ਡੱਲੇਵਾਲ ਦੇ ਮਰਨ ਵਰਤ ਦਾ 70ਵਾਂ ਦਿਨ - ਸ਼ੰਭੂ ਮੋਰਚੇ ਉਪਰ ਕਿਸਾਨ ਜਥੇਬੰਦੀਆਂ ਨੇ ਬਣਾਈ ਅਗਲੀ ਰਣਨੀਤੀ 

ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ, ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚਾ ਦੋਨਾਂ ਫੋਰਮਾਂ ਦੀ ਸ਼ੰਭੂ ਮੋਰਚੇ ਉੱਪਰ ਬੀਤੀ ਰਾਤ ਮੀਟਿੰਗ ਹੋਈ, ਜਿਸ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਲਈ ਬਾਰਡਰਾਂ ਉੱਪਰ ਲੜੇ ਜਾ ਰਹੇ ਅੰਦੋਲਨ ਦੇ ਇੱਕ ਸਾਲ ਪੂਰਾ ਹੋਣ ਮੌਕੇ ਕੀਤੇ ਜਾਣ ਵਾਲੇ ਪ੍ਰੋਗ੍ਰਾਮਾਂ ਦੀ ਰੂਪ ਰੇਖਾ ਬਣਾਈ ਗਈ। 

Courtesy: file photo

Share:

ਖਨੌਰੀ ਕਿਸਾਨ ਮੋਰਚੇ ਉੱਪਰ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 70ਵੇਂ ਦਿਨ ਵੀ ਜਾਰੀ ਰਿਹਾ। ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ, ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚਾ ਦੋਨਾਂ ਫੋਰਮਾਂ ਦੀ ਸ਼ੰਭੂ ਮੋਰਚੇ ਉੱਪਰ ਬੀਤੀ ਰਾਤ ਮੀਟਿੰਗ ਹੋਈ, ਜਿਸ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਲਈ ਬਾਰਡਰਾਂ ਉੱਪਰ ਲੜੇ ਜਾ ਰਹੇ ਅੰਦੋਲਨ ਦੇ ਇੱਕ ਸਾਲ ਪੂਰਾ ਹੋਣ ਸਮੇਂ 11 ਫਰਵਰੀ ਰਤਨਪੁਰਾ, 12 ਫਰਵਰੀ ਖਨੌਰੀ ਅਤੇ 13 ਫਰਵਰੀ ਨੂੰ ਸ਼ੰਭੂ ਕਿਸਾਨ ਮੋਰਚੇ ਉੱਪਰ ਹੋ ਰਹੀਆਂ ਕਿਸਾਨ ਮਹਾਂ ਪੰਚਾਇਤਾਂ ਦੇ ਪ੍ਰਬੰਧਾਂ ਸੰਬੰਧੀ ਡਿਊਟੀਆਂ ਲਗਾਈਆਂ ਗਈਆਂ ਅਤੇ ਮੋਰਚੇ ਦੀ ਅੱਗੇ ਦੀ ਰਣਨੀਤੀ ਅਤੇ ਅੱਗੇ ਦੇ ਪ੍ਰੋਗਰਾਮਾਂ ਸੰਬੰਧੀ ਵਿਚਾਰ ਚਰਚਾ ਕੀਤੀ ਗਈ। ਇਹਨਾਂ ਸਾਰੇ ਪ੍ਰੋਗ੍ਰਾਮਾਂ ਨੂੰ ਸਫਲ ਬਣਾਉਣ ਲਈ ਕਿਸਾਨ ਜਥੇਬੰਦੀਆਂ ਨੂੰ ਵਧ ਚੜ੍ਹ ਕੇ ਭਾਗ ਲੈਣ ਦੀ ਅਪੀਲ ਵੀ ਕੀਤੀ ਗਈ।

14 ਫਰਵਰੀ ਨੂੰ ਸਰਕਾਰ ਨਾਲ ਗੱਲਬਾਤ ਲਈ ਬਣੇਗਾ ਡੈਲੀਗੇਸ਼ਨ

ਕਿਸਾਨ ਆਗੂਆਂ ਦੱਸਿਆ ਕਿ 14 ਫਰਵਰੀ ਨੂੰ ਸਰਕਾਰ ਨਾਲ ਹੋਣ ਵਾਲੀ ਗੱਲਬਾਤ ਸੰਬੰਧੀ ਰਣਨੀਤੀ ਉਡੀਕਣ ਵਾਸਤੇ ਜਲਦ ਹੀ ਦੋਨੋਂ ਫੋਰਮਾਂ ਦੀ ਮੀਟਿੰਗ ਦੁਬਾਰਾ ਤੋਂ ਕੀਤੀ ਜਾਵੇਗੀ ਅਤੇ ਉਸ ਮੀਟਿੰਗ ਵਿੱਚ ਸਰਕਾਰ ਨਾਲ ਗੱਲਬਾਤ ਲਈ ਜਾਣ ਵਾਲੇ ਡੈਲੀਗੇਸ਼ਨ ਦੇ ਨਾਮ ਤੈਅ ਕੀਤੇ ਜਾਣਗੇ। ਕਿਸਾਨ ਆਗੂ ਦੱਸਿਆ ਕਿ ਰਤਨਪੁਰਾ ਮੋਰਚੇ ਉੱਪਰ 11 ਫਰਵਰੀ ਨੂੰ ਹੋਣ ਵਾਲੀ ਮਹਾਂ ਪੰਚਾਇਤ ਵਿੱਚ ਜਾਣ ਵਾਸਤੇ ਪੰਜਾਬ ਅਤੇ ਹਰਿਆਣਾ ਵਿੱਚ, ਰਤਨਪੁਰਾ ਕਿਸਾਨ ਮੋਰਚੇ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਮੀਟਿੰਗਾਂ ਕਰਕੇ ਮੋਰਚਿਆਂ ਵੱਲੋਂ ਡਿਊਟੀਆਂ ਲਗਾਈਆ ਜਾ ਰਹੀਆਂ ਹਨ ਅਤੇ ਵੱਡੀ ਗਿਣਤੀ ਦੇ ਵਿੱਚ 11 ਤਰੀਕ ਨੂੰ ਰਤਨਪੁਰਾ (ਰਾਜਸਥਾਨ) ਮਹਾਂ ਪੰਚਾਇਤ ਵਿੱਚ ਕਿਸਾਨ ਪਹੁੰਚਣਗੇ। ਕਿਸਾਨ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਜਾਰੀ ਰੱਖਣਗੇ। ਸਰਕਾਰ ਇਸ ਭੁਲੇਖੇ 'ਚ ਨਾ ਰਹੇ ਕਿ ਕਿਸਾਨ ਕਮਜ਼ੋਰ ਪੈ ਜਾਣਗੇ ਜਾਂ ਫਿਰ ਥੱਕ ਹਾਰ ਕੇ ਵਾਪਸ ਚਲੇ ਜਾਣਗੇ। ਜਦੋਂ ਤੱਕ ਸਾਹ ਚੱਲਦੇ ਹਨ ਉਦੋਂ ਤੱਕ ਮੋਰਚਾ ਵੀ ਚੱਲਦਾ ਰਹੇਗਾ।
 

ਜਾਣੋ ਕੌਣ ਹਨ ਜਗਜੀਤ ਸਿੰਘ ਡੱਲੇਵਾਲ

ਜਗਜੀਤ ਸਿੰਘ ਡੱਲੇਵਾਲ ਦਾ ਪਰਿਵਾਰਕ ਪਿਛੋਕੜ ਰਾਜਸਥਾਨ ਦੇ ਜੈਸਲਮੇਰ ਦਾ ਹੈ, ਉਨ੍ਹਾਂ ਦੇ ਬਜ਼ੁਰਗ ਫਰੀਦਕੋਟ ਆ ਕੇ ਵੱਸ ਗਏ ਸਨ। ਇੱਥੇ ਹੀ ਜਗਜੀਤ ਸਿੰਘ ਡੱਲੇਵਾਲ ਦਾ ਜਨਮ ਹੋਇਆ। ਉਨ੍ਹਾਂ ਮੁੱਢਲੀ ਪੜ੍ਹਾਈ ਫਰੀਦਕੋਟ ਤੋਂ ਹੀ ਕੀਤੀ ਅਤੇ ਫਿਰ ਰਾਜਨੀਤੀ ਸ਼ਾਸਤਰ ਵਿੱਚ ਮਾਸਟਰ ਡਿਗਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹਾਸਲ ਕੀਤੀ। ਡੱਲੇਵਾਲ ਦਾ ਪਰਿਵਾਰ ਗੁਰਸਿੱਖ ਪਰਿਵਾਰ ਹੈ। ਜਵਾਨੀ ਵੇਲੇ ਉਹ ਵਿਦਿਆਰਥੀ ਵਜੋਂ ਸਿੱਖ ਸਟੂਡੈਂਟ ਫੈਡਰੇਸ਼ਨ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਰਹੇ ਹਨ। ਇਸ ਵੇਲ਼ੇ ਜਗਜੀਤ ਸਿੰਘ ਡੱਲੇਵਾਲ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਹਨ। ਪਿਛਲੇ ਚਾਲੀ ਸਾਲਾਂ ਤੋਂ ਕਿਸਾਨੀ ਲਹਿਰ ਨਾਲ ਜੁੜੇ ਹੋਏ ਹਨ। ਜਗਜੀਤ ਸਿੰਘ ਡੱਲੇਵਾਲ ਨੇ ਜੋ ਵੀ ਕਿਸਾਨ ਲਹਿਰ ਲਈ ਕੀਤਾ ਹੈ, ਉਹ ਸਾਰੀ ਦੁਨੀਆਂ ਦੇ ਸਾਹਮਣੇ ਹੈ ਅਤੇ ਉਨ੍ਹਾਂ ਦਾ ਸੰਘਰਸ਼ ਜਾਰੀ ਹੈ।

ਇਹ ਵੀ ਪੜ੍ਹੋ