1 ਜਨਵਰੀ ਤੋਂ 82 ਕਰੋੜ ਲੋਕਾਂ ਦਾ ਰਾਸ਼ਨ ਬੰਦ, ਦੇਸ਼ ਦੇ 6 ਲੱਖ ਡਿਪੂ ਹੋਲਡਰ ਕਰਨਗੇ ਹੜਤਾਲ

ਡਿਪੂ ਹੋਲਡਰ 16 ਜਨਵਰੀ ਨੂੰ ਨਵੀਂ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਰੈਲੀ ਕਰਨਗੇ ਅਤੇ ਫਿਰ ਦੇਸ਼ ਭਰ ਵਿੱਚ ਬਰਾਬਰ ਕਮਿਸ਼ਨ ਦੀ ਮੰਗ ਨੂੰ ਲੈ ਕੇ ਸੰਸਦ ਦਾ ਘਿਰਾਓ ਕਰਨਗੇ।

Share:

ਦੇਸ਼ ਦੇ 82 ਕਰੋੜ ਲੋਕਾਂ ਨੂੰ ਰਾਸ਼ਨ ਡਿਪੂਆਂ ਤੋਂ ਰਾਸ਼ਨ ਦੀ ਸਪਲਾਈ 1 ਜਨਵਰੀ ਤੋਂ ਬੰਦ ਹੋ ਜਾਵੇਗੀ। ਦੇਸ਼ ਦੇ 6 ਲੱਖ ਡਿਪੂ ਹੋਲਡਰ ਹੜਤਾਲ 'ਤੇ ਜਾ ਰਹੇ ਹਨ। ਇਨ੍ਹਾਂ ਵਿੱਚ ਪੰਜਾਬ ਦੇ 18 ਹਜ਼ਾਰ ਡਿਪੂ ਹੋਲਡਰ ਵੀ ਸ਼ਾਮਲ ਹਨ। ਡਿਪੂ ਹੋਲਡਰਾਂ ਦੀ ਮੰਗ ਹੈ ਕਿ ਜੇਕਰ 'ਇੱਕ ਦੇਸ਼-ਇੱਕ ਰਾਸ਼ਨ ਕਾਰਡ' ਹੋ ਸਕਦਾ ਹੈ ਤਾਂ ਡਿਪੂ ਹੋਲਡਰਾਂ ਨੂੰ ਦਿੱਤਾ ਜਾਣ ਵਾਲਾ ਕਮਿਸ਼ਨ ਪੂਰੇ ਦੇਸ਼ ਵਿੱਚ ਇੱਕੋ ਜਿਹਾ ਕਿਉਂ ਨਹੀਂ ਹੋ ਸਕਦਾ। ਡਿਪੂ ਹੋਲਡਰ 16 ਜਨਵਰੀ ਨੂੰ ਨਵੀਂ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਰੈਲੀ ਕਰਨਗੇ ਅਤੇ ਫਿਰ ਦੇਸ਼ ਭਰ ਵਿੱਚ ਬਰਾਬਰ ਕਮਿਸ਼ਨ ਦੀ ਮੰਗ ਨੂੰ ਲੈ ਕੇ ਸੰਸਦ ਦਾ ਘਿਰਾਓ ਕਰਨਗੇ।

ਰਾਸ਼ਨ ਵੀ ਨਹੀਂ ਚੁੱਕਣਗੇ

ਆਲ ਇੰਡੀਆ ਫੇਅਰ ਪ੍ਰਾਈਸ ਸ਼ਾਪ ਡੀਲਰਜ਼ ਫੈਡਰੇਸ਼ਨ ਦੀ ਪੰਜਾਬ ਇਕਾਈ ਦੇ ਮੁਖੀ ਕਰਮਜੀਤ ਸਿੰਘ ਅੜੈਚਾ ਨੇ ਕਿਹਾ ਹੈ ਕਿ 1 ਜਨਵਰੀ 2024 ਤੋਂ ਦੇਸ਼ ਦੇ ਸਾਰੇ ਸੂਬਿਆਂ ਵਿੱਚ ਡਿਪੂ ਹੋਲਡਰ ਹੜਤਾਲ ’ਤੇ ਚਲੇ ਜਾਣਗੇ। ਇਸ ਦੌਰਾਨ ਕੋਈ ਵੀ ਡਿਪੂ ਹੋਲਡਰ ਨਾ ਤਾਂ ਸਰਕਾਰ ਵੱਲੋਂ ਆਉਣ ਵਾਲਾ ਰਾਸ਼ਨ ਚੁੱਕੇਗਾ ਅਤੇ ਨਾ ਹੀ ਲੋਕਾਂ ਤੱਕ ਪਹੁੰਚਾਏਗਾ। ਉਹ ਬਾਇਓਮੈਟ੍ਰਿਕ ਮਸ਼ੀਨਾਂ ਨੂੰ ਬੰਦ ਕਰਕੇ ਆਪਣਾ ਗੁੱਸਾ ਜ਼ਾਹਰ ਕਰੇਗਾ।

ਸਰਕਾਰ ਤੇ ਸੁੱਟੀ ਜ਼ਿੰਮੇਵਾਰੀ

ਕਰਮਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਕੁੱਲ 18 ਹਜ਼ਾਰ ਰਾਸ਼ਨ ਡਿਪੂ ਹੋਲਡਰ ਹਨ, ਜੋ ਇਸ ਹੜਤਾਲ ਦੇ ਸਮਰਥਨ ਵਿੱਚ ਹਨ। ਡਿਪੂ ਹੋਲਡਰਾਂ ਦੀ ਇਸ ਹੜਤਾਲ ਦੌਰਾਨ ਲੋਕਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਲਈ ਸਰਕਾਰ ਖੁਦ ਜ਼ਿੰਮੇਵਾਰ ਹੋਵੇਗੀ। ਉਹ ਉਦੋਂ ਤੱਕ ਹੜਤਾਲ ਜਾਰੀ ਰੱਖਣਗੇ ਜਦੋਂ ਤੱਕ ਕੇਂਦਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ। ਸਾਰੇ ਡਿਪੂ ਹੋਲਡਰ ਪੂਰੇ ਦੇਸ਼ ਵਿੱਚ ਜਨਵਰੀ ਤੋਂ ਸ਼ੁਰੂ ਹੋਣ ਵਾਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 5 ਸਾਲਾਂ ਲਈ ਮੁਫਤ ਅਨਾਜ ਯੋਜਨਾ ਦਾ ਬਾਈਕਾਟ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਡਿਪੂ ਹੋਲਡਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਡਿਪੂਆਂ ’ਤੇ ਪੁੱਜੀ ਕਣਕ ’ਤੇ ਸਿਰਫ਼ 50 ਰੁਪਏ ਪ੍ਰਤੀ ਕੁਇੰਟਲ ਕਮਿਸ਼ਨ ਦਿੱਤਾ ਜਾ ਰਿਹਾ ਹੈ।

 

ਇਹ ਹਨ ਮੁੱਖ ਮੰਗਾਂ

ਦੇਸ਼ ਭਰ ਵਿੱਚ ਡਿਪੂ ਹੋਲਡਰਾਂ ਨੂੰ 200 ਰੁਪਏ ਪ੍ਰਤੀ ਕੁਇੰਟਲ ਇੱਕ ਸਮਾਨ ਕਮਿਸ਼ਨ ਦਿੱਤਾ ਜਾਵੇ। ਡਿਪੂ ਹੋਲਡਰਾਂ ਲਈ 50 ਲੱਖ ਰੁਪਏ ਤੱਕ ਦੀ ਬੀਮਾ ਯੋਜਨਾ ਸ਼ੁਰੂ ਕੀਤੀ ਜਾਵੇ। ਪੂਰੇ ਦੇਸ਼ ਵਿੱਚ 2 ਰੁਪਏ ਪ੍ਰਤੀ ਕਿਲੋ ਕਣਕ ਅਤੇ 3 ਰੁਪਏ ਪ੍ਰਤੀ ਕਿਲੋ ਚੌਲਾਂ ਦਾ ਕੋਟਾ ਬਹਾਲ ਕੀਤਾ ਜਾਵੇ। ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਡਿਪੂ ਹੋਲਡਰਾਂ ਨੂੰ ਦਿੱਤਾ ਗਿਆ ਕਮਿਸ਼ਨ ਤੁਰੰਤ ਜਾਰੀ ਕੀਤਾ ਜਾਵੇ।

ਇਹ ਵੀ ਪੜ੍ਹੋ