ਉੱਤਰਕਾਸ਼ੀ ਟਨਲ ਹਾਦਸਾ - ਕੇਂਦਰ ਸਰਕਾਰ ਨੇ ਜਾਰੀ ਕੀਤੀ ਐਡਵਾਇਜ਼ਰੀ

41 ਮਜ਼ਦੂਰਾਂ ਨੂੰ ਬਚਾਉਣ ਲਈ ਮੀਡੀਆ ਤੋਂ ਮੰਗਿਆ ਸਹਿਯੋਗ। ਮੁੱਦੇ ਨੂੰ ਸਨਸਨੀਖੇਜ਼ ਬਣਾਉਣ ਤੋਂ ਗੁਰੇਜ਼ ਕਰਨ ਲਈ ਕਿਹਾ।

Share:

ਉੱਤਰਕਾਸ਼ੀ ਟਨਲ ਹਾਦਸੇ 'ਚ 41 ਮਜ਼ਦੂਰਾਂ ਨੂੰ ਬਚਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸੇ ਦਰਮਿਆਨ ਕੇਂਦਰ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਮੰਗਲਵਾਰ ਨੂੰ ਐਡਵਾਇਜਰੀ ਜਾਰੀ ਕੀਤੀ। ਟੀਵੀ ਚੈਨਲਾਂ ਨੂੰ ਇਸ ਮੁੱਦੇ ਨੂੰ ਸਨਸਨੀਖੇਜ਼ ਨਾ ਬਣਾਉਣ ਅਤੇ ਸੁਰੰਗ ਸਾਈਟ ਦੇ ਨੇੜੇ ਤੋਂ ਕੋਈ ਵੀ ਲਾਈਵ ਪੋਸਟ ਜਾਂ ਵੀਡੀਓ ਨਾ ਚਲਾਉਣ ਲਈ ਕਿਹਾ ਗਿਆ ਹੈ। ਮੰਤਰਾਲੇ ਨੇ ਟੀਵੀ ਚੈਨਲਾਂ ਨੂੰ ਇਹ ਯਕੀਨੀ ਬਣਾਉਣ ਲਈ ਵੀ ਕਿਹਾ ਹੈ ਕਿ ਆਪ੍ਰੇਸ਼ਨ ਵਾਲੀ ਥਾਂ ਦੇ ਨੇੜੇ ਜਾਂ ਆਲੇ-ਦੁਆਲੇ ਕੈਮਰਾਮੈਨ, ਰਿਪੋਰਟਰਾਂ ਜਾਂ ਉਪਕਰਨਾਂ ਦੀ ਮੌਜੂਦਗੀ ਨਾਲ ਬਚਾਅ ਕਾਰਜ ਵਿੱਚ ਵਿਘਨ ਨਾ ਪਵੇ। ਐਡਵਾਇਜਰੀ ਦੇ ਨਾਲ ਹੀ ਕੇਂਦਰ ਸਰਕਾਰ ਨੇ ਦਾਅਵਾ ਕੀਤਾ ਕਿ ਸਰਕਾਰ ਸਥਿਤੀ 'ਤੇ ਨਜ਼ਰ ਰੱਖ ਰਹੀ ਹੈ ਅਤੇ ਦੋ ਕਿਲੋਮੀਟਰ ਲੰਬੇ ਸੁਰੰਗ ਦੇ ਹਿੱਸੇ ਵਿੱਚ ਫਸੇ ਮਜ਼ਦੂਰਾਂ ਦੇ ਮਨੋਬਲ ਨੂੰ ਕਾਇਮ ਰੱਖਣ ਲਈ ਹਰ ਸੰਭਵ ਯਤਨ ਕਰ ਰਹੀ ਹੈ।

ਬਚਾਅ ਕਾਰਜਾਂ 'ਤੇ ਮਾੜਾ ਅਸਰ 

ਸਰਕਾਰ ਨੇ ਬਿਆਨ ਵਿੱਚ ਕਿਹਾ ਕਿ ਵੱਖ-ਵੱਖ ਸਰਕਾਰੀ ਏਜੰਸੀਆਂ 41 ਮਜ਼ਦੂਰਾਂ ਨੂੰ ਸੁਰੱਖਿਅਤ ਕੱਢਣ ਲਈ ਅਣਥੱਕ ਮਿਹਨਤ ਕਰ ਰਹੀਆਂ ਹਨ। ਸੁਰੰਗ ਦੇ ਆਲੇ-ਦੁਆਲੇ ਚੱਲ ਰਿਹਾ ਆਪ੍ਰੇਸ਼ਨ ਬਹੁਤ ਸੰਵੇਦਨਸ਼ੀਲ ਪ੍ਰਕਿਰਤੀ ਦਾ ਹੈ, ਜਿਸ ਵਿੱਚ ਬਹੁਤ ਸਾਰੀਆਂ ਜਾਨਾਂ ਬਚਾਉਣੀਆਂ ਸ਼ਾਮਲ ਹਨ। ਟੀਵੀ ਚੈਨਲਾਂ ਦੁਆਰਾ ਵਿਸ਼ੇਸ਼ ਤੌਰ 'ਤੇ ਓਪਰੇਸ਼ਨ ਨਾਲ ਸਬੰਧਤ ਵੀਡੀਓ ਫੁਟੇਜ ਅਤੇ ਹੋਰ ਤਸਵੀਰਾਂ ਦਾ ਪ੍ਰਸਾਰਣ ਕੀਤਾ ਜਾ ਰਿਹਾ ਹੈ। ਕੈਮਰਿਆਂ ਅਤੇ ਹੋਰ ਸਾਜ਼ੋ-ਸਾਮਾਨ ਨੂੰ ਬਚਾਅ ਕਾਰਜਾਂ ਵਾਲੀ ਥਾਂ ਦੇ ਨੇੜੇ ਰੱਖਣ ਨਾਲ ਚੱਲ ਰਹੇ ਆਪ੍ਰੇਸ਼ਨਾਂ 'ਤੇ ਮਾੜਾ ਅਸਰ ਪੈ ਸਕਦਾ ਹੈ। ਮੰਤਰਾਲੇ ਨੇ ਸਾਰੇ ਟੀਵੀ ਚੈਨਲਾਂ ਨੂੰ ਇਸ ਮਾਮਲੇ 'ਤੇ ਰਿਪੋਰਟਿੰਗ ਕਰਦੇ ਸਮੇਂ ਖਾਸ ਤੌਰ 'ਤੇ ਸੁਰਖ਼ੀਆਂ, ਵੀਡੀਓ ਅਤੇ ਤਸਵੀਰਾਂ ਨੂੰ ਪ੍ਰਕਾਸ਼ਤ ਕਰਨ ਅਤੇ ਕਾਰਵਾਈ ਦੀ ਸੰਵੇਦਨਸ਼ੀਲ ਪ੍ਰਕਿਰਤੀ, ਪਰਿਵਾਰਕ ਮੈਂਬਰਾਂ ਦੀ ਮਨੋਵਿਗਿਆਨਕ ਸਥਿਤੀ ਸਮਝਦੇ ਹੋਏ ਸਾਵਧਾਨ ਅਤੇ ਸੰਵੇਦਨਸ਼ੀਲ ਰਹਿਣ ਦੀ ਸਲਾਹ ਦਿੱਤੀ ਹੈ।

ਇਹ ਵੀ ਪੜ੍ਹੋ