ਸਕੂਲ 'ਚ ਪੜ੍ਹਾਈ ਕਰ ਰਹੇ ਬੱਚਿਆਂ ਉਪਰ ਸਰਪੰਚ ਨੇ ਚੜ੍ਹਾਈ ਕਾਰ 

ਪਿੰਡ ਦਾ ਮੁਖੀ ਸਕੂਲ ਦੇ ਗਰਾਊਂਡ 'ਚ ਗੱਡੀ ਲੈ ਕੇ ਪਹੁੰਚਿਆ। ਬੱਚਿਆਂ ਦਾ ਧਿਆਨ ਪੜ੍ਹਾਈ ਵੱਲ ਸੀ। ਇਸੇ ਦੌਰਾਨ ਹਾਦਸਾ ਵਾਪਰ ਗਿਆ।

Share:

ਉੱਤਰ ਪ੍ਰਦੇਸ਼ ਦੇ ਗੋਰਖਪੁਰ ‘ਚ ਪਿੰਡ ਦੇ ਸਰਪੰਚ ਦੀ ਵੱਡੀ ਲਾਪਰਵਾਹੀ ਕਾਰਨ ਹਾਦਸਾ ਵਾਪਰ ਗਿਆ। ਦਰਅਸਲ ਖੋਰਾਬਾਰ ਥਾਣਾ ਖੇਤਰ ‘ਚ ਸਥਿਤ ਕੰਪੋਜ਼ਿਟ ਸਕੂਲ ਦੇ ਗਰਾਊਂਡ ‘ਚ ਕਾਰ ਚਲਾਉਣੀ ਸਿੱਖ ਰਹੇ ਸਰਪੰਚ ਨੇ ਪੜ੍ਹਾਈ ਕਰ ਰਹੇ 8 ਬੱਚਿਆਂ ਨੂੰ ਦਰੜ ਦਿੱਤਾ। ਇਸ ਘਟਨਾ ਨਾਲ ਮੌਕੇ ‘ਤੇ ਹਫੜਾ-ਦਫੜੀ ਮਚ ਗਈ। ਸਾਰੇ ਬੱਚਿਆਂ ਨੂੰ ਸੀਐਚਸੀ ਖੋਰਾਬਾਰ ਲਿਜਾਇਆ ਗਿਆ, ਜਿੱਥੋਂ ਡਾਕਟਰਾਂ ਨੇ ਜ਼ਿਲ੍ਹਾ ਹਸਪਤਾਲ ਲਈ ਰੈਫਰ ਕਰ ਦਿੱਤਾ। ਦੋ ਬੱਚਿਆਂ ਦੀ ਹਾਲਤ ਗੰਭੀਰ ਹੈ। ਉਹਨਾਂ ਨੂੰ ਬੀਆਰਡੀ ਮੈਡੀਕਲ ਕਾਲਜ ਵਿਖੇ ਦਾਖਲ ਕਰਾਇਆ ਗਿਆ।

ਅਧਿਕਾਰੀ ਮੌਕੇ 'ਤੇ ਪੁੱਜੇ 

ਇਹ ਘਟਨਾ ਖੋਰਾਬਾਰ ਇਲਾਕੇ ਦੇ ਰਾਮਪੁਰ ਸਥਿਤ ਕੰਪੋਜ਼ਿਟ ਸਕੂਲ ਕੰਪਲੈਕਸ ਵਿਖੇ ਵਾਪਰੀ। ਹਾਦਸੇ ਦੀ ਸੂਚਨਾ ਮਿਲਦੇ ਹੀ ਡੀਐਮ ਕ੍ਰਿਸ਼ਨਾ ਕਰੁਨੇਸ਼, ਐਸਐਸਪੀ ਡਾ. ਗੌਰਵ ਗਰੋਵਰ ਅਤੇ ਸਾਰੇ ਅਧਿਕਾਰੀ ਮੈਡੀਕਲ ਟੀਮ ਅਤੇ ਐਂਬੂਲੈਂਸ ਸਮੇਤ ਜ਼ਿਲ੍ਹਾ ਹਸਪਤਾਲ ਪੁੱਜੇ।ਅਧਿਕਾਰੀਆਂ ਨੇ ਜ਼ਖਮੀ ਬੱਚਿਆਂ ਦਾ ਹਾਲ-ਚਾਲ ਪੁੱਛਿਆ ਅਤੇ ਡਾਕਟਰਾਂ ਨੂੰ ਬੱਚਿਆਂ ਦੇ ਬਿਹਤਰ ਇਲਾਜ ਲਈ ਹਦਾਇਤਾਂ ਦਿੱਤੀਆਂ। ਇਸ ਦੌਰਾਨ ਐਸਪੀ ਸਿਟੀ ਕ੍ਰਿਸ਼ਨ ਕੁਮਾਰ ਬਿਸ਼ਨੋਈ ਕੰਪੋਜ਼ਿਟ ਸਕੂਲ ਪੁੱਜੇ ਅਤੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਵੀ ਲਿਆ।

ਸਰਪੰਚ ਨੂੰ ਹਿਰਾਸਤ 'ਚ ਲਿਆ

ਐਸਪੀ ਸਿਟੀ ਨੇ ਦੱਸਿਆ ਕਿ ਪੁਲਿਸ ਨੇ ਸਰਪੰਚ ਲਾਲ ਬਚਨ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਸਦੀ ਕਾਰ ਜ਼ਬਤ ਕਰ ਲਈ ਹੈ। ਇਹ ਹਾਦਸਾ ਸਰਪੰਚ ਦੀ ਲਾਪਰਵਾਹੀ ਕਾਰਨ ਵਾਪਰਿਆ ਜਿਸਨੂੰ ਗੱਡੀ ਚਲਾਉਣੀ ਨਹੀਂ ਆਉਂਦੀ ਸੀ। ਬੱਚਿਆਂ ਦੇ ਪਰਿਵਾਰ ਦੀ ਸ਼ਿਕਾਇਤ ‘ਤੇ ਸਰਪੰਚ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ