‘ਆਪ’ ਵਿਧਾਇਕ ਨੇ ਗੰਨਮੈਨਾਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ, ਅਕਾਲੀ ਦਲ ਨੇ ਕਿਹਾ- ਮਰਿਆਦਾ ਦੀ ਉਲੰਘਣਾ, SGPC ਕਰੇ ਕਾਰਵਾਈ

ਵਿਧਾਇਕਾ ਬਲਜਿੰਦਰ ਕੌਰ ਆਪਣੇ ਪਤੀ ਸੁਖਰਾਜ ਸਿੰਘ ਬੱਲ ਨਾਲ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਹੋਏ ਸੀ। ਇਸ ਸਮੇਂ ਦੌਰਾਨ ਉਨ੍ਹਾਂ ਦੇ ਸਰਕਾਰੀ ਗੰਨਮੈਨ ਵਰਦੀ ਵਿੱਚ ਹਰਿਮੰਦਰ ਸਾਹਿਬ ਗਏ ਅਤੇ ਸੱਚਖੰਡ ਅੰਦਰ ਪਹੁੰਚ ਕੇ ਵਰਦੀ ਵਿੱਚ ਮੱਥਾ ਟੇਕਿਆ।

Share:

ਹਾਈਲਾਈਟਸ

  • ਪੰਜਾਬ ਵਿੱਚ ਸਿੱਖ ਮਰਿਆਦਾ ਅਨੁਸਾਰ ਕੋਈ ਵੀ ਪੁਲਿਸ ਮੁਲਾਜ਼ਮ ਜਾਂ ਅਧਿਕਾਰੀ ਸ੍ਰੀ ਹਰਿਮੰਦਰ ਸਾਹਿਬ ਸਮੇਤ ਕਿਸੇ ਵੀ ਗੁਰਦੁਆਰੇ ਵਿੱਚ ਸਰਕਾਰੀ ਵਰਦੀ ਪਾ ਕੇ ਜਾਂ ਸਰਕਾਰੀ ਹਥਿਆਰ ਲੈ ਕੇ ਦਾਖ਼ਲ ਨਹੀਂ ਹੁੰਦਾ

ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ  ਦੀ ਵਿਧਾਇਕਾ ਬਲਜਿੰਦਰ ਕੌਰ ਨਾਲ ਉਸ ਦੇ ਗੰਨਮੈਨ ਵਰਦੀ ਪਾ ਕੇ ਹਰਿਮੰਦਰ ਸਾਹਿਬ ਦੇ ਅੰਦਰ ਦਾਖਲ ਹੋ ਗਏ ਜਿਸ ਤੋਂ ਬਾਅਦ ਇਸ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਇਸ ਨਾਲ ਸਬੰਧਤ ਫੋਟੋ-ਵੀਡੀਓ ਸਾਂਝੀ ਕਰਕੇ ਇਸ ਸਾਰੀ ਘਟਨਾ ਤੇ ਇਤਰਾਜ਼ ਪ੍ਰਗਟਾਇਆ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਲਜਿੰਦਰ ਕੌਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।

 

ਸਾਕਾ ਨੀਲਾ ਤਾਰਾ ਤੋਂ ਬਾਅਦ ਬਣੀ ਪਰੰਪਰਾ

ਬਠਿੰਡਾ ਜ਼ਿਲ੍ਹੇ ਦੀ ਤਲਵੰਡੀ ਸਾਬੋ ਸੀਟ ਤੋਂ ਆਪਵਿਧਾਇਕ ਬਲਜਿੰਦਰ ਕੌਰ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚੀ ਸੀ। ਪੰਜਾਬ ਵਿੱਚ ਸਿੱਖ ਮਰਿਆਦਾ ਅਨੁਸਾਰ ਕੋਈ ਵੀ ਪੁਲਿਸ ਮੁਲਾਜ਼ਮ ਜਾਂ ਅਧਿਕਾਰੀ ਸ੍ਰੀ ਹਰਿਮੰਦਰ ਸਾਹਿਬ ਸਮੇਤ ਕਿਸੇ ਵੀ ਗੁਰਦੁਆਰੇ ਵਿੱਚ ਸਰਕਾਰੀ ਵਰਦੀ ਪਾ ਕੇ ਜਾਂ ਸਰਕਾਰੀ ਹਥਿਆਰ ਲੈ ਕੇ ਦਾਖ਼ਲ ਨਹੀਂ ਹੁੰਦਾ। ਸਿੱਖ ਪੰਥ ਦੀ ਸਰਵਉੱਚ ਸੰਸਥਾ ਅਕਾਲ ਤਖ਼ਤ ਸਾਹਿਬ ਨੇ 1984 ਵਿੱਚ ਸਾਕਾ ਨੀਲਾ ਤਾਰਾ ਤੋਂ ਬਾਅਦ ਅਜਿਹਾ ਕਰਨ ਦੀ ਜ਼ੁਬਾਨੀ ਮਨਾਹੀ ਕਰ ਦਿੱਤੀ ਸੀ। ਉਦੋਂ ਤੋਂ ਇਹ ਪਰੰਪਰਾ ਬਣ ਗਈ ਹੈ।

 

 ਹੰਕਾਰ ਬਹੁਤ ਵੱਡਾ ਗੁਨਾਹ -- ਵਲਟੋਹਾ

ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਬਲਜਿੰਦਰ ਕੌਰ ਦੀ ਫੋਟੋ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਲਿਖਿਆ- 'ਹੰਕਾਰ 'ਚ ਵੱਡਾ ਅਪਰਾਧ।'

ਵਲਟੋਹਾ ਨੇ ਲਿਖਿਆ ਕਿ ਗੁਰੂਘਰ ਵਿੱਚ ਮੱਥਾ ਟੇਕਣਾ ਸ਼ਲਾਘਾਯੋਗ ਹੈ ਪਰ ਅੰਦਰ ਸੁਰੱਖਿਆ ਲਈ ਤਾਇਨਾਤ ਵਰਦੀਧਾਰੀ ਪੁਲਿਸ ਮੁਲਾਜ਼ਮਾਂ ਨੂੰ ਲੈ ਕੇ ਜਾਣਾ ਸਿੱਖ ਮਰਿਆਦਾ ਦੇ ਖ਼ਿਲਾਫ਼ ਹੈ। ਇਹ ਗੁਰੂਘਰ ਦੀ ਮਰਿਆਦਾ ਦੀ ਉਲੰਘਣਾ ਹੈ। ਅਕਾਲੀ ਆਗੂ ਨੇ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗ ਕੀਤੀ ਕਿ ਆਪਵਿਧਾਇਕਾ ਬਲਜਿੰਦਰ ਕੌਰ, ਉਨ੍ਹਾਂ ਦੇ ਪਤੀ ਸੁਖਰਾਜ ਬੱਲ ਅਤੇ ਸਬੰਧਤ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਧਾਰਮਿਕ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਦੁਬਾਰਾ ਅਜਿਹਾ ਨਾ ਹੋਵੇ।

 

ਆਪ ਵਿਧਾਇਕ ਦਾ ਸਪੱਸ਼ਟੀਕਰਨ

ਵਧਦੇ ਵਿਵਾਦ ਨੂੰ ਦੇਖਦੇ ਹੋਏ 'ਆਪ' ਵਿਧਾਇਕਾ ਬਲਜਿੰਦਰ ਕੌਰ ਨੇ ਆਪਣੇ ਨਿੱਜੀ ਸਹਾਇਕ  ਰਾਹੀਂ ਇਸ ਪੂਰੇ ਵਿਵਾਦ ਦਾ ਖੁਲਾਸਾ ਕੀਤਾ ਹੈ। ਬਲਜਿੰਦਰ ਕੌਰ ਤਰਫ਼ੋਂ ਉਨ੍ਹਾਂ ਦੇ ਪੀਏ ਨੇ ਕਿਹਾ ਕਿ ਪੁਲਿਸ ਮੁਲਾਜ਼ਮ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਹੀ ਰਹੇ। ਉਹ ਸੱਚਖੰਡ ਸਾਹਿਬ ਦੇ ਅੰਦਰ ਨਹੀਂ ਗਏ। ਹਰਿਮੰਦਰ ਸਾਹਿਬ ਦੀ ਪਰਿਕਰਮਾ ਲਈ ਜਾਣ ਤੋਂ ਪਹਿਲਾਂ ਸਾਰੇ ਕਰਮਚਾਰੀਆਂ ਨੇ ਆਪਣੀਆਂ ਬੈਲਟਾਂ ਅਤੇ ਹੋਰ ਵਰਜਿਤ ਵਸਤੂਆਂ ਉਤਾਰ ਦਿੱਤੀਆਂ ਸਨ।

 

ਮਰਿਆਦਾ ਬਰਕਰਾਰ ਰੱਖੀ ਜਾਵੇ

ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਕੋਈ ਵੀ ਗੁਰੂ ਘਰ ਵਿੱਚ ਇਨਸਾਨ ਝੁੱਕ ਕੇ ਜਾਂਦਾ ਹੈ। ਇਹ ਪਰੰਪਰਾ ਹੈ ਕਿ ਗੁਰੂਘਰ ਵਿਚ ਪੁਲਿਸ ਦੀ ਵਰਦੀ ਪਾ ਕੇ ਕਿਸੇ ਵੀ ਤਰ੍ਹਾਂ ਦਾ ਰੌਬ ਨਾ ਦਿਖਾਇਆ ਜਾਵੇ। ਜੇਕਰ ਕੋਈ ਪੁਲਿਸ ਮੁਲਾਜ਼ਮ ਗੁਰੂਦੁਆਰੇ ਮੱਥਾ ਟੇਕਣ ਲਈ ਜਾਂਦਾ ਹੈ ਤਾਂ ਵੀ ਉਹ ਆਪਣੀ ਬੈਲਟ ਅਤੇ ਸਰਕਾਰੀ ਹਥਿਆਰ ਬਾਹਰ ਹੀ ਰੱਖਦਾ ਹੈ। ਜੇਕਰ ਕੋਈ ਵੀਵੀਆਈਪੀ ਜ਼ੈੱਡ ਪਲੱਸ ਸੁਰੱਖਿਆ ਨਾਲ ਆਉਂਦਾ ਹੈ ਤਾਂ ਉਸ ਦੇ ਨਾਲ ਆਏ ਸਿਪਾਹੀ ਵੀ ਸਿਵਲ ਡਰੈੱਸ ਵਿੱਚ ਅੰਦਰ ਜਾਂਦੇ ਹਨ। ਇਹ ਇੱਕ ਮਰਿਆਦਾ ਹੈ ਜਿਸ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ।

ਇਹ ਵੀ ਪੜ੍ਹੋ

Tags :