ਸੰਜੈ ਸਿੰਘ ਦੀ ਗ੍ਰਿਫ਼ਤਾਰੀ ਦਾ ਮਾਮਲਾ - ਸੁਪਰੀਮ ਕੋਰਟ ਨੇ ਈਡੀ ਨੂੰ ਜਾਰੀ ਕੀਤਾ ਨੋਟਿਸ

ਦਸੰਬਰ ਦੇ ਦੂਜੇ ਹਫ਼ਤੇ ਤੱਕ ਜਵਾਬ ਦੇਣ ਲਈ ਕਿਹਾ। ਉਦੋਂ ਤੱਕ ਇਸ ਪਟੀਸ਼ਨ ਦੀ ਸੁਣਵਾਈ ਮੁਲਤਵੀ ਕੀਤੀ ਗਈ।

Share:

ਸ਼ਰਾਬ ਨੀਤੀ ਮਾਮਲੇ 'ਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ ਦੀ ਗ੍ਰਿਫਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਨੋਟਿਸ ਜਾਰੀ ਹੋਇਆ। ਇਹ ਨੋਟਿਸ ਦੇਸ਼ ਦੀ ਸਰਬਉੱਚ ਅਦਾਲਤ ਸੁਪਰੀਮ ਕੋਰਟ ਵੱਲੋਂ ਜਾਰੀ ਕੀਤਾ ਗਿਆ।  ਸੁਪਰੀਮ ਕੋਰਟ ਨੇ ਜਾਂਚ ਏਜੰਸੀ ਈਡੀ ਨੂੰ ਦਸੰਬਰ ਦੇ ਦੂਜੇ ਹਫ਼ਤੇ ਤੱਕ ਜਵਾਬ ਦੇਣ ਲਈ ਕਿਹਾ ਹੈ। ਇਸਦੇ ਨਾਲ ਹੀ ਸੁਪਰੀਮ ਕੋਰਟ ਨੇ ਸੰਜੈ ਸਿੰਘ ਨੂੰ ਹੇਠਲੀ ਅਦਾਲਤ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕਰਨ ਦਾ ਸੁਝਾਅ ਵੀ ਦਿੱਤਾ। ਸੁਪਰੀਮ ਕੋਰਟ ਨੇ ਆਪ ਆਗੂ ਸੰਜੈ ਸਿੰਘ ਨੂੰ ਕਿਹਾ ਕਿ ਉਹ ਆਪਣੀ ਗ੍ਰਿਫ਼ਤਾਰੀ ਨੂੰ ਚੁਣੌਤੀ ਦੇਣ ਦੀ ਬਜਾਏ ਹੇਠਲੀ ਅਦਾਲਤ 'ਚ ਜ਼ਮਾਨਤ ਅਰਜ਼ੀ ਲਗਾਉਣ।  

ਹਾਈਕੋਰਟ ਨੇ ਖਾਰਿਜ ਕੀਤੀ ਸੀ ਪਟੀਸ਼ਨ 

ਦਿੱਲੀ ਹਾਈਕੋਰਟ ਨੇ ਇਹ ਪਟੀਸ਼ਨ ਖਾਰਜ ਕਰ ਦਿੱਤੀ ਸੀ। ਹਾਈਕੋਰਟ ਨੇ ਕਿਹਾ ਸੀ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੈ, ਚਾਹੇ ਉਹ ਨੇਤਾ ਹੋਵੇ ਜਾਂ ਆਮ ਨਾਗਰਿਕ। ਅਦਾਲਤ ਨੇ ਕਿਹਾ ਸੀ ਕਿ ਸੰਜੈ ਸਿੰਘ ਦੀ ਗ੍ਰਿਫ਼ਤਾਰੀ ਕਾਨੂੰਨ ਮੁਤਾਬਕ ਹੋਈ ਹੈ। ਜਾਂਚ ਦੇ ਸ਼ੁਰੂਆਤੀ ਪੜਾਅ 'ਤੇ ਮਾਮਲੇ 'ਚ ਦਖਲ ਦੇਣ ਦੀ ਕੋਈ ਲੋੜ ਨਹੀਂ ਹੈ।

4 ਅਕਤੂਬਰ ਨੂੰ ਹੋਈ ਸੀ ਗ੍ਰਿਫ਼ਤਾਰੀ 

ਦੱਸ ਦਈਏ ਕਿ ਈਡੀ ਨੇ ਸੰਜੈ ਸਿੰਘ ਨੂੰ ਸ਼ਰਾਬ ਨੀਤੀ ਮਾਮਲੇ 'ਚ 4 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਬਾਅਦ ਉਹ ਹਾਲੇ ਵੀ ਨਿਆਂਇਕ ਹਿਰਾਸਤ 'ਚ ਹੈ।  ਈਡੀ ਦੀ ਚਾਰਜਸ਼ੀਟ 'ਚ ਸੰਜੈ ਸਿੰਘ 'ਤੇ 82 ਲੱਖ ਰੁਪਏ ਦਾ ਚੰਦਾ ਲੈਣ ਦਾ ਦੋਸ਼ ਹੈ।  ਸੰਜੈ ਸਿੰਘ ਨੇ ਆਪਣੀ ਗ੍ਰਿਫਤਾਰੀ ਨੂੰ ਚੁਣੌਤੀ ਦਿੰਦੇ ਹੋਏ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ। 

ਇਹ ਵੀ ਪੜ੍ਹੋ