ਡਰਾਈਵਰਾਂ ਦੀਆਂ ਸਮੱਸਿਆਵਾਂ ਸਬੰਧੀ ਰਾਹੁਲ ਗਾਂਧੀ ਦੁਆਰਾ ਟਰੱਕ ਦੀ ਯਾਤਰਾ

ਕਾਂਗਰਸ ਨੇਤਾ ਰਾਹੁਲ ਗਾਂਧੀ ਟਰੱਕ ਡਰਾਈਵਰਾਂ ਦੀਆਂ ਸਮੱਸਿਆਵਾਂ ਜਾਣਨ ਅਤੇ ਉਨ੍ਹਾਂ ਦੇ ਮਨ ਦੀ ਗੱਲ ਸੁਣਨ ਲਈ ਸੋਮਵਾਰ ਰਾਤ ਸਮੇਂ ਉਹਨਾਂ ਨੂੰ ਮਿਲਣ ਗਏ। ਪਾਰਟੀ ਦੁਆਰਾ ਟਵੀਟ ਕੀਤੇ ਦ੍ਰਿਸ਼ਾਂ ਵਿੱਚ ਗਾਂਧੀ ਇੱਕ ਟਰੱਕ ਦੇ ਅੰਦਰ ਬੈਠੇ, ਇੱਕ ਡਰਾਈਵਰ ਨਾਲ ਸਫ਼ਰ ਕਰਦੇ ਅਤੇ ਟਰੱਕ ਡਰਾਈਵਰਾਂ ਨਾਲ ਗੱਲ ਕਰਦੇ ਦਿਖਾਈ ਦਿੰਦੇ ਹਨ। ਪਾਰਟੀ ਨੇ ਕਿਹਾ ਕਿ ਰਾਹੁਲ […]

Share:

ਕਾਂਗਰਸ ਨੇਤਾ ਰਾਹੁਲ ਗਾਂਧੀ ਟਰੱਕ ਡਰਾਈਵਰਾਂ ਦੀਆਂ ਸਮੱਸਿਆਵਾਂ ਜਾਣਨ ਅਤੇ ਉਨ੍ਹਾਂ ਦੇ ਮਨ ਦੀ ਗੱਲ ਸੁਣਨ ਲਈ ਸੋਮਵਾਰ ਰਾਤ ਸਮੇਂ ਉਹਨਾਂ ਨੂੰ ਮਿਲਣ ਗਏ। ਪਾਰਟੀ ਦੁਆਰਾ ਟਵੀਟ ਕੀਤੇ ਦ੍ਰਿਸ਼ਾਂ ਵਿੱਚ ਗਾਂਧੀ ਇੱਕ ਟਰੱਕ ਦੇ ਅੰਦਰ ਬੈਠੇ, ਇੱਕ ਡਰਾਈਵਰ ਨਾਲ ਸਫ਼ਰ ਕਰਦੇ ਅਤੇ ਟਰੱਕ ਡਰਾਈਵਰਾਂ ਨਾਲ ਗੱਲ ਕਰਦੇ ਦਿਖਾਈ ਦਿੰਦੇ ਹਨ। ਪਾਰਟੀ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਡਰਾਈਵਰਾਂ ਦੀਆਂ ਦਰਪੇਸ਼ ਸਮੱਸਿਆਵਾਂ ਨੂੰ ਸਮਝਣ ਲਈ ਦਿੱਲੀ ਤੋਂ ਚੰਡੀਗੜ੍ਹ ਤੱਕ ਦੀ ਯਾਤਰਾ ਕੀਤੀ।

ਸ੍ਰੀ ਗਾਂਧੀ ਮੰਗਲਵਾਰ ਸਵੇਰੇ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ’ਤੇ ਸਥਿਤ ਅੰਬਾਲਾ ਸ਼ਹਿਰ ਦੇ ਇੱਕ ਗੁਰਦੁਆਰੇ ਨੇੜੇ ਵੀ ਰੁਕੇ ਅਤੇ ਉੱਥੇ ਮੱਥਾ ਟੇਕਿਆ। ਹਰਿਆਣਾ ਕਾਂਗਰਸ ਦੇ ਪ੍ਰਧਾਨ ਉਦੈ ਭਾਨ ਨੇ ਪੀਟੀਆਈ ਨੂੰ ਦੱਸਿਆ ਕਿ ਸ੍ਰੀ ਗਾਂਧੀ ਨੇ ਟਰੱਕ ਡਰਾਈਵਰਾਂ ਨਾਲ ਯਾਤਰਾ ਕੀਤੀ ਅਤੇ ਰਸਤੇ ਵਿੱਚ ਰੁਕ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ।

ਵੀਡੀਓ ਨੂੰ ਟਵੀਟ ਕਰਦੇ ਹੋਏ ਕਾਂਗਰਸ ਪਾਰਟੀ ਨੇ ਲਿਖਿਆ ਕਿ ਜਨਨਾਇਕ ਰਾਹੁਲ ਗਾਂਧੀ ਜੀ ਟਰੱਕ ਡਰਾਈਵਰਾਂ ਦੀਆਂ ਸਮੱਸਿਆਵਾਂ ਜਾਣਨ ਲਈ ਉਨ੍ਹਾਂ ਦੇ ਵਿਚਕਾਰ ਪਹੁੰਚੇ। ਰਾਹੁਲ ਜੀ ਨੇ ਉਨ੍ਹਾਂ ਨਾਲ ਦਿੱਲੀ ਤੋਂ ਚੰਡੀਗੜ੍ਹ ਤੱਕ ਦੀ ਯਾਤਰਾ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਦੀਆਂ ਸੜਕਾਂ ‘ਤੇ ਕਰੀਬ 90 ਲੱਖ ਟਰੱਕ ਡਰਾਈਵਰ ਹਨ। ਉਨ੍ਹਾਂ ਦੀਆਂ ਆਪਣੀਆਂ ਸਮੱਸਿਆਵਾਂ ਹਨ। ਰਾਹੁਲ ਜੀ ਨੇ ਉਨ੍ਹਾਂ ਦੀ ‘ਮਨ ਦੀ ਗੱਲ’ ਸੁਣਨ ਦਾ ਕੰਮ ਕੀਤਾ।

ਟਰੱਕ ਡਰਾਈਵਰਾਂ ਵਿਚਕਾਰ ਬੈਠੇ ਗਾਂਧੀ ਦੀਆਂ ਤਸਵੀਰਾਂ ਪੋਸਟ ਕਰਦੇ ਹੋਏ ਕਾਂਗਰਸ ਨੇ ਲਿਖਿਆ, “ਤੁਹਾਡਾ ਰਾਹੁਲ ਗਾਂਧੀ ਤੁਹਾਡੇ ਵਿਚਕਾਰ।”

ਕਰਨਾਟਕ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਕਰਦੇ ਹੋਏ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਗਾਂਧੀ ਨੇ ਬੈਂਗਲੁਰੂ ਮੈਟਰੋਪੋਲੀਟਨ ਟਰਾਂਸਪੋਰਟ ਕਾਰਪੋਰੇਸ਼ਨ (ਬੀਐੱਮਟੀਸੀ) ਦੇ ਬੱਸ ਸਟੌਪ ‘ਤੇ ਕਾਲਜ ਦੇ ਵਿਦਿਆਰਥੀਆਂ ਅਤੇ ਔਰਤਾਂ ਨਾਲ ਵੀ ਗੱਲਬਾਤ ਕੀਤੀ ਸੀ। ਉਹਨਾਂ ਨੇ ਬੀਐਮਟੀਸੀ ਦੀ ਇੱਕ ਬੱਸ ਵਿੱਚ ਸਵਾਰ ਮਹਿਲਾ ਯਾਤਰੀਆਂ ਨਾਲ ਵੀ ਗੱਲਬਾਤ ਕੀਤੀ।

ਕਾਂਗਰਸ ਦੇ ਸੋਸ਼ਲ ਮੀਡੀਆ ਵਿਭਾਗ ਦੀ ਮੁਖੀ ਸੁਪ੍ਰਿਆ ਸ਼੍ਰਨਾਤੇ ਨੇ ਕਿਹਾ ਕਿ ਰਾਹੁਲ ਗਾਂਧੀ ਇੱਕ ਵੱਖਰੇ ਵਿਅਕਤੀ ਹਨ। ਅੱਜ ਉਹ ਇਸ ਦੇਸ਼ ਵਿੱਚ ਆਮ ਜਨਤਾ ਅਤੇ ਸਰਕਾਰ ਵਿੱਚ ਵਧ ਰਹੇ ਪਾੜੇ ਨੂੰ ਪੂਰਨ ਲਈ ਵਚਨਬੱਧ ਹਨ। ਇਸ ਤਹਿਤ ਫਿਰ ਭਾਵੇਂ ਗਰਮੀ ਵਿੱਚ ਸਾਰੀ ਰਾਤ ਟਰੱਕ ਡਰਾਈਵਰਾਂ ਨਾਲ ਬੈਠ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨਾ ਜਾਂ ਯਾਤਰਾ ਕਰਨਾ ਹੀ ਕਿਉਂ ਨਾ ਹੋਵੇ। ਅਜਿਹੇ ’ਚ ਕੁਝ ਲੋਕਾਂ ਵਿੱਚ ਚੰਗੇ ਭਵਿੱਖ ਦੀ ਉਮੀਦ ਜਾਗੀ ਹੈ!

ਕਾਂਗਰਸੀ ਸੂਤਰਾਂ ਨੇ ਦੱਸਿਆ ਕਿ ਮਿਸਟਰ ਗਾਂਧੀ ਆਪਣੀ ਮਾਂ ਸੋਨੀਆ ਗਾਂਧੀ ਨਾਲ ਕੁਝ ਸਮਾਂ ਬਿਤਾਉਣ ਲਈ ਸ਼ਿਮਲਾ ਜਾ ਰਹੇ ਸਨ ਅਤੇ ਰਸਤੇ ਵਿੱਚ ਉਨ੍ਹਾਂ ਟਰੱਕ ਡਰਾਈਵਰਾਂ ਦੀਆਂ ਸਮੱਸਿਆਵਾਂ ਸੁਣਨ ਦਾ ਫੈਸਲਾ ਕੀਤਾ।