗਿਆ ਸੀ। ਦਿੱਲੀ ਬੋਰਡ ਆਫ ਸੀਨੀਅਰ ਸੈਕੰਡਰੀ ਐਜੂਕੇਸ਼ਨ ਵੱਲੋਂ ਜਾਰੀ ਸਰਟੀਫਿਕੇਟ ਫਰਜ਼ੀ ਸੀ। ਐਡਵੋਕੇਟ ਗਿੱਲ ਨੇ ਕਿਹਾ ਕਿ ਸਿਆਸੀ ਦਬਾਅ ਕਾਰਨ ਪੁਲਿਸ ਸੰਧੂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ। ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਹੀ ਸੰਧੂ ਨੂੰ ਨਾਮਜ਼ਦ ਕੀਤਾ ਗਿਆ ਹੈ।

ਪਰਜਾਪਤੀ ਨੇ ਲਾਇਸੈਂਸ ਲੈਣ ਵਿਚ ਕੀਤੀ ਸੀ ਮਦਦ

ਸੰਧੂ ਨੇ ਆਰੋਪ ਲਾਇਆ ਸੀ ਕਿ ਉਸਨੇ 2011 ਵਿੱਚ ਐਡਵੋਕੇਟ ਦੀਪਕ ਪ੍ਰਜਾਪਤੀ ਦੁਆਰਾ ਸਥਾਪਿਤ ਕੇਂਦਰ ਤੋਂ ਐੱਲਐੱਲਬੀ ਦੀ ਡਿਗਰੀ ਹਾਸਲ ਕੀਤੀ ਸੀ। ਉਸਨੇ 2016 ਵਿੱਚ ਆਪਣੀ ਡਿਗਰੀ ਪੂਰੀ ਕੀਤੀ, ਜਿਸ ਤੋਂ ਬਾਅਦ ਪ੍ਰਜਾਪਤੀ ਨੇ ਉਸਨੂੰ ਬਾਰ ਕੌਂਸਲ, ਚੰਡੀਗੜ੍ਹ ਤੋਂ ਇੱਕ ਵਕੀਲ ਵਜੋਂ ਅਭਿਆਸ ਕਰਨ ਲਈ ਲਾਇਸੈਂਸ ਪ੍ਰਾਪਤ ਕਰਨ ਵਿੱਚ ਮਦਦ ਕੀਤੀ, ਜੋ ਕਿ ਇੱਕ ਹੋਰ ਵਕੀਲ ਕੋਲ ਸੀ। ਜਦੋਂ ਉਸ ਨੇ ਇਤਰਾਜ਼ ਕੀਤਾ ਤਾਂ ਪ੍ਰਜਾਪਤੀ ਬਹਾਨੇ ਬਣਾਉਣ ਲੱਗਾ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਬਾਰ ਕੌਂਸਲ ਦੇ ਧਿਆਨ ਵਿੱਚ ਮਾਮਲਾ ਆਉਣ ਤੋਂ ਬਾਅਦ ਕੌਂਸਲ ਨੇ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖ ਕੇ ਪ੍ਰਜਾਪਤੀ ਰਾਹੀਂ ਐੱਲਐੱਲਬੀ ਦੀ ਡਿਗਰੀ ਹਾਸਲ ਕਰਨ ਵਾਲੇ 63 ਵਕੀਲਾਂ ਦੀਆਂ ਡਿਗਰੀਆਂ ਦੀ ਪੜਤਾਲ ਕਰਨ ਲਈ ਕਿਹਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਪ੍ਰਜਾਪਤੀ ਨੂੰ 23 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਸੀ। ਪ੍ਰਜਾਪਤੀ ਵੱਲੋਂ ਦਿੱਤੀ ਗਈ ਸੂਚਨਾ ਦੇ ਆਧਾਰ 'ਤੇ ਪੁਲਿਸ ਨੇ 27 ਮਾਰਚ ਨੂੰ ਇਕ ਹੋਰ ਵਿਅਕਤੀ ਪਲਵਿੰਦਰ ਸਿੰਘ ਵਾਸੀ ਹੁਸ਼ਿਆਰਪੁਰ ਖਿਲਾਫ ਮਾਮਲਾ ਦਰਜ ਕੀਤਾ ਸੀ, ਜਿਸ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ।

ਹਾਈਕਮਾਂਡ ਨੂੰ ਦਿੱਤੀ ਜਾਵੇਗੀ ਜਾਣਕਾਰੀ

ਇਸ ਮਾਮਲੇ ਸਬੰਧੀ ਜਦੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ਰਨਪਾਲ ਸਿੰਘ ਮੱਕੜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਇਸ ਮਾਮਲੇ ਬਾਰੇ ਅੱਜ ਹੀ ਪਤਾ ਲੱਗਾ ਹੈ। ਪਾਰਟੀ ਦੇ ਅਕਸ ਨੂੰ ਠੇਸ ਨਹੀਂ ਲੱਗਣ ਦਿੱਤੀ ਜਾਵੇਗੀ। ਉਹ ਇਹ ਮਾਮਲਾ ਹਾਈਕਮਾਂਡ ਦੇ ਧਿਆਨ ਵਿੱਚ ਲਿਆਉਣਗੇ।

ਇਹ ਵੀ ਪੜ੍ਹੋ