60 ਲੱਖ ਦਾ ਘਪਲਾ -BDPO ਫ਼ਰਾਰ, ਬਲਾਕ ਸੰਮਤੀ ਨੇ ਲਿਆ ਵੱਡਾ ਐਕਸ਼ਨ

ਵਿਧਾਇਕ ਤੇ ਚੇਅਰਮੈਨ ਦੀ ਹਾਜ਼ਰੀ 'ਚ ਕੀਤਾ ਗਿਆ ਮਤਾ ਪਾਸ। ਸਖ਼ਤ ਲਹਿਜੇ 'ਚ ਆਪ ਵਿਧਾਇਕ ਸੌਂਧ ਬੋਲੇ - ਇੱਕ ਇੱਕ ਪੈਸਾ ਬੀਡੀਪੀਓ ਤੋਂ ਵਸੂਲ ਕਰਾਂਗੇ। 

Share:

ਖੰਨਾ ਦੇ ਬਲਾਕ ਵਿਕਾਸ ਪੰਚਾਇਤ ਅਫ਼ਸਰ (ਬੀਡੀਪੀਓ) ਦੇ ਦਫ਼ਤਰ 'ਚ ਕਰੀਬ 60 ਲੱਖ ਰੁਪਏ ਦੇ ਗਬਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਸ ਅਧਿਕਾਰੀ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। 'ਆਪ' ਵਿਧਾਇਕ ਤਰੁਨਪ੍ਰੀਤ ਸਿੰਘ ਸੌਂਧ ਅਤੇ ਬਲਾਕ ਸਮਿਤੀ ਚੇਅਰਮੈਨ ਸਤਨਾਮ ਸਿੰਘ ਸੋਨੀ ਨੇ ਸ਼ੁੱਕਰਵਾਰ ਨੂੰ ਸਾਂਝੀ ਪ੍ਰੈੱਸ ਕਾਨਫਰੰਸ 'ਚ ਇਸ ਘਪਲੇ ਦਾ ਪਰਦਾਫਾਸ਼ ਕੀਤਾ ਸੀ। ਸੋਮਵਾਰ ਨੂੰ ਬਲਾਕ ਸੰਮਤੀ ਚੇਅਰਮੈਨ ਸਤਨਾਮ ਸਿੰਘ ਸੋਨੀ ਨੇ ਐਮਰਜੈਂਸੀ ਮੀਟਿੰਗ ਬੁਲਾਈ। ਜਿਸ ਵਿੱਚ ਵਿਧਾਇਕ ਸੌਂਧ ਵੀ ਪਹੁੰਚੇ। ਇਸ ਮੀਟਿੰਗ ਵਿੱਚ ਵਿਧਾਇਕ ਤੇ ਚੇਅਰਮੈਨ ਸਮੇਤ 12 ਬਲਾਕ ਸੰਮਤੀ ਮੈਂਬਰਾਂ ਨੇ ਬੀਡੀਪੀਓ ਖਿਲਾਫ ਮਤਾ ਪਾਸ ਕਰ ਦਿੱਤਾ।  ਪੰਚਾਇਤ ਵਿਭਾਗ ਦੇ ਡਾਇਰੈਕਟਰ ਨੂੰ ਕਾਰਵਾਈ ਲਈ ਭੇਜੇ ਇਸ ਮਤੇ ਵਿੱਚ ਬੀਡੀਪੀਓ ਖ਼ਿਲਾਫ਼ ਅਨੁਸ਼ਾਸਨੀ ਅਤੇ ਪ੍ਰਸ਼ਾਸਨਿਕ ਦੋਵੇਂ ਪ੍ਰਕਾਰ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਹੁਣ ਤੱਕ ਜੋ ਧਾਂਦਲੀਆਂ ਸਾਮਣੇ ਆਈਆਂ ਹਨ, ਉਸ ਨਾਲ ਬੈਂਕ ਅਧਿਕਾਰੀਆਂ ਅਤੇ ਸਰਪੰਚਾਂ ਦੀ ਕਾਰਜਸ਼ੈਲੀ 'ਤੇ ਵੀ ਸਵਾਲ ਉੱਠ ਰਹੇ ਹਨ।

ਵਿਧਾਇਕ ਨੇ ਬੈਂਕ ਐਂਟਰੀਆਂ ਦਾ ਕੀਤਾ ਪਰਦਾਫਾਸ਼ 

ਵਿਧਾਇਕ ਤਰੁਨਪ੍ਰੀਤ ਸੌਂਧ ਨੇ ਬੈਂਕ ਐਂਟਰੀਆਂ ਦਾ ਪਰਦਾਫਾਸ਼ ਕੀਤਾ। ਉਨ੍ਹਾਂ ਦੱਸਿਆ ਕਿ ਬੀਡੀਪੀਓ ਕੁਲਵਿੰਦਰ ਸਿੰਘ ਨੇ ਈਓਪੀਐਸ ਦੇ ਤਿੰਨ ਜਾਅਲੀ ਖਾਤੇ ਖੁਲ੍ਹਵਾਏ। ਇਨ੍ਹਾਂ ਵਿੱਚੋਂ 2 ਅਮਲੋਹ ਅਤੇ 1 ਖੰਨਾ ਵਿਖੇ ਖੋਲ੍ਹਿਆ ਗਿਆ। ਨਸਰਾਲੀ ਪਿੰਡ ਦੀ ਪੰਚਾਇਤ ਦੇ 40 ਲੱਖ ਰੁਪਏ ਅਤੇ ਬੁੱਲੇਪੁਰ ਪੰਚਾਇਤ ਦੇ 20 ਲੱਖ ਰੁਪਏ ਆਪਣੇ ਚਹੇਤਿਆਂ ਦੀਆਂ ਜਾਅਲੀ ਫਰਮਾਂ ਨੂੰ ਟਰਾਂਸਫਰ ਕਰ ਦਿੱਤੇ ਗਏ। ਅਜਿਹੇ ਅਧਿਕਾਰੀ ਨੂੰ ਕਦੇ ਵੀ ਬਖਸ਼ਿਆ ਨਹੀਂ ਜਾਵੇਗਾ। ਇੱਕ ਇੱਕ ਪੈਸਾ ਵਸੂਲਿਆ ਜਾਵੇਗਾ। ਵਿਧਾਇਕ ਨੇ ਕਿਹਾ ਕਿ ਮਤਾ ਪਾਸ ਕਰਕੇ ਇਸਨੂੰ ਵਿਭਾਗ ਦੇ ਹੋਰ ਅਧਿਕਾਰੀਆਂ ਸਮੇਤ ਡਾਇਰੈਕਟਰ ਅਤੇ ਡੀਸੀ ਨੂੰ ਭੇਜ ਦਿੱਤਾ ਗਿਆ ਹੈ ਤਾਂ ਜੋ ਅਗਲੇਰੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ  ਜਿਸ ਦਿਨ ਤੋਂ ਇਹ ਘਪਲਾ ਸਾਮਣੇ ਆਇਆ, ਉਸ ਦਿਨ ਤੋਂ ਬੀਡੀਪੀਓ ਫਰਾਰ ਹੈ। ਫੋਨ ਵੀ ਬੰਦ ਕੀਤਾ ਹੋਇਆ ਹੈ। 

ਚੇਅਰਮੈਨ ਨੇ ਖੋਲ੍ਹੇ ਕਈ ਰਾਜ 

ਬਲਾਕ ਸੰਮਤੀ ਦੇ ਚੇਅਰਮੈਨ ਸਤਨਾਮ ਸਿੰਘ ਸੋਨੀ ਨੇ ਕਿਹਾ ਕਿ ਖਾਤੇ ਖੋਲ੍ਹਣ ਤੋਂ ਲੈ ਕੇ ਅਦਾਇਗੀਆਂ ਕਰਨ ਤੱਕ ਧਾਂਦਲੀਆਂ ਹੀ ਧਾਂਦਲੀਆਂ ਹਨ।। ਬਤੌਰ ਚੇਅਰਮੈਨ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਮਤੇ ’ਤੇ ਕਿਸੇ ਵੀ ਬਲਾਕ ਸੰਮਤੀ ਮੈਂਬਰ ਵੱਲੋਂ ਦਸਤਖ਼ਤ ਨਹੀਂ ਕੀਤੇ ਗਏ। ਕੋਈ ਐਸਟੀਮੇਟ ਨਹੀਂ ਲਗਵਾਇਆ ਗਿਆ। ਖਾਤੇ ਗ਼ੈਰਕਾਨੂੰਨੀ ਢੰਗ ਨਾਲ ਖੋਲ੍ਹੇ ਗਏ। ਸਰਬਸੰਮਤੀ ਨਾਲ ਮਤਾ ਪਾਸ ਕਰਕੇ ਬੀਡੀਪੀਓ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇਸਦੀ ਸ਼ਿਕਾਇਤ ਮੁੱਖ ਮੰਤਰੀ ਨੂੰ ਵੀ ਕੀਤੀ ਜਾਵੇਗੀ। ਚੇਅਰਮੈਨ ਨੇ ਦੱਸਿਆ ਕਿ ਅੱਜ ਦੇ ਮਤੇ 'ਚ ਵਿਧਾਇਕ ਤੇ ਉਹਨਾਂ ਤੋਂ ਇਲਾਵਾ ਬਲਾਕ ਸੰਮਤੀ ਉਪ ਚੇਅਰੈਮਨ ਮਨਜੀਤ ਕੌਰ, ਪਰਮਜੀਤ ਸਿੰਘ ਨਸਰਾਲੀ, ਸੋਹਣ ਸਿੰਘ ਮਾਜਰੀ, ਕੁਲਵਿੰਦਰ ਸਿੰਘ ਰਸੂਲੜਾ, ਸਤਿੰਦਰ ਸਿੰਘ ਗੋਹ, ਜਸਵੀਰ ਸਿੰਘ ਰਤਨਹੇੜੀ, ਮਨਜੀਤ ਸਿੰਘ ਬੀਜਾ, ਯਾਦਵਿੰਦਰ ਸਿੰਘ ਭੁਮੱਦੀ, ਗੁਰਮੀਤ ਕੌਰ ਕੌੜੀ, ਮਨਜੀਤ ਕੌਰ ਜਟਾਣਾ (ਸਾਰੇ ਬਲਾਕ ਸੰਮਤੀ ਮੈਂਬਰ) ਨੇ ਸਹਿਮਤੀ ਜਤਾਈ।  

 

 

 

ਇਹ ਵੀ ਪੜ੍ਹੋ