ਬੰਦ ਘਰ ਚੋਂ ਮਿਲੇ 5 ਜਣਿਆਂ ਦੇ ਪਿੰਜਰ, ਜਾਣੋ ਪੂਰਾ ਮਾਮਲਾ 

2019 ਵਿੱਚ ਆਲੇ ਦੁਆਲੇ ਦੇ ਲੋਕਾਂ ਨੇ ਪਰਿਵਾਰ ਨੂੰ ਆਖਰੀ ਵਾਰ ਦੇਖਿਆ ਸੀ। ਘਰ ਇੱਕ ਸੇਵਾਮੁਕਤ ਸਰਕਾਰੀ ਅਧਿਕਾਰੀ ਦਾ ਦੱਸਿਆ ਗਿਆ। ਗ੍ਰਹਿ ਮੰਤਰੀ ਨੇ ਵੀ ਘਟਨਾ ਦਾ ਸਖਤ ਨੋਟਿਸ ਲਿਆ। 

Share:

ਕਰਨਾਟਕ ਦੇ ਚਿਤਰਦੁਰਗਾ ਤੋਂ ਇੱਕ ਹੈਰਾਨੀਜਨਕ ਖਬਰ ਸਾਹਮਣੇ ਆਈ ਹੈ। ਇੱਥੇ ਇੱਕ ਘਰ ਚੋਂ 5 ਨਰ ਕੰਕਾਲ ਮਿਲੇ ਹਨ। ਪੁਲਿਸ ਨੂੰ ਸ਼ੱਕ ਹੈ ਕਿ ਇਹ ਸਾਰੇ ਇੱਕ ਹੀ ਪਰਿਵਾਰ ਦੇ ਮੈਂਬਰ ਹੋ ਸਕਦੇ ਹਨ। ਹੁਣ ਤੱਕ ਮਿਲੀ ਮੁਢਲੀ ਜਾਣਕਾਰੀ ਅਨੁਸਾਰ ਚਿਤਰਦੁਰਗਾ ਵਿਖੇ ਸਥਿਤ ਇਹ ਮਕਾਨ ਇੱਕ ਸੇਵਾਮੁਕਤ ਸਰਕਾਰੀ ਅਧਿਕਾਰੀ ਦਾ ਹੈ ਅਤੇ ਪਿਛਲੇ 4 ਸਾਲਾਂ ਤੋਂ ਬੰਦ ਪਿਆ ਸੀ। ਪੁਲਿਸ ਨੇ ਸਾਰੇ ਨਰ ਕੰਕਾਲਾਂ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਹੈ।

4 ਸਾਲ ਪਹਿਲਾਂ ਦੇਖਿਆ ਸੀ ਪਰਿਵਾਰ 
 
ਜਦੋਂ ਪੁਲਿਸ ਨੇ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਇਹ ਘਰ ਇੱਕ ਸੇਵਾਮੁਕਤ ਸਰਕਾਰੀ ਅਧਿਕਾਰੀ ਜਗਨਨਾਥ ਰੈਡੀ ਦਾ ਹੈ। 85 ਸਾਲਾ ਜਗਨਨਾਥ ਰੈੱਡੀ ਆਪਣੀ ਪਤਨੀ, 2 ਬੇਟੇ ਅਤੇ ਇੱਕ ਬੇਟੀ ਨਾਲ ਇਸ ਘਰ ਵਿਚ ਰਹਿੰਦੇ ਸਨ।  ਪਤਨੀ ਪ੍ਰੇਮਾ 80 ਸਾਲ, ਬੇਟੀ ਤ੍ਰਿਵੇਣੀ 62 ਸਾਲ, ਬੇਟਾ ਕ੍ਰਿਸ਼ਨਾ 60 ਸਾਲ ਅਤੇ ਇੱਕ ਹੋਰ ਬੇਟਾ ਨਰਿੰਦਰ 57 ਸਾਲ ਦਾ ਸੀ। ਇਲਾਕਾ ਵਾਸੀਆਂ ਮੁਤਾਬਕ ਇਨ੍ਹਾਂ ਸਾਰਿਆਂ ਨੂੰ ਆਖਰੀ ਵਾਰ ਜੁਲਾਈ 2019 'ਚ ਦੇਖਿਆ ਗਿਆ ਸੀ। ਲੋਕਾਂ ਦਾ ਕਹਿਣਾ ਹੈ ਕਿ ਪਰਿਵਾਰ ਦੇ ਮੈਂਬਰ  ਕਿਸੇ ਨਾ ਕਿਸੇ ਬੀਮਾਰੀ ਨਾਲ ਜੂਝ ਰਹੇ ਸਨ। ਇਹ ਪਰਿਵਾਰ ਹਮੇਸ਼ਾ ਇਕੱਲਾ ਰਹਿੰਦਾ ਸੀ,ਕਿਸੇ ਨਾਲ ਮਿਲਦਾ-ਜੁਲਦਾ ਨਹੀਂ ਸੀ ਅਤੇ ਕਿਸੇ ਨਾਲ ਗੱਲ ਵੀ ਨਹੀਂ ਕਰਦਾ ਸੀ।
 
ਪੁਲਿਸ ਨੇ ਸੀਲ ਕੀਤਾ ਘਰ 
 
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਘਰ ਦਾ ਮੁੱਖ ਦਰਵਾਜ਼ਾ 2 ਮਹੀਨੇ ਪਹਿਲਾਂ ਟੁੱਟਿਆ ਹੋਇਆ ਸੀ। ਲੋਕਾਂ ਨੇ ਵੀ ਇਸ ਗੱਲ ਨੂੰ ਨੋਟਿਸ ਕੀਤਾ ਪਰ ਪੁਲਸ ਨੂੰ ਇਸਦੀ ਸੂਚਨਾ ਨਹੀਂ ਦਿੱਤੀ ਗਈ। 2 ਦਿਨ ਪਹਿਲਾਂ ਜਦੋਂ ਇੱਕ ਵਿਅਕਤੀ ਨੇ ਦਰਵਾਜ਼ੇ ਦੇ ਅੰਦਰ ਝਾਤੀ ਮਾਰੀ ਤਾਂ ਉਸਨੇ ਇੱਕ ਪਿੰਜਰ ਦੇਖਿਆ, ਜਿਸਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ।ਪੁਲਿਸ ਨੇ ਜਦੋਂ ਘਰ 'ਚ ਦਾਖਲ ਹੋ ਕੇ ਦੇਖਿਆ ਤਾਂ ਇੱਕ ਕਮਰੇ 'ਚੋਂ 4 ਨਰ ਕੰਕਾਲ ਬਰਾਮਦ ਹੋਏ, 2 ਬੈੱਡ 'ਤੇ ਸਨ ਅਤੇ 2 ਥੱਲੇ ਫਰਸ਼ ਉਪਰ। ਦੂਜੇ ਕਮਰੇ ਵਿੱਚੋਂ ਇੱਕ ਹੋਰ ਨਰ ਪਿੰਜਰ ਬਰਾਮਦ ਕੀਤਾ ਗਿਆ। ਐਫਐਸਐਲ ਅਤੇ ਕਲੂ ਟੀਮ ਨੂੰ ਬੁਲਾਇਆ ਗਿਆ ਅਤੇ ਘਟਨਾ ਵਾਲੀ ਥਾਂ ਦੀ ਜਾਂਚ ਕੀਤੀ ਗਈ। ਪੁਲਿਸ ਨੇ ਘਰ ਨੂੰ ਸੀਲ ਕਰ ਦਿੱਤਾ ਹੈ। 
 
ਗ੍ਰਹਿ ਮੰਤਰੀ ਨੇ ਲਿਆ ਫੀਡਬੈਕ 
 
ਕਰਨਾਟਕ ਦੇ ਗ੍ਰਹਿ ਮੰਤਰੀ ਜੀ.ਪਰਮੇਸ਼ਵਰ ਨੇ ਵੀ ਇਸ ਹੈਰਾਨ ਕਰਨ ਵਾਲੀ ਘਟਨਾ 'ਤੇ ਬਿਆਨ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਮੈਂ ਇਸ ਘਟਨਾ 'ਤੇ ਐਸਪੀ, ਆਈਜੀ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਗੱਲ ਕੀਤੀ ਹੈ। ਇੱਕ ਘਰ ਵਿੱਚ ਪੰਜ ਪਿੰਜਰ ਮਿਲਣ ਦੀ ਸੂਚਨਾ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰਜਕਾਰੀ ਇੰਜੀਨੀਅਰ ਦਾ ਘਰ ਹੈ। ਉਹ ਕਿੰਨੇ ਸਮੇਂ ਤੋਂ ਉੱਥੇ ਸਨ ਅਤੇ ਉਹ ਕੌਣ ਸਨ? ਇਸਦੀ ਜਾਂਚ ਕਰਨ ਲਈ ਕਿਹਾ ਹੈ।

ਇਹ ਵੀ ਪੜ੍ਹੋ