ਸ਼੍ਰੀ ਹਰਿਮੰਦਰ ਸਾਹਿਬ ਚੋਂ 1 ਲੱਖ ਰੁਪਏ ਚੋਰੀ

ਘਟਨਾ ਨਾਲ ਸੁਰੱਖਿਆ ਉਪਰ ਲੱਗੇ ਸਵਾਲੀਆ ਨਿਸ਼ਾਨ। ਸੀਸੀਟੀਵੀ ਰਾਹੀਂ ਮੁਲਜ਼ਮਾਂ ਦਾ ਪਤਾ ਲਗਾ ਰਹੀ ਪੁਲਿਸ ਤੇ ਸ਼੍ਰੋਮਣੀ ਕਮੇਟੀ। ਤਿੰਨ ਸ਼ੱਕੀ ਵਿਅਕਤੀ ਕੈਮਰੇ 'ਚ ਹੋਏ ਕੈਦ। 

Share:

ਅੰਮ੍ਰਿਤਸਰ ਵਿਖੇ ਸ਼੍ਰੀ ਹਰਿਮੰਦਰ ਸਾਹਿਬ ਚੋਂ 1 ਲੱਖ ਰੁਪਏ ਚੋਰੀ ਹੋ ਗਏ। ਇਸ ਘਟਨਾ ਦੇ ਨਾਲ ਇਤਿਹਾਸਕ ਸਥਾਨ ਦੀ ਸੁਰੱਖਿਆ ਵਿਵਸਥਾ ਦੀ ਪੋਲ ਵੀ ਖੁੱਲ੍ਹੀ ਹੈ। ਘਟਨਾ ਐਤਵਾਰ ਦੇਰ ਰਾਤ ਦੀ ਦੱਸੀ ਜਾ ਰਹੀ ਹੈ। ਦੁੱਖ ਭੰਜਣੀ ਬੇਰੀ ਬਾਹੀ ਵਾਲੇ ਪਾਸੇ ਬਣੇ ਕਾਊਂਟਰ 'ਤੇ ਤਾਇਨਾਤ ਕਲਰਕ ਰਸ਼ਪਾਲ ਸਿੰਘ ਬੈਠੇ ਸੀ ਤਾਂ ਇੱਕ ਔਰਤ ਅਤੇ ਦੋ ਵਿਅਕਤੀ ਉਸ ਪਾਸ ਪਹੁੰਚੇ। ਜਿਹਨਾਂ ਨੇ ਰਸੀਦ ਕਟਵਾਈ। ਜਦੋਂ ਕਲਰਕ ਦਾ ਧਿਆਨ ਇੱਕ ਵਿਅਕਤੀ ਦੇ ਪੈਸੇ ਡਿੱਗਣ ਵਾਲੇ ਪਾਸੇ ਗਿਆ ਤਾਂ ਕਲਰਕ ਨੇ ਸਬੰਧਤ ਵਿਅਕਤੀ ਨੂੰ ਪੈਸੇ ਚੁੱਕਣ ਲਈ ਕਿਹਾ। ਇਸੇ ਦੌਰਾਨ ਦੂਜੇ ਵਿਅਕਤੀ ਨੇ ਕਾਊਂਟਰ ਦੇ ਗੱਲੇ 'ਚੋਂ  50-50 ਹਜ਼ਾਰ ਦੇ ਦੋ ਬੰਡਲ ਚੋਰੀ ਕਰ ਲਏ। ਪੈਸੇ ਕੱਢਣ ਤੋਂ ਬਾਅਦ ਤਿੰਨੋਂ ਰਫੂ ਚੱਕਰ ਹੋ ਗਏ।  ਕਲਰਕ ਨੂੰ ਤਕਰੀਬਨ ਇੱਕ ਘੰਟੇ ਬਾਅਦ ਉਸ ਸਮੇਂ ਪਤਾ ਲੱਗਿਆ ਜਦੋਂ ਉਸਨੇ ਕੈਸ਼ ਦਾ ਮਿਲਾਨ ਕੀਤਾ ਤਾਂ ਇੱਕ ਲੱਖ ਰੁਪਏ ਘੱਟ ਸੀ। 

ਨੌਸਰਬਾਜ਼ਾਂ ਨੇ ਦਿੱਤਾ ਅੰਜਾਮ 

ਇਸ ਸਬੰਧ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਤੰਗੇੜਾ ਨੇ ਕਿਹਾ ਕਿ ਨੌਸਰਬਾਜ਼ਾਂ ਵੱਲੋਂ ਕਲਰਕ ਨੂੰ ਧੋਖਾ ਦੇ ਕੇ ਗੱਲੇ 'ਚੋਂ ਇਕ ਲੱਖ ਰੁਪਏ ਚੋਰੀ ਕੀਤੇ ਗਏ। ਇਸਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਈ ਗਈ ਹੈ ਅਤੇ ਆਪਣੇ ਤੌਰ 'ਤੇ ਵੀ ਸੀਸੀਟੀਵੀ ਰਾਹੀਂ ਇਨ੍ਹਾਂ ਨੌਸਰਬਾਜਾਂ ਦਾ ਪਤਾ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ