ਨਿਰਮਾਣ ਅਧੀਨ ਮਾਲ ਦੀ 6ਵੀਂ ਮੰਜ਼ਿਲ 'ਤੇ ਕੰਮ ਕਰ ਰਿਹਾ ਮਜ਼ਦੂਰ ਹੇਠਾਂ ਡਿੱਗਿਆ, ਮੌਤ

ਮਜ਼ਦੂਰ ਨੇ ਸੇਫਟੀ ਬੈਲਟ ਨਹੀਂ ਪਾਈ ਹੋਈ ਸੀ, ਜਿਸ ਕਾਰਣ ਇਹ ਹਾਦਸਾ ਵਾਪਰਿਆ ਹੈ। ਇਲਾਕੇ ਦੇ ਕੁੱਝ ਬੱਚੇ ਛੱਤ ਤੇ ਖੇਡ ਰਹੇ ਸਨ, ਉਹਨਾਂ ਨੇ ਮਜ਼ਦੂਰ ਨੂੰ ਡਿੱਗਦੇ ਦੇਖਿਆ ਤਾਂ ਰੌਲਾ ਪਾਇਆ। ਇਸ ਤੋਂ ਬਾਅਦ ਲੋਕ ਇਕੱਠੇ ਹੋ ਗਏ ਤੇ ਮਜ਼ਦੂਰ ਨੂੰ ਹਸਪਤਾਲ ਲੈ ਕੇ ਗਏ।

Share:

ਲੁਧਿਆਣਾ ਦੇ ਸ਼ਾਹਪੁਰ ਰੋਡ 'ਤੇ ਨਿਰਮਾਣ ਅਧੀਨ ਮਾਲ ਦੀ 6ਵੀਂ ਮੰਜ਼ਿਲ 'ਤੇ ਕੰਮ ਕਰ ਰਿਹਾ ਮਜ਼ਦੂਰ ਨਾਲ ਵੱਡੀ ਘਟਨਾ ਵਾਪਰਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਏਸੀ ਪਾਈਪ ਫਿੱਟ ਕਰਨ ਵਾਲਾ ਮਜ਼ਦੂਰ ਹੇਠਾਂ ਡਿੱਗ ਗਿਆ, ਜਿਸ ਨਾਲ ਉਸਦੀ ਗਰਦਨ ਦੀ ਹੱਡੀ ਟੁੱਟ ਗਈ ਤੇ ਮੌਤ ਹੋ ਗਈ। ਇਸ ਮਾਮਲੇ ਵਿੱਚ ਵੱਡੀ ਲਾਪਰਵਾਹੀ ਵੀ ਸਾਹਮਣੇ ਆਈ ਹੈ। ਦਸਿਆ ਜਾ ਰਿਹਾ ਹੈ ਕਿ ਮਜ਼ਦੂਰ ਨੇ ਸੇਫਟੀ ਬੈਲਟ ਨਹੀਂ ਪਾਈ ਹੋਈ ਸੀ, ਜਿਸ ਕਾਰਣ ਇਹ ਹਾਦਸਾ ਵਾਪਰਿਆ ਹੈ। ਮ੍ਰਿਤਕ ਦੀ ਪਛਾਣ ਨੀਰਜ (19) ਵਜੋਂ ਹੋਈ ਹੈ। ਇਲਾਕੇ ਦੇ ਕੁੱਝ ਬੱਚੇ ਛੱਤ ਤੇ ਖੇਡ ਰਹੇ ਸਨ, ਉਹਨਾਂ ਨੇ ਮਜ਼ਦੂਰ ਨੂੰ ਡਿੱਗਦੇ ਦੇਖਿਆ ਤਾਂ ਰੌਲਾ ਪਾਇਆ। ਇਸ ਤੋਂ ਬਾਅਦ ਲੋਕ ਇਕੱਠੇ ਹੋ ਗਏ ਤੇ ਮਜ਼ਦੂਰ ਨੂੰ ਹਸਪਤਾਲ ਲੈ ਕੇ ਗਏ। ਕਾਫੀ ਖੂਨ ਮੌਕੇ ਤੇ ਹੀ ਬਹਿ ਗਿਆ ਸੀ, ਜਿਸ ਨਾਲ ਉਸਦੀ ਹਾਲਤ ਕਾਫੀ ਨਾਜ਼ੁਕ ਬਣੀ ਗਈ। 

ਮਾਲ ਦਾ ਮਾਲਕ ਨਹੀਂ ਪਹੁੰਚਿਆ ਮੌਕੇ ਤੇ 

ਹਾਦਸੇ ਦੇ ਕਰੀਬ 4 ਘੰਟੇ ਬੀਤ ਜਾਣ ਦੇ ਬਾਵਜੂਦ ਮਾਲ ਦਾ ਮਾਲਕ ਇੱਕ ਵਾਰ ਵੀ ਮੌਕੇ 'ਤੇ ਨਹੀਂ ਪਹੁੰਚਿਆ। ਹਾਦਸੇ ਦੇ ਸਮੇਂ ਮਜ਼ਦੂਰ ਨੇ ਕਿਸੇ ਵੀ ਤਰ੍ਹਾਂ ਦਾ ਸੁਰੱਖਿਆ ਉਪਕਰਨ ਨਹੀਂ ਪਾਇਆ ਹੋਇਆ ਸੀ, ਪਰ ਜਦੋਂ ਪੁਲਿਸ ਰਾਤ ਨੂੰ ਘਟਨਾ ਸਥਾਨ 'ਤੇ ਪਹੁੰਚੀ ਤਾਂ ਹਾਦਸੇ ਵਾਲੀ ਥਾਂ 'ਤੇ ਕੁਝ ਰੱਸੇ ਅਤੇ ਹੈਲਮੇਟ ਜ਼ਰੂਰ ਰੱਖੇ ਹੋਏ ਸਨ, ਜੋ ਕਿ ਜਾਂਚ ਦਾ ਵਿਸ਼ਾ ਹੈ। ਦੂਜੇ ਪਾਸੇ ਇਸ ਮਾਮਲੇ ਸਬੰਧੀ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਮੌਕੇ ’ਤੇ ਪੁੱਜੀ। ਜਾਂਚ ਅਧਿਕਾਰੀ ਅਨੁਸਾਰ ਮ੍ਰਿਤਕ ਨੀਰਜ ਦੀ ਲਾਸ਼ ਨੂੰ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਸ ਦੇ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।