ਦੇਸ਼ ਦੇ ਇਤਿਹਾਸ ਦੀ ਸਭ ਤੋਂ ਵੱਡੀ ਰਿਕਵਰੀ...ਓਡੀਸ਼ਾ 'ਚ ਨੋਟਾਂ ਦੀ ਗਿਣਤੀ ਪੂਰੀ, 354 ਕਰੋੜ ਰੁਪਏ ਦੀ ਨਕਦੀ ਮਿਲੀ

ਕਾਂਗਰਸੀ ਸੰਸਦ ਮੈਂਬਰ ਧੀਰਜ ਸਾਹੂ ਦੇ 9 ਟਿਕਾਣਿਆਂ 'ਤੇ ਛਾਪੇ 5ਵੇਂ ਦਿਨ ਖਤਮ, ਰਾਂਚੀ 'ਚ ਅਜੇ ਵੀ ਛਾਪੇਮਾਰੀ ਜਾਰੀ

Share:

ਕਾਂਗਰਸ ਦੇ ਸੰਸਦ ਮੈਂਬਰ ਧੀਰਜ ਸਾਹੂ ਦੇ ਤਿੰਨ ਰਾਜਾਂ ਝਾਰਖੰਡ, ਉੜੀਸਾ ਅਤੇ ਪੱਛਮੀ ਬੰਗਾਲ ਵਿੱਚ 9 ਟਿਕਾਣਿਆਂ 'ਤੇ ਇਨਕਮ ਟੈਕਸ ਦੇ ਛਾਪੇ ਖਤਮ ਹੋ ਗਏ ਹਨ। ਇਸ ਸਮੇਂ ਟੀਮ ਦੀ ਕਾਰਵਾਈ ਸਿਰਫ ਰਾਂਚੀ ਦੀ ਰਿਹਾਇਸ਼ 'ਤੇ ਹੀ ਚੱਲ ਰਹੀ ਹੈ। ਇਸ ਦੇ ਨਾਲ ਹੀ ਓਡੀਸ਼ਾ 'ਚ ਮਿਲੇ ਨੋਟਾਂ ਦੀ ਗਿਣਤੀ ਪੂਰੀ ਹੋ ਗਈ ਹੈ। ਕੁੱਲ 354 ਕਰੋੜ ਰੁਪਏ ਪ੍ਰਾਪਤ ਹੋਏ ਹਨ। ਦੇਸ਼ ਦੇ ਇਤਿਹਾਸ ਵਿੱਚ ਇਹ ਸਭ ਤੋਂ ਵੱਡੀ ਰਿਕਵਰੀ ਹੈ।

ਨੋਟਾਂ ਨਾਲ ਭਰੀਆਂ 176 ਬੋਰੀਆਂ ਮਿਲੀਆਂ ਸਨ

ਬੋਲਾਂਗੀਰ ਸਟੇਟ ਬੈਂਕ 'ਚ ਗਿਣਤੀ ਕਰ ਰਹੇ ਬੈਂਕ ਦੇ ਖੇਤਰੀ ਮੁਖੀ ਭਗਤ ਬੇਹਰਾ ਨੇ ਦੱਸਿਆ ਕਿ ਨੋਟਾਂ ਨਾਲ ਭਰੀਆਂ 176 ਬੋਰੀਆਂ ਦੀ ਗਿਣਤੀ ਪੂਰੀ ਹੋ ਚੁੱਕੀ ਹੈ। ਇਨ੍ਹਾਂ 'ਚ 305 ਕਰੋੜ ਰੁਪਏ ਦੀ ਨਕਦੀ ਮਿਲੀ ਹੈ। ਇਸ ਦੇ ਨਾਲ ਹੀ ਤਿਤਲਾਗੜ੍ਹ 'ਚ ਸਾਹੂ ਬ੍ਰਦਰਜ਼ ਦੇ ਭਾਈਵਾਲ ਦੀਪਕ ਸਾਹੂ ਅਤੇ ਸੰਜੇ ਸਾਹੂ ਦੇ ਘਰੋਂ 11 ਕਰੋੜ ਰੁਪਏ ਅਤੇ ਸੰਬਲਪੁਰ 'ਚ ਬਲਦੇਵ ਸਾਹੂ ਸੰਨਜ਼ ਐਂਡ ਗਰੁੱਪ ਕੰਪਨੀਆਂ ਦੀ ਸ਼ਰਾਬ ਦੀ ਡਿਸਟਿਲਰੀ 'ਚੋਂ 37.50 ਕਰੋੜ ਰੁਪਏ ਬਰਾਮਦ ਹੋਏ ਹੈ। ਇਨਕਮ ਟੈਕਸ ਦੇ ਸੂਤਰਾਂ ਮੁਤਾਬਕ ਲੋਹਰਦਗਾ ਸਥਿਤ ਰਿਹਾਇਸ਼ ਤੋਂ 11 ਕਰੋੜ ਰੁਪਏ ਅਤੇ ਰਾਂਚੀ ਤੋਂ 3 ਕਰੋੜ ਰੁਪਏ ਮਿਲੇ ਹਨ। ਦੱਸ ਦਈਏ ਕਿ ਟੈਕਸ ਚੋਰੀ ਦੇ ਮਾਮਲੇ 'ਚ ਸਾਹੂ ਗਰੁੱਪ 'ਤੇ ਆਮਦਨ ਕਰ ਵਿਭਾਗ ਦੀ ਛਾਪੇਮਾਰੀ 6 ਦਸੰਬਰ ਤੋਂ ਚੱਲ ਰਹੀ ਹੈ।

25 ਮਸ਼ੀਨਾਂ ਦੀ ਹੋਈ ਵਰਤੋਂ 

ਬੋਲਾਂਗੀਰ ਸਟੇਟ ਬੈਂਕ ਵਿੱਚ 50 ਕਰਮਚਾਰੀ 25 ਮਸ਼ੀਨਾਂ ਦੀ ਵਰਤੋਂ ਕਰਕੇ ਪਿਛਲੇ ਤਿੰਨ ਦਿਨਾਂ ਤੋਂ ਦਿਨ-ਰਾਤ ਨੋਟ ਗਿਣ ਰਹੇ ਸਨ। ਮਹਿਲਾ ਕਰਮਚਾਰੀ ਵੀ ਡਿਊਟੀ 'ਤੇ ਸਨ। ਗਿਣਤੀ ਦੌਰਾਨ ਆਮਦਨ ਕਰ ਅਧਿਕਾਰੀ ਵੀ ਮੌਜੂਦ ਸਨ। ਇਨਕਮ ਟੈਕਸ ਦੀ ਟੀਮ ਉਨ੍ਹਾਂ ਬੰਡਲਾਂ ਨੂੰ ਸੀਲ ਕਰ ਰਹੀ ਸੀ, ਜਿਨ੍ਹਾਂ ਦੀ ਗਿਣਤੀ ਪੂਰੀ ਹੋ ਰਹੀ ਸੀ। ਇੱਥੇ ਜ਼ਿਆਦਾਤਰ ਨਕਦੀ ਦੀ ਗਿਣਤੀ ਕੀਤੀ ਗਈ ਸੀ।

 

ਅਮਿਤ ਸ਼ਾਹ ਨੇ ਮੰਗਿਆ ਵਿਰੋਧੀ ਗਠਜੋੜ ਤੋਂ ਜਵਾਬ 
 

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ ਦੇ ਇੱਕ ਸੰਸਦ ਮੈਂਬਰ ਤੋਂ ਕਰੋੜਾਂ ਰੁਪਏ ਦੀ ਨਕਦੀ ਮਿਲਣ 'ਤੇ ਇੰਡੀਆ ਅਲਾਇੰਸ ਤੋਂ ਜਵਾਬ ਮੰਗਿਆ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਕਿਸੇ ਵੀ ਸੰਸਦ ਮੈਂਬਰ ਦੇ ਘਰੋਂ ਇੰਨੀ ਵੱਡੀ ਨਕਦੀ ਜ਼ਬਤ ਨਹੀਂ ਹੋਈ ਹੋਵੇਗੀ। ਭ੍ਰਿਸ਼ਟਾਚਾਰ 'ਤੇ ਕਾਂਗਰਸ ਦੀ ਚੁੱਪੀ ਸਮਝ ਵਿਚ ਆਉਂਦੀ ਹੈ, ਕਿਉਂਕਿ ਉਨ੍ਹਾਂ ਦਾ ਸੁਭਾਅ ਹੀ ਭ੍ਰਿਸ਼ਟਾਚਾਰ ਹੈ, ਪਰ ਟੀਐਮਸੀ, ਜੇਡੀਯੂ, ਡੀਐਮਕੇ, ਸਪਾ ਸਮੇਤ ਇਹ ਪਾਰਟੀਆਂ ਚੁੱਪ ਬੈਠੀਆਂ ਹਨ। ਕੋਈ ਪ੍ਰਤੀਕਰਮ ਕਿਉਂ ਨਹੀਂ?


ਕਾਂਗਰਸ ਨੇ ਝਾੜਿਆ ਪੱਲਾ 

ਪ੍ਰਦੇਸ਼ ਕਾਂਗਰਸ ਇੰਚਾਰਜ ਅਵਿਨਾਸ਼ ਪਾਂਡੇ ਨੇ ਕਿਹਾ ਕਿ ਸੰਸਦ ਮੈਂਬਰ ਧੀਰਜ ਸਾਹੂ ਦੇ ਘਰ ਤੋਂ ਬਰਾਮਦ ਹੋਏ ਪੈਸੇ ਉਨ੍ਹਾਂ ਦੇ ਪਰਿਵਾਰ ਦੇ ਕਾਰੋਬਾਰ ਨਾਲ ਸਬੰਧਤ ਹਨ। ਕਾਂਗਰਸ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਹਾਲਾਂਕਿ ਪਾਰਟੀ ਨੇ ਉਨ੍ਹਾਂ ਤੋਂ ਜਵਾਬ ਮੰਗਿਆ ਹੈ ਕਿ ਇਹ ਰਕਮ ਕਿੱਥੋਂ ਆਈ ਹੈ। ਇਹ ਮੰਦਭਾਗਾ ਹੈ ਕਿ ਭਾਜਪਾ ਇਸ ਮਾਮਲੇ ਵਿੱਚ ਬੇਤੁਕੇ ਬਿਆਨ ਦੇ ਰਹੀ ਹੈ। ਜਦਕਿ ਇਨਕਮ ਟੈਕਸ ਦਾ ਅਧਿਕਾਰਤ ਬਿਆਨ ਅਜੇ ਤੱਕ ਨਹੀਂ ਆਇਆ ਹੈ।

ਇਹ ਵੀ ਪੜ੍ਹੋ