ਸਹੁਰੇ ਦਾ ਕਤਲ ਕਰਵਾਉਣ ਲਈ ਜਵਾਈ ਨੇ ਦਿੱਤੀ ਸੁਪਾਰੀ

ਪ੍ਰੈਸ ਕਾਨਫੰਰਸ ਦੌਰਾਨ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਦਿਯਾਮਾ ਹਰੀਸ਼ ਕੁਮਾਰ।

Share:

ਕਲਾਨੌਰ ਵਿੱਚ 18 ਸਤੰਬਰ ਨੂੰ ਕਿਸਾਨ ਆਗੂ ਦੇ ਭਰਾ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰਨ ਦਾ ਮਾਮਲਾ ਜ਼ਿਲ੍ਹਾ ਪੁਲਿਸ ਨੇ ਸੁਲਝਾ ਲਿਆ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕਿਸਾਨ ਆਗੂ ਦੇ ਜਵਾਈ ਨੇ ਹਮਲਾਵਰਾਂ ਨੂੰ 2 ਲੱਖ ਰੁਪਏ ਦੀ ਸੁਪਾਰੀ ਦੇ ਕੇ ਆਪਣੇ ਸਹੁਰੇ ਨੂੰ ਮਾਰਨ ਲਈ ਭੇਜਿਆ ਸੀ ਪਰ ਮੁਲਜ਼ਮਾਂ ਨੇ ਗਲਤੀ ਨਾਲ ਗੋਲੀ ਕਿਸਾਨ ਆਗੂ ਦੇ ਭਰਾ ਨੂੰ ਮਾਰ ਦਿੱਤੀ। ਪੁਲਿਸ ਨੇ ਉਕਤ ਮਾਮਲੇ ‘ਚ ਪੰਜ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ, ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਵਾਰਦਾਤ ‘ਚ ਵਰਤੀ ਗਈ ਪਿਸਤੌਲ ਅਤੇ ਦੋ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ|

ਮੁਲਜ਼ਮਾਂ ਕੋਲੋ ਬਰਾਮਦ ਕੀਤੀ ਗਈ ਪਿਸਤੌਲ।

ਐੱਸਐੱਸਪੀ ਗੁਰਦਾਸਪੁਰ ਦਿਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ 18 ਸਤੰਬਰ ਨੂੰ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਹਰਪ੍ਰੀਤ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਕਲਾਨੌਰ ਦੇ ਘਰ ਜਾ ਕੇ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕਰ ਦਿੱਤਾ ਸੀ। ਇਸ ਤੋਂ ਬਾਅਦ ਥਾਣਾ ਕਲਾਨੌਰ ਵਿੱਚ ਐੱਫਆਈਆਰ ਨੰਬਰ 75 ਵਿੱਚ ਪੁਲਿਸ ਵੱਲੋਂ ਧਾਰਾ 307,452, 120ਬੀ ਅਤੇ 25-54-59 ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਉਪਰੋਕਤ ਮਾਮਲੇ ਦੀ ਜਾਂਚ ਲਈ ਐੱਸਪੀ ਇਨਵੈਸਟੀਗੇਸ਼ਨ ਪ੍ਰਿਥੀਪਾਲ ਦੀ ਅਗਵਾਈ ਵਿੱਚ ਟੀਮਾਂ ਦਾ ਗਠਨ ਕਰਕੇ ਤਕਨੀਕੀ ਤਰੀਕੇ ਨਾਲ ਜਾਂਚ ਸ਼ੁਰੂ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਤਫ਼ਤੀਸ਼ ਦੌਰਾਨ 27 ਸਤੰਬਰ ਨੂੰ ਸਾਹਿਲ ਪੁੱਤਰ ਅਸ਼ਵਨੀ ਕੁਮਾਰ ਵਾਸੀ ਸ਼ਮਸ਼ੇਰ ਨਗਰ ਖੰਡਵਾਲਾ ਅੰਮ੍ਰਿਤਸਰ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਗਿਆ| ਉਸ ਕੋਲੋਂ ਪੁੱਛਗਿੱਛ ਕਰਨ ‘ਤੇ ਗੁਰਸੇਵਕ ਸਿੰਘ ਉਰਫ਼ ਸੇਵਕ ਪੁੱਤਰ ਦਵਿੰਦਰ ਸਿੰਘ ਵਾਸੀ ਅਨੂੰਪੁਰ ਕਾਲੇ ਅੰਮ੍ਰਿਤਸਰ ਅਤੇ 11 ਅਕਤੂਬਰ ਨੂੰ ਸ਼ੇਰਪ੍ਰੀਤ ਸਿੰਘ ਉਰਫ਼ ਗੁਲਾਬਾ ਪੁੱਤਰ ਅਵਤਾਰ ਸਿੰਘ ਵਾਸੀ ਦਸਮੇਸ਼ ਨਗਰ ਅੰਮ੍ਰਿਤਸਰ, ਅਜੇ ਪਾਲ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਘਣੂਪੁਰ ਕਾਲੇ ਅੰਮ੍ਰਿਤਸਰ ਅਤੇ ਗੰਜਾ ਉਰਫ ਜੱਗਾ ਸਿੰਘ ਪੁੱਤਰ ਸਰਦੂਲ ਸਿੰਘ ਵਾਸੀ ਚੀਤਾ ਕਲਾਂ ਨੂੰ ਨਾਮਜ਼ਦ ਕੀਤਾ ਗਿਆ ਅਤੇ ਸ਼ੇਰਪ੍ਰੀਤ ਸਿੰਘ ਅਤੇ ਜੱਗਾ ਸਿੰਘ ਨੂੰ 24 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਫੜੇ ਗਏ ਮੁਲਜ਼ਮਾਂ ਦੇ ਨਾਲ ਪੁਲਿਸ ਪਾਰਟੀ।

ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਪਾਸੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਗੁਰਸੇਵਕ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਜੀਟੀ ਰੋਡ ਅੰਮ੍ਰਿਤਸਰ ਨੇ ਇਹ ਕੰਮ 2 ਲੱਖ ਰੁਪਏ ਦੀ ਸੁਪਾਰੀ ਦੇ ਕੇ ਪ੍ਰਗਟ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਚੀਤਾ ਕਲਾਂ ਕੋਲੋ ਕਰਵਾਇਆ। ਜਿਸ ਤੋਂ ਬਾਅਦ 30 ਅਕਤੂਬਰ ਨੂੰ ਗੁਰਸੇਵਕ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਮੁਲਜ਼ਮ ਸ਼ੇਰਪ੍ਰੀਤ ਸਿੰਘ ਕੋਲੋਂ ਵਾਰਦਾਤ ਵਿੱਚ ਵਰਤੀ ਗਈ ਪਿਸਤੌਲ ਅਤੇ ਦੋ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਸਨ। ਗੁਰਸੇਵਕ ਸਿੰਘ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਦਾ ਆਪਣੇ ਸਹੁਰਿਆਂ ਨਾਲ ਲੜਾਈ-ਝਗੜਾ ਰਹਿੰਦਾ ਸੀ ਅਤੇ ਉਸ ਨੇ ਆਪਣੇ ਸਹੁਰੇ ਹਰਜੀਤ ਸਿੰਘ ਤੋਂ ਬਦਲਾ ਲੈਣ ਲਈ ਉਕਤ ਕਾਰਵਾਈ ਕੀਤੀ ਹੈ ਪਰ ਮੁਲਜ਼ਮਾਂ ਨੇ ਹਰਜੀਤ ਸਿੰਘ ਦੀ ਬਜਾਏ ਉਸ ਦੇ ਭਰਾ ਹਰਪ੍ਰੀਤ ਸਿੰਘ ਨੂੰ ਗਲਤੀ ਨਾਲ ਗੋਲੀ ਮਾਰ ਦਿੱਤੀ। ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮ ਅਜੇ ਪਾਲ ਸਿੰਘ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।