ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਫਾਤਿਮਾ ਬੀਵੀ ਦਾ ਦੇਹਾਂਤ

96 ਸਾਲ ਦੀ ਉਮਰ 'ਚ ਲਿਆ ਆਖਰੀ ਸਾਹ। ਤਾਮਿਲਨਾਡੂ ਦੀ ਸਾਬਕਾ ਰਾਜਪਾਲ ਵੀ ਰਹੇ।

Share:

ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਅਤੇ ਤਾਮਿਲਨਾਡੂ ਦੀ ਸਾਬਕਾ ਰਾਜਪਾਲ ਫਾਤਿਮਾ ਬੀਵੀ ਦਾ ਵੀਰਵਾਰ  ਨੂੰ ਇੱਕ ਨਿੱਜੀ ਹਸਪਤਾਲ 'ਚ ਦੇਹਾਂਤ ਹੋ ਗਿਆ। 96 ਸਾਲ ਦੀ ਉਮਰ 'ਚ ਉਹਨਾਂ ਨੇ ਆਖਰੀ ਸਾਹ ਲਿਆ। ਜਸਟਿਸ ਬੀਵੀ ਨੂੰ ਕੁਝ ਦਿਨ ਪਹਿਲਾਂ ਉਮਰ ਸੰਬੰਧੀ ਬੀਮਾਰੀਆਂ ਕਾਰਨ ਇਕ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਅਤੇ ਅੱਜ ਦੁਪਹਿਰ ਕਰੀਬ 12.15 ਵਜੇ ਉਨ੍ਹਾਂ ਦੀ ਮੌਤ ਹੋ ਗਈ। ਉਹਨਾਂ ਦੀ ਦੇਹ ਨੂੰ ਪਠਾਨਮਥਿੱਟਾ ਸਥਿਤ ਉਨ੍ਹਾਂ ਦੇ ਘਰ  ਲਿਆਂਦਾ ਗਿਆ। ਅੰਤਿਮ ਸੰਸਕਾਰ ਭਲਕੇ 24 ਨਵੰਬਰ ਨੂੰ ਪਠਾਨਮਥਿੱਟਾ ਵਿਖੇ ਕੀਤਾ ਜਾਵੇਗਾ।

ਫਾਤਿਮਾ ਬੀਵੀ ਬਾਰੇ ਜਾਣੋ 

ਫਾਤਿਮਾ ਬੀਵੀ ਦਾ ਜਨਮ ਅਪ੍ਰੈਲ 1927 'ਚ ਕੇਰਲ ਦੇ ਪਠਾਨਮਥਿੱਟਾ ਜ਼ਿਲ੍ਹੇ ਵਿੱਚ ਹੋਇਆ ਸੀ।  ਕੈਥੋਲਿਕੇਟ ਹਾਈ ਸਕੂਲ ਤੋਂ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ ਅਤੇ ਫਿਰ ਤਿਰੂਵਨੰਤਪੁਰਮ ਸਥਿਤ ਯੂਨੀਵਰਸਿਟੀ ਕਾਲੇਜ ਤੋਂ ਬੀ.ਐਸ.ਸੀ. ਦੀ ਡਿਗਰੀ ਪ੍ਰਾਪਤ ਕੀਤੀ। ਇਸਤੋਂ ਬਾਅਦ ਉਨ੍ਹਾਂ ਨੇ ਤਿਰੂਵਨੰਤਪੁਰਮ ਸਥਿਤ ਵਿਧੀ ਮਹਾਵਿਦਿਆਲਿਆ ਤੋਂ ਕਾਨੂੰਨ ਦੀ ਡਿਗਰੀ ਲਈ।  1950 'ਚ ਵਕੀਲ ਵਜੋਂ ਰਜਿਸਟ੍ਰੇਸ਼ਨ ਕਰਾਈ। 1958 'ਚ ਕੇਰਲ ਸੁਬਾਰਡੀਨੇਟ ਜੁਡੀਸ਼ੀਅਲ ਸਰਵਿਸਿਜ਼ ਵਿੱਚ ਮੁਨਸਿਫ਼ ਵਜੋਂ ਨਿਯੁਕਤ ਹੋਏ।  1968 'ਚ ਸੁਬਾਰਡੀਨੇਟ ਜੱਜ ਵਜੋਂ ਤਰੱਕੀ ਦਿੱਤੀ ਗਈ ਅਤੇ 1972 'ਚ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਬਣੇ। 1974 'ਚ ਜ਼ਿਲ੍ਹਾ ਅਤੇ ਸੈਸ਼ਨ ਜੱਜ ਬਣੇ। 1980 ਵਿੱਚ ਇਨਕਮ ਟੈਕਸ ਅਪੀਲ ਟ੍ਰਿਬਿਊਨਲ ਦੀ ਨਿਆਂਇਕ ਮੈਂਬਰ ਵਜੋਂ ਨਿਯੁਕਤੀ ਹੋਈ।  1984 'ਚ ਕੇਰਲ ਹਾਈਕੋਰਟ ਦੀ ਜੱਜ ਬਣੇ। 1989 ਵਿੱਚ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਬਣੀ ਅਤੇ 1992 ਵਿੱਚ ਉੱਥੋਂ ਸੇਵਾਮੁਕਤ ਹੋਏ। ਸੇਵਾਮੁਕਤੀ ਤੋਂ ਬਾਅਦ ਫਾਤਿਮਾ ਬੀਵੀ ਨੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਮੈਂਬਰ ਵਜੋਂ ਕੰਮ ਕੀਤਾ। ਉਹ 1997 ਵਿੱਚ ਤਾਮਿਲਨਾਡੂ ਦੀ ਰਾਜਪਾਲ ਬਣੇ। 

ਦੁੱਖ ਦਾ ਪ੍ਰਗਟਾਵਾ 

ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਜਸਟਿਸ ਫਾਤਿਮਾ ਬੀਵੀ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਅਤੇ ਤਾਮਿਲਨਾਡੂ ਦੀ ਰਾਜਪਾਲ ਵਜੋਂ ਆਪਣੀ ਛਾਪ ਛੱਡੀ। ਫਾਤਿਮਾ ਬੀਵੀ ਇੱਕ ਬਹਾਦਰ ਔਰਤ ਸੀ ਜਿਸਦੇ ਨਾਮ ਬਹੁਤ ਸਾਰੇ ਰਿਕਾਰਡ ਹਨ। ਉਹ ਅਜਿਹੀ ਸ਼ਖਸੀਅਤ ਸੀ ਜਿਸਨੇ ਆਪਣੇ ਜੀਵਨ ਰਾਹੀਂ ਦਿਖਾਇਆ ਕਿ ਮਜ਼ਬੂਤ ​​ਇੱਛਾ ਸ਼ਕਤੀ ਅਤੇ ਉਦੇਸ਼ ਦੀ ਸਮਝ ਨਾਲ ਕਿਸੇ ਵੀ ਪ੍ਰਤੀਕੂਲ ਸਥਿਤੀ 'ਤੇ ਕਾਬੂ ਪਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ