ਅੰਮ੍ਰਿਤਸਰ: 15.08 ਲੱਖ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਸਮੇਤ 12 ਮੁਲਜ਼ਮ ਕੀਤੇ ਗ੍ਰਿਫਤਾਰ

ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਫਾਰਮਾ ਓਪੀਔਡਜ਼ ਦੇ ਖਿਲਾਫ ਵੱਡੇ ਖੁਫੀਆ ਅਭਿਆਨ 'ਤੇ ਕਾਰਵਾਈ ਕਰਦੇ ਹੋਏ ਪੰਜਾਬ ਪੁਲਿਸ, ਉੱਤਰ ਪ੍ਰਦੇਸ਼ ਪੁਲਿਸ ਨੇ ਗੁਜਰਾਤ ਤੋਂ ਚੱਲ ਰਹੇ ਗੈਰ-ਕਾਨੂੰਨੀ ਅਫੀਮ ਦੇ ਉਤਪਾਦਨ ਅਤੇ ਸਪਲਾਈ ਯੂਨਿਟਾਂ ਦੇ ਇੱਕ ਅੰਤਰ-ਰਾਜੀ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ।

Share:

ਪੰਜਾਬ ਵਿੱਚ ਲਗਾਤਾਰ ਨਸ਼ੇ ਦਾ ਚਲਣ ਵੱਧਦਾ ਹੀ ਜਾ ਰਿਹਾ ਹੈ। ਅੰਮ੍ਰਿਤਸਰ ਵਿੱਚ ਵੱਡੀ ਗਿਣਤੀ ਵਿੱਚ ਨਸ਼ੀਲੀ ਗੋਲੀਆਂ ਤੇ ਕੈਪਸੂਲ ਬਰਾਮਦ ਹੋਏ ਹਨ। ਅੰਮ੍ਰਿਤਸਰ ਪੁਲਿਸ ਨੇ ਇਸ ਮਾਮਲੇ ਵਿੱਚ 12 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦੇ ਮੁਤਾਬਿਕ 15 ਲੱਖ 8 ਹਜ਼ਾਰ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲਾਂ ਮੁਲਜ਼ਮਾਂ ਤੋਂ ਬਰਾਮਦ ਹੋਏ ਹਨ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਫਾਰਮਾ ਓਪੀਔਡਜ਼ ਦੇ ਖਿਲਾਫ ਵੱਡੇ ਖੁਫੀਆ ਅਭਿਆਨ 'ਤੇ ਕਾਰਵਾਈ ਕਰਦੇ ਹੋਏ ਪੰਜਾਬ ਪੁਲਿਸ, ਉੱਤਰ ਪ੍ਰਦੇਸ਼ ਪੁਲਿਸ ਨੇ ਗੁਜਰਾਤ ਤੋਂ ਚੱਲ ਰਹੇ ਗੈਰ-ਕਾਨੂੰਨੀ ਅਫੀਮ ਦੇ ਉਤਪਾਦਨ ਅਤੇ ਸਪਲਾਈ ਯੂਨਿਟਾਂ ਦੇ ਇੱਕ ਅੰਤਰ-ਰਾਜੀ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇੱਕ ਸਥਾਨਕ ਨਸ਼ਾ ਤਸਕਰ ਦੀ ਪਛਾਣ ਅੰਮ੍ਰਿਤਸਰ ਦੇ ਪ੍ਰਿੰਸ ਕੁਮਾਰ ਵਜੋਂ ਹੋਈ ਹੈ, ਉਸਨੂੰ ਅੰਮ੍ਰਿਤਸਰ ਸਿਟੀ ਪੁਲਿਸ ਨੇ ਇੱਕ ਮਹੀਨਾ ਲੰਬੀ ਜਾਂਚ ਤੋਂ ਬਾਅਦ ਅੰਮ੍ਰਿਤਸਰ ਵਿੱਚ 14,500 ਟਰਾਮਾਡੋਲ ਗੋਲੀਆਂ ਦੀ ਬਰਾਮਦਗੀ ਤੋਂ ਬਾਅਦ ਗ੍ਰਿਫਤਾਰ ਕੀਤਾ ਹੈ।

ਮੇਜਰ ਸਿੰਘ ਦੇ ਕਹਿਣ ’ਤੇ ਨਸ਼ੀਲੀ ਗੋਲੀਆਂ ਸਪਲਾਈ ਕਰਦਾ ਸੀ ਮੁਲਜ਼ਮ

ਸੀਪੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਹ ਮੇਜਰ ਸਿੰਘ ਦੇ ਕਹਿਣ ’ਤੇ ਨਸ਼ੀਲੀਆਂ ਗੋਲੀਆਂ ਸਪਲਾਈ ਕਰਦਾ ਸੀ, ਜਿਸ ਨੇ ਉਸ ਨਾਲ ਗੋਇੰਦਵਾਲ ਸਾਹਿਬ ਜੇਲ੍ਹ ਵਿੱਚੋਂ ਮੋਬਾਈਲ ਫੋਨ ਰਾਹੀਂ ਸੰਪਰਕ ਕੀਤਾ ਸੀ। ਪੁਲਿਸ ਨੇ ਜੇਲ੍ਹ ਅੰਦਰੋਂ ਮੇਜਰ ਸਿੰਘ ਦੇ ਕਬਜ਼ੇ ਵਿੱਚੋਂ ਮੋਬਾਈਲ ਫ਼ੋਨ ਵੀ ਬਰਾਮਦ ਕੀਤਾ ਹੈ। ਮੇਜਰ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ। ਉਨ੍ਹਾਂ ਦੇ ਖੁਲਾਸੇ ’ਤੇ ਬਲਜਿੰਦਰ ਸਿੰਘ, ਅਕਾਸ਼ ਸਿੰਘ, ਸੁਰਜੀਤ ਸਿੰਘ, ਗੁਰਪ੍ਰੀਤ ਸਿੰਘ ਸਾਰੇ ਵਾਸੀ ਪੱਟੀ ਤਰਨਤਾਰਨ, ਮੋਹਰ ਸਿੰਘ ਵਾਸੀ ਹਰੀਕੇ ਨੂੰ ਵੀ ਕਾਬੂ ਕਰ ਲਿਆ ਗਿਆ। ਫਾਰਮਾ ਦਵਾਈ ਦੀ ਸਪਲਾਈ ਮਥੁਰਾ ਤੋਂ ਮਿਲੀ ਸੀ। ਸਚਿਨ ਕੁਮਾਰ ਯੂਪੀ ਦੇ ਹਰਪੁਰ ਜ਼ਿਲੇ 'ਚ ਸਥਿਤ ਏਲੇਚਮ ਫਾਰਮ ਦਾ ਮਾਲਕ ਸੀ।

ਜਾਅਲੀ ਦਸਤਾਵੇਜ਼ ਤਿਆਰ ਕਰਕੇ ਪੰਜਾਬ 'ਚ ਸਪਲਾਈ ਕਰਦਾ ਸੀ ਨਸ਼ੀਲੀਆਂ ਗੋਲੀਆਂ 

ਸਚਿਨ ਕੁਮਾਰ ਨੂੰ ਗ੍ਰਿਫ਼ਤਾਰ ਕਰਨ ਲਈ ਟੀਮ ਯੂਪੀ ਭੇਜੀ ਗਈ ਸੀ। ਉਸ ਦੀ ਗ੍ਰਿਫਤਾਰੀ ਤੋਂ ਬਾਅਦ ਖੁਲਾਸਾ ਹੋਇਆ ਸੀ ਕਿ ਮਾਨਸਾ ਜੇਲ 'ਚ ਬੰਦ ਕੋਸ਼ੀਕਲਾਂ ਦਾ ਯੋਗੇਸ਼ ਕੁਮਾਰ ਰਿੰਕੂ ਨਾਲ ਮਿਲ ਕੇ ਐਲੀਕੇਮ ਫਾਰਮਾ ਦੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਪੰਜਾਬ 'ਚ ਨਸ਼ੀਲੀਆਂ ਗੋਲੀਆਂ ਸਪਲਾਈ ਕਰਦਾ ਸੀ। ਪੁਲਿਸ ਨੇ ਮਾਨਸਾ ਜੇਲ੍ਹ ਅੰਦਰੋਂ ਯੋਗੇਸ਼ ਕੁਮਾਰ ਕੋਲੋਂ ਇੱਕ ਮੋਬਾਈਲ ਫ਼ੋਨ ਵੀ ਬਰਾਮਦ ਕਰਕੇ ਉਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਹੈ। ਯੋਗੇਸ਼ ਕੁਮਾਰ ਅਤੇ ਸਚਿਨ ਨੇ ਖੁਲਾਸਾ ਕੀਤਾ ਕਿ ਉਹ ਗੁਜਰਾਤ ਦੇ ਅਹਿਮਦਾਬਾਦ ਸਥਿਤ ਗਲਾਸ ਫਾਰਮਾਸਿਊਟੀਕਲਜ਼ ਤੋਂ ਫਾਰਮਾ ਓਪੀਔਡ ਦੀ ਸਪਲਾਈ ਕਰ ਰਹੇ ਸਨ। ਸਚਿਨ ਨੇ ਦਿੱਲੀ ਵਿੱਚ ਨਿਰਮਾਤਾ ਮਨੀਸ਼ ਅਤੇ ਰੇਖਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਹਰਪੁਰ, ਉੱਤਰ ਪ੍ਰਦੇਸ਼ ਰਾਹੀਂ ਪੰਜਾਬ ਵਿੱਚ ਫਾਰਮਾ ਅਫੀਮ ਦੀ ਤਸਕਰੀ ਕਰਨ ਦੀ ਯੋਜਨਾ ਬਣਾਈ ਸੀ। ਉਸ ਨੇ ਏਲੀਕੇਮ ਫਾਰਮਾ ਦੇ ਨਾਂ 'ਤੇ ਹੋਲਸੇਲ ਯੂਨਿਟ ਦੇ ਫਰਜ਼ੀ ਦਸਤਾਵੇਜ਼ ਬਣਾਏ। ਨਿਰਮਾਤਾਵਾਂ ਨੇ ਯੋਗੇਸ਼ ਕੁਮਾਰ ਅਤੇ ਸਚਿਨ ਦੀ ਮਿਲੀਭੁਗਤ ਨਾਲ ਹਰਪੁਰ ਨੂੰ ਫਾਰਮਾ ਓਪੀਔਡ ਭੇਜੇ। ਹਰਪੁਰ ਤੋਂ ਇਹ ਖੇਪ ਆਗਰਾ ਵਿਖੇ ਆਕਾਸ਼ ਨੂੰ ਭੇਜੀ ਗਈ ਸੀ, ਜਿਸ ਨੇ ਅੱਗੇ ਅੰਮਿ੍ਤਸਰ ਭੇਜ ਦਿੱਤਾ ਅਤੇ ਪੁਲਿਸ ਨੇ ਹੁਣ ਇਨ੍ਹਾਂ 12 ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ