ਪੁਲਵਾਮਾ ਹਮਲੇ ਦੀ ਰੂਹ ਕੰਬਾਉਣ ਵਾਲੀ ਸ਼ਹਾਦਤ ਗਾਥਾ - 11 ਮਹੀਨੇ ਮਗਰੋਂ ਹੋਣਾ ਸੀ ਵਿਆਹ, ਦੇਸ਼ ਲਈ ਕੁਰਬਾਨੀ ਖਾਤਰ ਨਹੀਂ ਕੀਤੀ ਪਰਵਾਹ 

ਰੋਪੜ ਦੇ ਪਿੰਡ ਰੌਲੀ ਦਾ ਕੁਲਵਿੰਦਰ ਸਿੰਘ ਆਪਣੇ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਸੀ ਅਤੇ ਇਕਲੌਤਾ ਪੁੱਤਰ ਵੀ ਸੀ। ਉਹ ਸ਼ਹੀਦ ਹੋਣ ਤੋਂ 4 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ ਅਤੇ 14 ਫਰਵਰੀ 2019 ਨੂੰ ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋ ਗਿਆ ਸੀ।

Courtesy: ਸ਼ਹੀਦ ਕੁਲਵਿੰਦਰ ਸਿੰਘ

Share:

 

ਪਰਿਵਾਰ ਦਾ ਇਕਲੌਤਾ ਪੁੱਤ... ਇਕੱਲਾ ਕਮਾਉਣ ਵਾਲਾ ਮੈਂਬਰ ਜਿਸਦੇ ਮੋਢਿਆਂ 'ਤੇ ਪੂਰੇ ਪਰਿਵਾਰ ਦਾ ਭਾਰ। ਫਿਰ ਇੱਕ ਦਿਨ ਅਚਾਨਕ ਪਰਿਵਾਰ ਨੂੰ ਖ਼ਬਰ ਮਿਲਦੀ ਹੈ ਕਿ ਉਨ੍ਹਾਂ ਦੇ ਜਿਗਰ ਦਾ ਟੁਕੜਾ ਹੁਣ ਇਸ ਦੁਨੀਆਂ ਵਿੱਚ ਨਹੀਂ ਰਿਹਾ, ਤਾਂ ਜ਼ਰਾ ਸੋਚੋ ਕਿ ਉਸ ਪਰਿਵਾਰ ਉਪਰ ਉਸ ਸਮੇਂ ਕੀ ਬੀਤਦੀ ਹੋਵੇਗੀ। ਇੰਝ ਲੱਗਦਾ ਹੈ ਜਿਵੇਂ ਬੁੱਢੇ ਮਾਪਿਆਂ 'ਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਹੋਵੇ। ਰੂੰ ਨੂੰ ਕੰਬਾਉਣ ਵਾਲੀ ਤੇ ਦਿਲ ਨੂੰ ਰਵਾਉਣ ਵਾਲੀ ਇਹ ਭਾਵੁਕ ਇਤਿਹਾਸ ਭਰੀ ਦਾਸਤਾਂ ਹੈ ਪੁਲਵਾਮਾ ਹਮਲੇ ਦੇ ਸ਼ਹੀਦ ਕੁਲਵਿੰਦਰ ਸਿੰਘ ਦੀ। 

40 ਜਵਾਨ ਹੋਏ ਸੀ ਸ਼ਹੀਦ 

14 ਫਰਵਰੀ ਨੂੰ ਦੇਸ਼ ਭਰ ਵਿੱਚ ਵੈਲੇਨਟਾਈਨ ਡੇਅ ਵਜੋਂ ਮਨਾਇਆ ਜਾਂਦਾ ਹੈ। ਪਰ ਪਿਛਲੇ ਕੁਝ ਸਾਲਾਂ ਤੋਂ ਇਸ ਦਿਨ ਨੂੰ ਭਾਰਤ ਵਿੱਚ ਕਾਲੇ ਦਿਵਸ ਵਜੋਂ ਵੀ ਮਨਾਇਆ ਜਾਣ ਲੱਗਾ ਹੈ। ਇਹ ਉਹੀ ਦਿਨ ਹੈ ਜਦੋਂ ਪੁਲਵਾਮਾ ਹਮਲਾ ਹੋਇਆ ਸੀ ਅਤੇ ਸਾਡੇ 40 ਸੀਆਰਪੀਐਫ ਜਵਾਨ ਸ਼ਹੀਦ ਹੋ ਗਏ ਸਨ। ਦੇਸ਼ ਭਰ ਵਿੱਚ ਸੋਗ ਦੀ ਲਹਿਰ ਫੈਲ ਗਈ ਸੀ। ਸਾਰਿਆਂ ਦੀਆਂ ਅੱਖਾਂ ਨਮ ਸਨ। ਕਿਸੇ ਨੇ ਆਪਣਾ ਪੁੱਤਰ ਗੁਆ ਦਿੱਤਾ, ਕਿਸੇ ਨੇ ਆਪਣਾ ਪਿਤਾ ਗੁਆ ਦਿੱਤਾ, ਕਿਸੇ ਨੇ ਆਪਣਾ ਭਰਾ ਅਤੇ ਪਤੀ ਗੁਆਇਆ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਸਿਪਾਹੀ ਕੁਲਵਿੰਦਰ ਸਿੰਘ ਦੀ ਸ਼ਹਾਦਤ ਭਰੀ ਗਾਥਾ ਦੱਸਣ ਜਾ ਰਹੇ ਹਾਂ ਜਿਸਨੂੰ ਪੜ੍ਹ-ਸੁਣ ਕੇ ਅੱਜ ਵੀ ਅੱਖਾਂ ਨਮ ਹੋ ਜਾਂਦੀਆਂ ਹਨ। 

ਪਰਿਵਾਰ ਦਾ ਇਕਲੌਤਾ ਪੁੱਤ 

ਪਰਿਵਾਰ ਦਾ ਇਕਲੌਤਾ ਚਾਨਣ ਜੋ ਛੋਟੀ ਉਮਰ ਵਿੱਚ ਸ਼ਹੀਦ ਹੋ ਗਿਆ। ਅੱਜ ਵੀ ਉਸਦੇ ਪਰਿਵਾਰਕ ਮੈਂਬਰਾਂ ਦੇ ਹੰਝੂ ਸੁੱਕੇ ਨਹੀਂ ਹਨ। ਰੋਪੜ ਦੇ ਪਿੰਡ ਰੌਲੀ ਦਾ ਕੁਲਵਿੰਦਰ ਸਿੰਘ ਆਪਣੇ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਸੀ ਅਤੇ ਇਕਲੌਤਾ ਪੁੱਤਰ ਵੀ ਸੀ। ਉਹ ਸ਼ਹੀਦ ਹੋਣ ਤੋਂ 4 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ ਅਤੇ 14 ਫਰਵਰੀ 2019 ਨੂੰ ਪੁਲਵਾਮਾ ਹਮਲੇ ਵਿੱਚ ਸ਼ਹੀਦ ਹੋ ਗਿਆ ਸੀ। ਜਿਵੇਂ ਹੀ ਪਰਿਵਾਰਕ ਮੈਂਬਰਾਂ ਨੂੰ ਇਸ ਦੁਖਦਾਈ ਖ਼ਬਰ ਦੀ ਜਾਣਕਾਰੀ ਮਿਲੀ, ਇੰਝ ਲੱਗਿਆ ਜਿਵੇਂ ਉਨ੍ਹਾਂ 'ਤੇ ਬਿਜਲੀ ਡਿੱਗ ਪਈ ਹੋਵੇ।

11 ਮਹੀਨਿਆਂ ਬਾਅਦ ਹੋਣਾ ਸੀ ਵਿਆਹ 

ਦੁਨੀਆਂ ਭਰ ਅੰਦਰ ਵੈਲੇਨਟਾਈਨ ਡੇਅ ਮਨਾਇਆ ਜਾ ਰਿਹਾ ਸੀ। ਇਹ ਸੈਨਿਕ ਤੇ ਇਸਦੀ ਹੋਣ ਵਾਲੀ ਪਤਨੀ ਆਪਣੇ ਭਵਿੱਖ ਦੇ ਜੀਵਨ ਬਾਰੇ ਸੁਨਹਿਰੀ ਸੁਪਨੇ ਦੇਖ ਰਹੇ ਸੀ। ਕਿਉਂਕਿ ਇਹਨਾਂ ਵਿਆਹ 11 ਮਹੀਨਿਆਂ ਬਾਅਦ ਹੋਣ ਵਾਲਾ ਸੀ। ਪਰ ਇਸਤੋਂ ਪਹਿਲਾਂ ਹੀ ਪੁਲਵਾਮਾ ਹਮਲੇ ਵਿੱਚ ਇਸ ਲੜਕੀ ਦਾ ਹੋਣ ਵਾਲਾ ਸੁਹਾਗ ਸ਼ਹੀਦ ਹੋ ਗਿਆ। ਇਸ ਭਿਆਨਕ ਹਾਦਸੇ ਨੇ ਉਸ ਲੜਕੀ ਦੀ ਪੂਰੀ ਜ਼ਿੰਦਗੀ ਬਦਲ ਦਿੱਤੀ।  ਕੁਲਵਿੰਦਰ ਸਿੰਘ ਦੇ ਘਰ ਵਿੱਚ ਸ਼ਹਿਨਾਈ ਵਜਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ।  ਹਰ ਪਾਸੇ ਖੁਸ਼ੀ ਦਾ ਮਾਹੌਲ ਸੀ, ਜੋ 14 ਫਰਵਰੀ 2019 ਨੂੰ ਸੋਗ ਵਿੱਚ ਬਦਲ ਗਿਆ। ਜਿੱਥੋਂ ਸ਼ਹਿਨਾਈ ਦੀਆਂ ਆਵਾਜ਼ਾਂ ਆਉਣੀਆਂ ਚਾਹੀਦੀਆਂ ਸਨ, ਉੱਥੋਂ ਰੋਣ ਅਤੇ ਚੀਕਣ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ। ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਨੇ ਪੂਰੇ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ ਸੀ। ਦੇਖੋ ਕਿਸਮਤ ਕਿਵੇਂ ਆਪਣਾ ਖੇਡ ਖੇਡਦੀ ਹੈ, 10 ਫਰਵਰੀ ਨੂੰ ਯਾਨੀ ਪੁਲਵਾਮਾ ਹਮਲੇ ਤੋਂ ਸਿਰਫ਼ 4 ਦਿਨ ਪਹਿਲਾਂ ਕੁਲਵਿੰਦਰ ਆਪਣੀ ਛੁੱਟੀ ਕੱਟ ਕੇ ਡਿਊਟੀ 'ਤੇ ਵਾਪਸ ਆਇਆ ਸੀ। ਕਿਸਨੇ ਸੋਚਿਆ ਹੋਵੇਗਾ ਕਿ ਹੁਣ ਸਿਰਫ਼ ਉਸਦੀ ਲਾਸ਼ ਹੀ ਵਾਪਸ ਆਵੇਗੀ। ਅਜਿਹਾ ਹੀ ਸੱਚ ਹੋਇਆ ਤੇ ਅੱਜ ਜਦੋਂ ਵੀ 14 ਫਰਵਰੀ ਆਉਂਦੀ ਹੈ ਤੇ ਦੁਨੀਆਂ ਭਰ ਅੰਦਰ ਵੈਲੇਨਟਾਇਨ ਡੇਅ ਮਨਾਇਆ ਜਾਂਦਾ ਹੈ ਤਾਂ ਇਸ ਸ਼ਹੀਦ ਨੂੰ ਯਾਦ ਕਰਕੇ ਹਰੇਕ ਦੇਸ਼ ਭਗਤ ਗਮ ਦੇ ਮਾਹੌਲ 'ਚ ਡੁੱਬ ਜਾਂਦਾ ਹੈ ਤੇ ਦੋ ਮਿੰਟ ਲਈ ਮੌਨ ਧਾਰ ਕੇ ਇਸ ਸ਼ਹੀਦ ਨੂੰ ਸ਼ਰਧਾਂਜਲੀ ਵੀ ਭੇਂਟ ਕਰਦਾ ਹੈ। 

ਇਹ ਵੀ ਪੜ੍ਹੋ