ਲੁਧਿਆਣਾ ਚ ਪਟਾਕਾ ਵਪਾਰੀ ਤੋਂ ਲੁੱਟੇ 4 ਲੱਖ ਰੁਪਏ

ਸ਼ਹੀਦ ਸੁਖਦੇਵ ਥਾਪਰ ਦੇ ਪਰਿਵਾਰਕ ਮੈਂਬਰ ਜਦੋਂ ਘਰ ਜਾ ਰਹੇ ਸੀ ਤਾਂ 6 ਲੁਟੇਰਿਆਂ ਨੇ ਗਰਦਨ ਤੇ ਤੇਜਧਾਰ ਹਥਿਆਰ ਰੱਖ ਕੇ ਨਕਦੀ ਲੁੱਟ ਲਈ।

Share:

ਹਾਈਲਾਈਟਸ

  • ਪਟਾਕਾ ਵਪਾਰੀ
  • ਲਾਇਸੰਸੀ ਰਿਵਾਲਵਰ

ਲੁਧਿਆਣਾ ਚ ਸ਼ਹੀਦ ਸੁਖਦੇਵ ਥਾਪਰ ਦੇ ਪਰਿਵਾਰਕ ਮੈਂਬਰ ਅਤੇ ਪਟਾਕਾ ਵਪਾਰੀ  ਅਸ਼ੋਕ ਥਾਪਰ (65) ਕੋਲੋਂ 4 ਲੱਖ ਰੁਪਏ ਲੁੱਟੇ ਗਏ। ਮੋਟਰਸਾਈਕਲ ਸਵਾਰ 6 ਬਦਮਾਸ਼ਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਇਹ ਵਾਰਦਾਤ ਉਸ ਵੇਲੇ ਵਾਪਰੀ ਜਦੋਂ ਅਸ਼ੋਕ ਥਾਪਰ ਰਾਤ ਨੂੰ ਪਟਾਕਿਆਂ ਦੀ ਥੋਕ ਮੰਡੀ ਤੋਂ ਘਰ ਜਾ ਰਹੇ ਸਨ। ਅਸ਼ੋਕ ਥਾਪਰ ਦੇ ਪੁੱਤਰ ਤ੍ਰਿਭੁਵਨ ਥਾਪਰ ਨੇ ਦੱਸਿਆ ਕਿ ਉਨ੍ਹਾਂ ਦੀ ਅਨਾਜ ਮੰਡੀ ਵਿੱਚ ਪਟਾਕਿਆਂ ਦੀ ਦੁਕਾਨ ਹੈ। ਉਨ੍ਹਾਂ ਦੇ ਪਿਤਾ ਅਸ਼ੋਕ ਥਾਪਰ ਆਪਣੇ ਭਤੀਜੇ ਨਾਲ  ਐਕਟਿਵਾ ’ਤੇ ਘਰ ਜਾ ਰਹੇ ਸਨ। ਉਨ੍ਹਾਂ ਦੇ ਕੋਲ ਕਰੀਬ 4 ਲੱਖ ਰੁਪਏ ਦੀ ਨਕਦੀ (ਪਟਾਕਿਆਂ ਦੀ ਵਿਕਰੀ ਦੀ ਰਕਮ ) ਸੀ। ਜਦੋਂ ਉਹ ਚਾਂਦ ਸਿਨੇਮਾ ਪੁਲ ਨੇੜੇ ਪਹੁੰਚੇ ਤਾਂ ਉਨ੍ਹਾਂ ਨੂੰ ਮੋਟਰਸਾਈਕਲ ਸਵਾਰ ਛੇ ਨਕਾਬਪੋਸ਼ ਨੌਜਵਾਨਾਂ ਨੇ ਰੋਕ ਲਿਆ। ਬਦਮਾਸ਼ਾਂ ਨੇ ਉਸਦੇ ਪਿਤਾ ਦੀ ਗਰਦਨ ’ਤੇ ਹਥਿਆਰ ਰੱਖ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਨਕਦੀ ਲੁੱਟ ਲਈ। ਤ੍ਰਿਭੁਵਨ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਅਸ਼ੋਕ ਥਾਪਰ ਨੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਪਰ ਬਦਮਾਸ਼ਾਂ ਨੇ ਉਨ੍ਹਾਂ ਦਾ ਗਲਾ ਵੱਢਣ ਦੀ ਧਮਕੀ ਦਿੱਤੀ। ਲੁਟੇਰਿਆਂ ਨੇ ਉਸਦੇ ਪਿਤਾ ਕੋਲੋਂ ਦੋ ਮੋਬਾਈਲ ਫ਼ੋਨ ਸਮੇਤ ਨਕਦੀ ਵਾਲਾ ਬੈਗ ਖੋਹ ਲਿਆ ਅਤੇ ਫਰਾਰ ਹੋ ਗਏ।

ਲਾਇਸੰਸੀ ਰਿਵਾਲਵਰ ਲੈ ਕੇ ਪਿੱਛੇ ਦੌੜਿਆ ਬਜ਼ੁਰਗ

ਅਸ਼ੋਕ ਥਾਪਰ ਕੋਲ ਲਾਇਸੈਂਸੀ ਰਿਵਾਲਵਰ  ਸੀ।  ਉਨ੍ਹਾਂ ਨੇ ਬਦਮਾਸ਼ਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕਰਦੇ ਹੋਏ ਆਪਣਾ ਹਥਿਆਰ ਵੀ ਕੱਢ ਲਿਆ, ਪਰ ਹਨ੍ਹੇਰਾ ਹੋਣ ਕਾਰਨ ਲੁਟੇਰੇ ਭੱਜਣ ਵਿਚ ਕਾਮਯਾਬ ਹੋ ਗਏ। ਅਸ਼ੋਕ ਥਾਪਰ ਨੇ ਕਿਸੇ ਟਰੱਕ ਡਰਾਈਵਰ ਤੋਂ ਮੋਬਾਈਲ ਫੋਨ ਲਿਆ ਅਤੇ ਲੁੱਟ ਦੀ ਸੂਚਨਾ ਪੁਲਿਸ ਨੂੰ ਦਿੱਤੀ।  ਥਾਣਾ ਦਰੇਸ਼ੀ ਦੀ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ  ਇਸ ਮਾਮਲੇ ਵਿੱਚ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ।

ਇਹ ਵੀ ਪੜ੍ਹੋ