ਰਾਮ ਰਹੀਮ ਫਿਰ ਫਰਲੋ 'ਤੇ ਸੁਨਾਰੀਆ ਜੇਲ੍ਹ ਤੋਂ ਬਾਹਰ

ਡੀਐਸਪੀ ਸੰਦੀਪ ਮਲਿਕ ਦੀ ਅਗਵਾਈ ਵਿੱਚ ਸੀਆਈਏ ਇੰਚਾਰਜ ਕੁਲਦੀਪ ਸਿੰਘ ਦੀ ਟੀਮ ਯੂਪੀ ਦੇ ਬਾਗਪਤ ਜ਼ਿਲ੍ਹੇ ਵਿੱਚ ਬਰਨਾਵਾ ਆਸ਼ਰਮ ਛੱਡਣ ਗਈ

Share:

ਬਲਾਤਕਾਰ ਅਤੇ ਕਤਲ ਕੇਸ ਵਿੱਚ ਦੋਸ਼ੀ ਰਾਮ ਰਹੀਮ ਮੰਗਲਵਾਰ ਨੂੰ ਇੱਕ ਵਾਰ ਫਿਰ ਸੁਨਾਰੀਆ ਜੇਲ੍ਹ ਤੋਂ ਬਾਹਰ ਆ ਗਿਆ। ਸਰਕਾਰ ਨੇ ਉਸ ਨੂੰ 21 ਦਿਨਾਂ ਦੀ ਛੁੱਟੀ ਦਿੱਤੀ ਹੈ। ਹਨੀਪ੍ਰੀਤ ਅਤੇ ਚਰਨਜੀਤ ਸਿੰਘ ਮੰਗਲਵਾਰ ਦੁਪਹਿਰ ਨੂੰ ਸੁਨਾਰੀਆ ਜੇਲ੍ਹ ਪਹੁੰਚੇ। ਇਸ ਤੋਂ ਠੀਕ 15 ਮਿੰਟ ਬਾਅਦ ਉਹ ਰਾਮ ਰਹੀਮ ਨੂੰ ਆਪਣੇ ਨਾਲ ਯੂਪੀ ਦੇ ਬਾਗਪਤ ਸਥਿਤ ਬਰਨਾਵਾ ਆਸ਼ਰਮ ਲੈ ਗਏ। ਡੀਐਸਪੀ ਸੰਦੀਪ ਮਲਿਕ ਦੀ ਅਗਵਾਈ ਵਿੱਚ ਸੀਆਈਏ ਇੰਚਾਰਜ ਕੁਲਦੀਪ ਸਿੰਘ ਦੀ ਟੀਮ ਰਾਮ ਰਹੀਮ ਨੂੰ ਆਸ਼ਰਮ ਵਿੱਚ ਛੱਡਣ ਗਈ ਹੈ।


12ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ 

ਗੁਰਮੀਤ ਰਾਮ ਰਹੀਮ ਨੂੰ ਸਾਧਵੀ ਬਲਾਤਕਾਰ ਮਾਮਲੇ ਵਿੱਚ ਸਾਲ 2017 ਵਿੱਚ ਸਜ਼ਾ ਸੁਣਾਈ ਗਈ ਸੀ। ਬਾਅਦ ਵਿੱਚ ਉਸ ਨੂੰ ਛਤਰਪਤੀ ਕਤਲ ਕੇਸ ਅਤੇ ਰਣਜੀਤ ਕਤਲ ਕੇਸ ਵਿੱਚ ਵੀ ਦੋਸ਼ੀ ਠਹਿਰਾਇਆ ਗਿਆ ਸੀ। ਚਾਰ ਦਿਨ ਪਹਿਲਾਂ ਰਾਮਰਹੀਮ ਨੇ ਫਰਲੋ ਲਈ ਅਰਜ਼ੀ ਦਾਇਰ ਕੀਤੀ ਸੀ, ਜਿਸ ਨੂੰ ਮੰਜ਼ੂਰ ਕਰ ਲਿਆ ਗਿਆ ਸੀ। ਡੀਐਸਪੀ ਦੀ ਅਗਵਾਈ ਵਿੱਚ ਪੁਲਿਸ ਟੀਮ ਉਸ ਨੂੰ ਯੂਪੀ ਦੇ ਬਾਗਪਤ ਜ਼ਿਲ੍ਹੇ ਵਿੱਚ ਬਰਨਾਵਾ ਆਸ਼ਰਮ ਵਿੱਚ ਛੱਡ ਕੇ ਆਵੇਗੀ। ਰਾਮਰਹੀਮ ਨੂੰ ਜੇਲ੍ਹ ਵਿੱਚ ਕੈਦੀ ਨੰਬਰ 8647 ਦਿੱਤਾ ਗਿਆ ਹੈ। ਉਹ 12ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਹੈ। ਉਸ ਨੂੰ ਅੱਠਵੀਂ ਵਾਰ ਪੈਰੋਲ ਜਾਂ ਫਰਲੋ ਮਿਲੀ ਹੈ।

ਜੁਲਾਈ 'ਚ ਮਿਲੀ ਸੀ 30 ਦਿਨਾਂ ਦੀ ਪੈਰੋਲ

ਰਾਮ ਰਹੀਮ ਨੂੰ ਇਸ ਸਾਲ ਜੁਲਾਈ 'ਚ 30 ਦਿਨਾਂ ਦੀ ਪੈਰੋਲ ਮਿਲੀ ਸੀ। ਉਸ ਦੌਰਾਨ ਵੀ ਉਹ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਆ ਕੇ ਯੂਪੀ ਦੇ ਬਰਨਾਵਾ ਆਸ਼ਰਮ ਵਿੱਚ ਰਹਿ ਰਿਹਾ ਸੀ। ਪੈਰੋਲ ਦੌਰਾਨ ਉਸ ਨੂੰ ਸਿਰਸਾ ਡੇਰੇ ਵਿਚ ਨਹੀਂ ਜਾਣ ਦਿੱਤਾ ਗਿਆ ਸੀ। ਉਸ ਸਮੇਂ ਰਾਮ ਰਹੀਮ ਲਈ ਸਿਰਸਾ ਡੇਰੇ ਤੋਂ ਬਰਨਵਾ ਆਸ਼ਰਮ ਵਿਚ ਖਾਸ ਤੌਰ 'ਤੇ ਘੋੜੇ ਅਤੇ ਗਾਵਾਂ ਭੇਜੀਆਂ ਜਾਂਦੀਆਂ ਸਨ। ਆਸ਼ਰਮ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਸੀ। ਇਸ ਤੋਂ ਬਾਅਦ ਰਾਮ ਰਹੀਮ ਨੇ 15 ਅਗਸਤ ਨੂੰ ਆਪਣੇ ਜਨਮ ਦਿਨ 'ਤੇ ਪੈਰੋਲ ਲਈ ਸੀ। ਇਸ ਤੋਂ ਪਹਿਲਾਂ ਇਸ ਸਾਲ ਜਨਵਰੀ ਵਿੱਚ ਵੀ ਉਸ ਨੂੰ 40 ਦਿਨਾਂ ਦੀ ਪੈਰੋਲ ਮਿਲੀ ਸੀ। 

ਨਿਯਮਾਂ ਮੁਤਾਬਕ ਮਿਲੀ ਪੈਰੋਲ-ਬੁਲਾਰਾ

ਡੇਰਾ ਸੱਚਾ ਸੌਦਾ ਦੇ ਬੁਲਾਰੇ ਜਤਿੰਦਰ ਖੁਰਾਣਾ ਮੁਤਾਬਕ ਕੈਦੀ ਨੂੰ ਕਾਨੂੰਨ ਤਹਿਤ ਹੀ ਜੇਲ੍ਹ ਤੋਂ ਬਾਹਰ ਆਉਣ ਦੀ ਇਜਾਜ਼ਤ ਹੈ। ਜਤਿੰਦਰ ਖੁਰਾਣਾ ਨੇ ਕਿਹਾ ਕਿ ਜੋ ਵੀ ਜੇਲ੍ਹ ਦੇ ਅੰਦਰ ਹੁੰਦਾ ਹੈ ਉਸ ਨੂੰ ਸਾਲ ਦੇ ਅੰਦਰ 70 ਦਿਨਾਂ ਦੀ ਪੈਰੋਲ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਕੈਦੀ ਨੂੰ 21 ਤੋਂ 28 ਦਿਨਾਂ ਦੀ ਫਰਲੋ ਮਿਲਣ ਦਾ ਅਧਿਕਾਰ ਹੈ। ਜੇਲ ਮੈਨੂਅਲ ਮੁਤਾਬਕ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦਿੱਤੀ ਗਈ ਹੈ। ਇਹ ਪੂਰੀ ਤਰ੍ਹਾਂ ਕਾਨੂੰਨ ਦੇ ਦਾਇਰੇ ਵਿੱਚ ਹੈ। 

ਇਹ ਵੀ ਪੜ੍ਹੋ