ਲੁਧਿਆਣਾ 'ਚ 10 ਟਨ ਗਊ ਮਾਸ ਨਾਲ ਭਰਿਆ ਟਰਾਲਾ ਫੜਿਆ, ਤਸਕਰ ਮੌਕੇ ਤੋਂ ਹੋਏ ਫਰਾਰ

ਗਊ ਰੱਖਿਆ ਦਲ ਦੇ ਮੈਂਬਰਾਂ ਨੇ ਤਸਕਰਾਂ ਦਾ ਕੀਤਾ ਪਿੱਛਾ, ਸੂਤਰਾਂ ਮੁਤਾਬਕ ਪੁਲਿਸ ਨੇ ਦੋ ਨੂੰ ਕੀਤਾ ਗ੍ਰਿਫਤਾਰ, ਪਰ ਫਿਲਹਾਲ ਅਧਿਕਾਰਤ ਪੁਸ਼ਟੀ ਨਹੀਂ।

Share:

ਲੁਧਿਆਣਾ 'ਚ ਗਊ ਰੱਖਿਆ ਦਲ ਦੇ ਮੁਖੀ ਸਤੀਸ਼ ਕੁਮਾਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਗਊ ਮਾਸ ਨਾਲ ਭਰਿਆ ਟਰਾਲਾ ਫੜਿਆ ਹੈ। ਢੰਡਾਰੀ ਜੀਟੀ ਰੋਡ ’ਤੇ ਟਰਾਲੇ ਨੂੰ ਸ਼ੱਕ ਪੈਣ ’ਤੇ ਰੋਕਿਆ ਗਿਆ। ਗਊ ਰੱਖਿਅਕਾਂ ਨੇ ਜਦੋਂ ਟਰਾਲੇ ਦੇ ਡਰਾਈਵਰ ਅਤੇ ਇੱਕ ਹੋਰ ਤੋਂ ਪੁੱਛਗਿੱਛ ਸ਼ੁਰੂ ਕੀਤੀ ਤਾਂ ਉਹ ਉਨ੍ਹਾਂ ਨੂੰ ਚਕਮਾ ਦੇ ਕੇ ਭੱਜ ਗਏ। ਗਊ ਰੱਖਿਅਕਾਂ ਨੇ ਉਨ੍ਹਾਂ ਦਾ ਕਾਫੀ ਪਿੱਛਾ ਕੀਤਾ ਪਰ ਕੋਈ ਸੁਰਾਗ ਨਹੀਂ ਲੱਗ ਸਕਿਆ। ਕੰਗਣਵਾਲ ਚੌਕੀ ਦੀ ਪੁਲਿਸ ਨੇ ਟਰਾਲੇ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਟਰਾਲੇ ਵਿੱਚ ਦਿੱਲੀ ਤੋਂ ਗਊ ਮਾਸ ਜੰਮੂ-ਕਸ਼ਮੀਰ ਲਿਜਾਇਆ ਜਾ ਰਿਹਾ ਸੀ।
ਮਿਲੀ ਸੀ ਗੁਪਤ ਸੂਚਨਾ
ਗਊ ਰੱਖਿਆ ਦਲ ਦੇ ਕੌਮੀ ਪ੍ਰਧਾਨ ਸਤੀਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਲੋਕ ਗਊ ਮਾਸ ਦਿੱਲੀ ਤੋਂ ਸ੍ਰੀਨਗਰ ਲਿਜਾ ਰਹੇ ਹਨ। ਗੱਡੀ ਵਿੱਚ ਕਰੀਬ 10 ਟਨ ਮਾਸ ਲੱਦਿਆ ਹੋਇਆ ਸੀ। ਉਨ੍ਹਾਂ ਦਾ ਆਰੋਪ ਹੈ ਕਿ ਚੌਕੀ ਕੰਗਣਵਾਲ ਪੁਲਿਸ ਨੇ ਉਨ੍ਹਾਂ ਨਾਲ ਬਿਲਕੁਲ ਵੀ ਸਹਿਯੋਗ ਨਹੀਂ ਕੀਤਾ। ਸੂਚਨਾ ਦੇਣ ਤੋਂ ਬਾਅਦ ਕਰੀਬ ਡੇਢ ਘੰਟੇ ਬਾਅਦ ਪੁਲਿਸ ਪਹੁੰਚੀ। ਆਖਿਰਕਾਰ ਡੀਜੀਪੀ ਅਰਪਿਤ ਸ਼ੁਕਲਾ ਨੂੰ ਸੂਚਿਤ ਕੀਤਾ ਗਿਆ। ਜਿਸ ਤੋਂ ਬਾਅਦ ਉਨ੍ਹਾਂ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ।

ਧਰਨਾ ਦੇਣ ਦੀ ਚੇਤਾਵਨੀ
ਪੁਲਿਸ ਕਮਿਸ਼ਨਰ ਸਿੱਧੂ ਦੀਆਂ ਹਦਾਇਤਾਂ ’ਤੇ ਪੁਲਿਸ ਨੇ ਹਰਕਤ ਵਿੱਚ ਆਉਂਦਿਆਂ ਟਰਾਲਾ ਚਾਲਕਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਤੀਸ਼ ਨੇ ਦੱਸਿਆ ਕਿ ਉਸ ਕੋਲ ਗੱਡੀ ਦਾ ਨੰਬਰ ਪਹਿਲਾਂ ਹੀ ਮੌਜੂਦ ਸੀ ਅਤੇ ਉਹ ਖੁਦ ਸੜਕਾਂ 'ਤੇ ਟਰਾਲੇ ਦੀ ਭਾਲ ਕਰ ਰਹੇ ਸਨ। ਪੁਲਿਸ ਮੁਲਾਜ਼ਮ ਉਨ੍ਹਾਂ ਨੂੰ ਕਹਿ ਰਹੇ ਹਨ ਕਿ ਪਹਿਲਾਂ ਮਾਸ ਦਾ ਲੈਬ ਟੈਸਟ ਕਰਵਾਇਆ ਜਾਵੇਗਾ ’ਤੇ  ਫਿਰ ਹੀ ਕੇਸ ਦਰਜ ਕੀਤਾ ਜਾਵੇਗਾ। ਜੇਕਰ ਪੁਲਿਸ ਨੇ ਮਾਮਲਾ ਦਰਜ ਨਾ ਕੀਤਾ ਤਾਂ ਗਊ ਰੱਖਿਆ ਦਲ ਦੇ ਮੈਂਬਰ ਧਰਨਾ ਦੇਣਗੇ।

ਇਹ ਵੀ ਪੜ੍ਹੋ