ਬੈਂਗਲੁਰੂ 'ਚ 48 ਪ੍ਰਾਈਵੇਟ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਬੱਚਿਆਂ ਦੇ ਮਾਪਿਆਂ 'ਚ ਦਹਿਸ਼ਤ ਦਾ ਮਾਹੌਲ

ਪੁਲਿਸ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਲਗਭਗ ਖਤਮ ਹੋ ਚੁੱਕੀ ਹੈ। ਅਜੇ ਤੱਕ ਕਿਸੇ ਵੀ ਸਕੂਲ ਵਿੱਚੋਂ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਹੈ। ਇਸ ਮਾਮਲੇ ਵਿੱਚ ਐੱਫਆਈਆਰ ਦਰਜ ਕੀਤੀ ਜਾਵੇਗੀ।

Share:

ਕਰਨਾਟਕ ਦੇ ਬੈਂਗਲੁਰੂ 'ਚ  48 ਪ੍ਰਾਈਵੇਟ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਸ਼ੁੱਕਰਵਾਰ 1 ਦਸੰਬਰ ਨੂੰ ਈ-ਮੇਲ ਰਾਹੀਂ ਦਿੱਤੀ ਗਈ। ਸਾਰੇ ਸਕੂਲਾਂ ਨੂੰ ਇੱਕੋ ਸਮੇਂ ਇੱਕ ਈ-ਮੇਲ ਮਿਲੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸਕੂਲਾਂ ਦੇ ਅੰਦਰ ਬੰਬ ਰੱਖੇ ਗਏ ਹਨ। ਸਕੂਲ ਪ੍ਰਸ਼ਾਸਨ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਸਕੂਲਾਂ 'ਚੋਂ ਬਾਹਰ ਕੱਢ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਬੰਬ ਨਿਰੋਧਕ ਦਸਤਾ, ਡੌਗ ਸਕੁਐਡ ਅਤੇ ਐਂਟੀ ਸਾਬੋਟੇਜ ਟੀਮ ਵੀ ਮੌਕੇ 'ਤੇ ਪਹੁੰਚ ਗਈ।

ਹਫੜਾ-ਦਫੜੀ ਦਾ ਮਾਹੌਲ

ਬੰਬ ਦੀ ਸੂਚਨਾ ਮਿਲਣ 'ਤੇ ਮਾਪੇ ਆਪਣੇ ਬੱਚਿਆਂ ਨੂੰ ਲੈਣ ਪਹੁੰਚੇ। ਇਸ ਨਾਲ ਹਫੜਾ-ਦਫੜੀ ਮਚ ਗਈ। ਹਾਲਾਂਕਿ ਡਿਪਟੀ ਸੀਐਮ ਡੀਕੇ ਸ਼ਿਵਕੁਮਾਰ ਨੇ ਈ-ਮੇਲ ਨੂੰ ਅਫਵਾਹ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ- ਘਬਰਾਉਣ ਦੀ ਲੋੜ ਨਹੀਂ ਹੈ। ਅਸੀਂ 24 ਘੰਟਿਆਂ ਦੇ ਅੰਦਰ ਦੋਸ਼ੀ ਨੂੰ ਫੜ ਲਵਾਂਗੇ।

ਡਿਪਟੀ ਸੀਐੱਮ ਨੇ ਕੀ ਕਿਹਾ ਇਸ ਮਾਮਲੇ 'ਤੇ 

ਬੰਬ ਦੀ ਸੂਚਨਾ ਮਿਲਣ 'ਤੇ ਡਿਪਟੀ ਸੀਐਮ ਡੀਕੇ ਸ਼ਿਵਕੁਮਾਰ ਇੱਕ ਸਕੂਲ ਪਹੁੰਚੇ, ਜਿੱਥੇ ਈ-ਮੇਲ ਆਈ ਸੀ। ਉਸ ਨੇ ਕਿਹਾ- ਜਦੋਂ ਮੈਂ ਟੀਵੀ 'ਤੇ ਸਕੂਲਾਂ 'ਚ ਬੰਬਾਂ ਦੀ ਖਬਰ ਦੇਖੀ ਤਾਂ ਡਰ ਗਿਆ। ਕੁਝ ਸਕੂਲ ਜਿਨ੍ਹਾਂ ਨੂੰ ਧਮਕੀਆਂ ਮਿਲੀਆਂ ਹਨ, ਉਹ ਮੇਰੇ ਘਰ ਦੇ ਨੇੜੇ ਹਨ। ਪੁਲਿਸ ਨੇ ਮੈਨੂੰ ਈ-ਮੇਲ ਦਿਖਾਈ ਹੈ। ਇਹ ਨਕਲੀ ਹੈ। ਕੁਝ ਸ਼ਰਾਰਤੀ ਅਨਸਰਾਂ ਨੇ ਅਜਿਹਾ ਕੀਤਾ ਹੋ ਸਕਦਾ ਹੈ। ਸਾਈਬਰ ਕ੍ਰਾਈਮ ਪੁਲਿਸ ਸਰਗਰਮ ਹੈ। ਅਸੀਂ ਉਨ੍ਹਾਂ ਨੂੰ ਫੜ ਲਵਾਂਗੇ। ਚਿੰਤਾ ਕਰਨ ਦੀ ਲੋੜ ਨਹੀਂ ਹੈ, ਪਰ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ।

ਕਰਨਾਟਕ ਦੇ ਗ੍ਰਹਿ ਮੰਤਰੀ ਦਾ ਬਿਆਨ

ਕਰਨਾਟਕ ਦੇ ਗ੍ਰਹਿ ਮੰਤਰੀ ਡਾਕਟਰ ਜੀ ਪਰਮੇਸ਼ਵਰ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਹੈ। ਪੁਲਿਸ ਨੇ ਕਿਹਾ ਕਿ 8 ਅਪ੍ਰੈਲ, 2022 ਨੂੰ ਬੈਂਗਲੁਰੂ ਦੇ ਸੱਤ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ, ਪਰ ਇਹ ਸਿਰਫ ਅਫਵਾਹ ਹੀ ਨਿਕਲੀ।

ਇਸ ਤੋਂ ਪਹਿਲਾ ਦਿੱਲੀ ਦੇ 4 ਸਕੂਲਾਂ ਨੂੰ ਵੀ ਮਿਲੀਆਂ ਧਮਕੀਆਂ 

ਇਸ ਸਾਲ ਹੁਣ ਤੱਕ ਦਿੱਲੀ ਦੇ ਚਾਰ ਸਕੂਲਾਂ ਨੂੰ ਵੀ ਬੰਬ ਦੀ ਧਮਕੀ ਮਿਲੀ ਹੈ। 16 ਮਈ ਨੂੰ ਦਿੱਲੀ ਦੇ ਸਾਕੇਤ ਦੇ ਇੱਕ ਸਕੂਲ ਨੂੰ ਬੰਬ ਦੀ ਧਮਕੀ ਵਾਲੀ ਈ-ਮੇਲ ਮਿਲੀ ਸੀ। ਇਸ ਤੋਂ ਪਹਿਲਾਂ 12 ਮਈ ਨੂੰ ਦਿੱਲੀ ਦੇ ਸਾਦਿਕ ਨਗਰ ਸਥਿਤ ਇੰਡੀਅਨ ਪਬਲਿਕ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ। ਇਹ ਧਮਕੀ ਸਕੂਲ ਦੀ ਈ-ਮੇਲ 'ਤੇ ਵੀ ਆਈ ਸੀ। ਇਸ ਤੋਂ ਬਾਅਦ 25 ਅਪ੍ਰੈਲ ਨੂੰ ਦਿੱਲੀ-ਮਥੁਰਾ ਰੋਡ 'ਤੇ ਸਥਿਤ ਡੀਪੀਐਸ ਸਕੂਲ 'ਚ ਈ-ਮੇਲ ਰਾਹੀਂ ਬੰਬ ਹੋਣ ਦੀ ਸੂਚਨਾ ਮਿਲੀ ਸੀ। 12 ਅਪ੍ਰੈਲ ਨੂੰ ਸਾਦਿਕ ਨਗਰ, ਦਿੱਲੀ ਦੇ ਦਿ ਇੰਡੀਅਨ ਸਕੂਲ ਨੂੰ ਵੀ ਧਮਕੀ ਭਰੀ ਈ-ਮੇਲ ਮਿਲੀ ਸੀ। ਇਹ ਸਾਰੀਆਂ ਧਮਕੀਆਂ ਅਫਵਾਹਾਂ ਸਾਬਤ ਹੋਈਆਂ।

ਇਹ ਵੀ ਪੜ੍ਹੋ