ਲੁਧਿਆਣਾ ਦੇ ਕਾਰੋਬਾਰੀ ਨਾਲ 4 ਕਰੋੜ 80 ਲੱਖ ਦੀ ਠੱਗੀ

ਦਿੱਲੀ ਤੇ ਮੁਰਾਦਾਬਾਦ ਦੇ ਕੁੱਝ ਲੋਕ ਵੀ ਮੁਲਜ਼ਮਾਂ 'ਚ ਸ਼ਾਮਲ। ਪੁਲਿਸ ਨੇ ਦਰਜ ਕੀਤਾ ਮੁਕੱਦਮਾ।

Share:

ਮਹਾਨਗਰ ਲੁਧਿਆਣਾ ਦੇ ਇੱਕ ਕਾਰੋਬਾਰੀ ਨਾਲ ਕੁੱਝ ਵਿਅਕਤੀਆਂ ਨੇ ਸਾਜ਼ਿਸ਼ ਰਚ ਕੇ ਕਰੋੜਾਂ ਰੁਪਏ ਦੀ ਠੱਗੀ ਮਾਰੀ। ਇਸ ਮਾਮਲੇ ਵਿੱਚ ਪੜਤਾਲ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਮੁਕੱਦਮਾ ਦਰਜ ਕੀਤਾ। ਇਹ ਮੁਕੱਦਮਾ ਕਾਰੋਬਾਰੀ ਪੁਨੀਤ ਅਰੋੜਾ ਵਾਸੀ ਐਸਬੀਐਸ ਨਗਰ ਪੱਖੋਵਾਲ ਰੋਡ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ। ਇਸ ਵਿੱਚ ਲੁਧਿਆਣਾ ਦੇ ਮਾਇਆ ਨਗਰ ਦੇ ਵਾਸੀ ਅਭਿਸ਼ੇਕ ਗੋਇਲ ਤੇ ਭਗਵਾਨ ਦਾਸ ਗੋਇਲ, ਪ੍ਰੀਤ ਨਗਰ ਨਿਊ ਸ਼ਿਮਲਾਪੁਰੀ ਦੇ ਵਾਸੀ ਪੰਕਜ ਜੌਹਰ ਤੇ ਮੰਨਾ, ਮੁਰਾਦਾਬਾਦ ਦੀ ਰਹਿਣ ਵਾਲੀ ਮੀਨੂ ਚੌਧਰੀ ਤੇ ਸੁਸ਼ਾਂਤ ਰਾਜਪੂਤ ਅਤੇ ਦਿੱਲੀ ਦੇ ਰਹਿਣ ਵਾਲੇ ਮਨੀਸ਼ ਮਿਸ਼ਰਾ ਨੂੰ ਨਾਮਜ਼ਦ ਕੀਤਾ ਗਿਆ। ਇਹਨਾਂ ਵਿਰੁੱਧ ਧੋਖਾਧੜੀ ਕਰਨ, ਅਪਰਾਧਿਕ ਸਾਜਿਸ਼ ਰਚਣ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ। 

ਨਿਵੇਸ਼ ਦੇ ਨਾਂਅ 'ਤੇ ਠੱਗੀ 

18 ਅਗਸਤ 2023 ਨੂੰ ਪੁਨੀਤ ਅਰੋੜਾ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ। ਇਸ ਵਿੱਚ ਕਿਹਾ ਗਿਆ ਕਿ ਮੁਲਜ਼ਮਾਂ ਨੇ ਹਮਮਸ਼ਵਰਾ ਹੋ ਕੇ ਸੋਚੀ ਸਮਝੀ ਸਾਜਿਸ਼ ਤਹਿਤ ਉਸ ਕੋਲੋਂ ਜੌਹਰ ਕਰਿਆਨਾ ਸਟੋਰ ਵਿੱਚ ਰਕਮ ਨਿਵੇਸ਼ ਕਰਕੇ ਲਾਭ ਕਮਾਉਣ ਦਾ ਝਾਂਸਾ ਦਿੱਤਾ l ਮੁਲਜ਼ਮਾਂ ਨੇ ਧੋਖਾਧੜੀ ਕਰਦਿਆਂ ਪੁਨੀਤ ਅਰੋੜਾ ਕੋਲੋਂ 4 ਕਰੋੜ 80 ਲੱਖ ਰੁਪਏ ਦੀ ਰਕਮ ਹਾਸਲ ਕੀਤੀ l ਨਾ ਤਾਂ ਉਸਨੂੰ ਮੁਨਾਫਾ ਦਿੱਤਾ ਗਿਆ ਅਤੇ ਨਾ ਹੀ ਅਸਲ ਰਕਮ ਵਾਪਸ ਕੀਤੀ ਗਈ। ਸ਼ਿਕਾਇਤ ਤੋਂ ਬਾਅਦ ਲੁਧਿਆਣਾ ਪੁਲਿਸ ਦੇ ਅਧਿਕਾਰੀਆਂ ਨੇ ਮਾਮਲੇ ਦੀ ਡੁੰਘਾਈ ਨਾਲ ਪੜਤਾਲ ਕਰਕੇ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕੀਤਾ l ਫਿਲਹਾਲ ਇਸ 'ਚ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। 

ਇਹ ਵੀ ਪੜ੍ਹੋ