ਲੁਧਿਆਣਾ 'ਚ ਦਰਦਨਾਕ ਹਾਦਸਾ, ਅਣਪਛਾਤੇ ਵਾਹਨ ਨੇ ਨੌਜਵਾਨ ਨੂੰ ਮਾਰੀ ਟੱਕਰ, ਬਾਂਹ ਹੋਈ ਵੱਖ

ਕਿਸੇ ਰਾਹਗੀਰ ਨੇ ਦਰਦ ਨਾਲ ਕਰਾਹ ਰਹੇ ਨੌਜਵਾਨ ਨੂੰ ਸਿਵਲ ਹਸਪਤਾਲ ਪਹੁੰਚਾਇਆ, ਹਾਲਤ ਬਣੀ ਨਾਜੁਕ, ਪੁਲਿਸ ਘਟਨਾ ਦਾ ਪਤਾ ਲਗਾਉਣ ਵਿੱਚ ਲੱਗੀ

Share:

ਲੁਧਿਆਣਾ 'ਚ ਐਤਵਾਰ ਦੀ ਦੇਰ ਰਾਤ ਨੂੰ ਕੋਹਾੜਾ ਰੋਡ 'ਤੇ ਲੱਖੋਵਾਲ ਕੱਟ ਨੇੜੇ ਇਕ ਅਣਪਛਾਤੇ ਵਾਹਨ ਨੇ ਇਕ ਨੌਜਵਾਨ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨ੍ਹਾਂ ਭਿਆਨਕ ਸੀ ਕਿ ਨੌਜਵਾਨ ਦੀ ਇੱਕ ਬਾਂਹ ਸ਼ਰੀਰ ਤੋਂ ਵੱਖ ਹੋ ਗਈ। ਕਿਸੇ ਰਾਹਗੀਰ ਨੇ ਦਰਦ ਨਾਲ ਕਰਾਹ ਰਹੇ ਨੌਜਵਾਨ ਨੂੰ ਸਿਵਲ ਹਸਪਤਾਲ ਪਹੁੰਚਾਇਆ ਅਤੇ ਪੁਲੀਸ ਨੂੰ ਸੂਚਨਾ ਦਿੱਤੀ। ਜ਼ਖਮੀ ਨੌਜਵਾਨ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਬੇਹੋਸ਼ੀ ਦੀ ਹਾਲਤ ਵਿੱਚ ਹੋਣ ਕਾਰਨ ਉਹ ਆਪਣੀ ਪਛਾਣ ਦੱਸਣ ਤੋਂ ਅਸਮਰੱਥ ਹੈ।

 

ਦੇਰ ਰਾਤ ਹੋਇਆ ਹਾਦਸਾ

ਥਾਣਾ ਜਮਾਲਪੁਰ ਦੇ ਏਐਸਆਈ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਰ ਰਾਤ ਹਾਦਸੇ ਦੀ ਸੂਚਨਾ ਮਿਲੀ ਸੀ। ਫੋਨ ਕਰਨ ਵਾਲੇ ਵਿਅਕਤੀ ਨੇ ਦੱਸਿਆ ਕਿ ਉਹ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ। ਲੱਖੋਵਾਲ ਕੱਟ ਨੇੜੇ ਸੜਕ ਤੇ ਇੱਕ ਨੌਜਵਾਨ ਜ਼ਖ਼ਮੀ ਹਾਲਤ ਵਿੱਚ ਮਿਲਿਆ। ਇਸ ਸਬੰਧੀ ਸੂਚਨਾ ਮਿਲਣ ਤੇ ਪੁਲੀਸ ਮੌਕੇ ਤੇ ਪੁੱਜੀ ਤਾਂ ਰਾਹਗੀਰ ਪਹਿਲਾਂ ਹੀ ਉਸ ਨੂੰ ਸਿਵਲ ਹਸਪਤਾਲ ਲੈ ਗਏ। ਉਸ ਦੀ ਕੱਟੀ ਹੋਈ ਬਾਂਹ ਵੀ ਡਾਕਟਰਾਂ ਨੂੰ ਸੌਂਪ ਦਿੱਤੀ ਗਈ ਹੈ।

 

ਨੌਜਵਾਨ ਦੇ ਹੋਸ਼ 'ਚ ਆਉਣ ਤੋਂ ਬਾਅਦ ਮਾਮਲੇ ਦਾ ਹੋਵੇਗਾ ਖੁਲਾਸਾ

ਜ਼ਖਮੀ ਨੌਜਵਾਨ ਦਾ ਇਲਾਜ ਚੱਲ ਰਿਹਾ ਹੈ। ਹਾਦਸੇ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਨੌਜਵਾਨ ਦੇ ਹੋਸ਼ 'ਚ ਆਉਣ ਤੋਂ ਬਾਅਦ ਹੀ ਪੂਰੇ ਮਾਮਲੇ ਦਾ ਪਤਾ ਲੱਗੇਗਾ। ਫਿਲਹਾਲ ਹਾਦਸੇ ਵਾਲੀ ਥਾਂ ਦੇ ਸੀਸੀਟੀਵੀ ਵੀ ਚੈੱਕ ਕੀਤੇ ਜਾਣਗੇ ਤਾਂ ਜੋ ਪਤਾ ਲੱਗ ਸਕੇ ਕਿ ਨੌਜਵਾਨ ਨੂੰ ਕਿਸ ਵਾਹਨ ਨੇ ਟੱਕਰ ਮਾਰੀ।

ਇਹ ਵੀ ਪੜ੍ਹੋ