SYL ਮੁੱਦਾ - ਭਗਵੰਤ ਮਾਨ ਦਾ ਖੱਟਰ ਨੂੰ ਜਵਾਬ - ਸਾਡੇ ਕੋਲ ਇੱਕ ਬੂੰਦ ਵੀ ਫਾਲਤੂ ਨਹੀਂ

ਲੰਬੇ ਸਮੇਂ ਤੋਂ ਲਟਕਦੇ ਆ ਰਹੇ ਇਸ ਮਸਲੇ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਵਿਚਕਾਰ ਮੀਟਿੰਗ ਹੋਈ। ਪ੍ਰੰਤੂ ਕੋਈ ਨਤੀਜਾ ਨਹੀਂ ਨਿਕਲ ਸਕਿਆ। ਇਸ ਮੀਟਿੰਗ ਦੀ ਪ੍ਰਧਾਨਗੀ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਵੱਲੋਂ ਕੀਤੀ ਗਈ। 

Share:

ਸਤਲੁਜ-ਯਮੁਨਾ ਲਿੰਕ ਨਹਿਰ (SYL) ਦੇ ਮੁੱਦੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਵਿਚਾਲੇ ਹੋਈ ਤੀਜੀ ਮੀਟਿੰਗ ਵੀ ਬਿਨਾਂ ਕਿਸੇ ਨਤੀਜੇ ਦੇ ਸਮਾਪਤ ਹੋ ਗਈ। ਪੰਜਾਬ ਸਰਕਾਰ ਇਸ ਗੱਲ 'ਤੇ ਅੜੀ ਹੈ ਕਿ ਉਸ ਦੇ ਕੋਲ ਦੂਜੇ ਰਾਜਾਂ ਨੂੰ ਦੇਣ ਲਈ ਇੱਕ ਬੂੰਦ ਵੀ ਪਾਣੀ ਨਹੀਂ ਹੈ। ਉੱਥੇ ਹੀ ਹਰਿਆਣਾ ਸਰਕਾਰ ਨਹਿਰ ਦੇ ਨਿਰਮਾਣ ਦਾ ਮੁੱਦਾ ਉਠਾ ਰਹੀ ਹੈ। ਹਰਿਆਣਾ ਸਰਕਾਰ ਦਾ ਕਹਿਣਾ ਹੈ ਕਿ ਮਾਮਲਾ ਨਹਿਰ ਨਿਰਮਾਣ ਦਾ ਹੈ। ਪਾਣੀ ਦੀ ਵੰਡ ਦਾ ਮੁੱਦਾ ਟ੍ਰਿਬਿਊਨਲ ਹੱਲ ਕਰੇਗਾ। ਇਸ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਜਦੋਂ ਪੰਜਾਬ 'ਚ ਪਾਣੀ ਨਹੀਂ ਹੈ ਤਾਂ ਨਹਿਰ ਬਣਾਉਣ ਨਾਲ ਕੀ ਮਿਲੇਗਾ? ਇਸ ਮੀਟਿੰਗ ਦੀ ਪ੍ਰਧਾਨਗੀ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕੀਤੀ। ਇਸ ਦੌਰਾਨ ਦੋਵੇਂ ਰਾਜਾਂ ਦੇ ਅਧਿਕਾਰੀ ਵੀ ਮੌਜੂਦ ਰਹੇ। ਦੱਸ ਦਈਏ ਕਿ ਇਹ ਮੀਟਿੰਗ ਭਾਰਤ ਸਰਕਾਰ ਦੀ ਬੇਨਤੀ 'ਤੇ ਹੋਈ। ਕਿਉਂਕਿ ਕੇਂਦਰ ਸਰਕਾਰ ਨੇ ਵੀ ਐੱਸਵਾਈਐੱਲ ਸਬੰਧੀ ਕੀਤੇ ਜਾਣ ਵਾਲੇ ਸਰਵੇਖਣ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਜਨਵਰੀ 2024 ਵਿੱਚ ਹੋਣ ਵਾਲੀ ਸੁਣਵਾਈ ਦਾ ਜਵਾਬ ਦੇਣਾ ਹੈ। 

ਪੰਜਾਬ ਦਾ ਪੁਰਾਣਾ ਸਟੈਂਡ ਬਰਕਰਾਰ 

ਮੀਟਿੰਗ ਮਗਰੋਂ  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੈ ਕਿਹਾ ਕਿ ਅਸੀਂ ਆਪਣੇ ਪੁਰਾਣੇ ਰੁਖ 'ਤੇ ਕਾਇਮ ਹਾਂ। ਪੰਜਾਬ ਦਾ 70 ਫ਼ੀਸਦੀ ਖੇਤਰ ਡਾਰਕ ਜ਼ੋਨ 'ਚ ਹੈ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ 'ਚ ਪਾਣੀ ਹੀ ਨਹੀਂ ਹੈ ਤਾਂ ਨਹਿਰ ਬਣਾਉਣ ਨਾਲ ਕੀ ਮਿਲੇਗਾ? ਉਨ੍ਹਾਂ ਕਿਹਾ ਕਿ ਜਦੋਂ ਸਮਝੌਤਾ ਹੋਇਆ ਸੀ, ਉਦੋਂ ਪਾਣੀ ਜ਼ਿਆਦਾ ਸੀ। ਉਨ੍ਹਾਂ ਕਿਹਾ ਕਿ ਸੂਬੇ 'ਚ ਪਾਣੀ ਦੀ ਸਥਿਤੀ ਸੁਧਾਰਨ 'ਚ ਲੱਗੇ ਹੋਏ ਹਾਂ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਪਾਣੀ ਦੀ ਇੱਕ ਬੂੰਦ ਵੀ ਪਾਕਿਸਤਾਨ ਨਹੀਂ ਜਾਂਦੀ। ਵਰਨਣਯੋਗ ਹੈ ਕਿ ਇਹ ਮਸਲਾ ਪਿਛਲੇ ਕਈ ਦਹਾਕਿਆਂ ਤੋਂ ਦੋਵਾਂ ਰਾਜਾਂ ਦਰਮਿਆਨ ਲਟਕਦਾ ਆ ਰਿਹਾ ਹੈ। 

 

ਇਹ ਵੀ ਪੜ੍ਹੋ