ਸੰਸਦੀ ਪੈਨਲ ਨੇ ਓਟੀਟੀ ਪਲੇਟਫਾਰਮਾਂ ਨੂੰ ਅਸ਼ਲੀਲ ਸਮੱਗਰੀ ਤੋਂ ਵਰਜਿਆ

ਇੱਕ ਸੰਸਦੀ ਪੈਨਲ – ਸੰਚਾਰ ਅਤੇ ਤਕਨਾਲੋਜੀ ‘ਤੇ ਸੰਸਦੀ ਸਥਾਈ ਕਮੇਟੀ – ਦੇ ਮੈਂਬਰਾਂ ਨੇ ਨੇਟਫਲਿਕਸ, ਡਿਜ਼ਨੀ+ਹੌਟਸਟਾਰ, ਸੋਨੀ ਲਿਵ, ਜੀ5 ਅਤੇ ਐਮਾਜ਼ੋਨ ਪ੍ਰਾਇਮ ਵੀਡੀਓ ਵਰਗੇ ਸਾਰੇ ਓਟੀਟੀ ਪਲੇਟਫਾਰਮਾਂ ਦੇ ਕਾਰਜਕਾਰੀ ਅਧਿਕਾਰੀਆਂ ਨੂੰ ਭਾਰਤ ਦੀਆਂ ਸੱਭਿਆਚਾਰਕ ਸੰਵੇਦਨਸ਼ੀਲਤਾਵਾਂ ਦਾ ਸਨਮਾਨ ਕਰਨ ਲਈ ਕਿਹਾ ਹੈ। ਪੈਨਲ ਨੇ ਅੱਗੇ ਇਨ੍ਹਾਂ ਪਲੇਟਫਾਰਮਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਲੇਟਫਾਰਮਾਂ ‘ਤੇ […]

Share:

ਇੱਕ ਸੰਸਦੀ ਪੈਨਲ – ਸੰਚਾਰ ਅਤੇ ਤਕਨਾਲੋਜੀ ‘ਤੇ ਸੰਸਦੀ ਸਥਾਈ ਕਮੇਟੀ – ਦੇ ਮੈਂਬਰਾਂ ਨੇ ਨੇਟਫਲਿਕਸ, ਡਿਜ਼ਨੀ+ਹੌਟਸਟਾਰ, ਸੋਨੀ ਲਿਵ, ਜੀ5 ਅਤੇ ਐਮਾਜ਼ੋਨ ਪ੍ਰਾਇਮ ਵੀਡੀਓ ਵਰਗੇ ਸਾਰੇ ਓਟੀਟੀ ਪਲੇਟਫਾਰਮਾਂ ਦੇ ਕਾਰਜਕਾਰੀ ਅਧਿਕਾਰੀਆਂ ਨੂੰ ਭਾਰਤ ਦੀਆਂ ਸੱਭਿਆਚਾਰਕ ਸੰਵੇਦਨਸ਼ੀਲਤਾਵਾਂ ਦਾ ਸਨਮਾਨ ਕਰਨ ਲਈ ਕਿਹਾ ਹੈ। ਪੈਨਲ ਨੇ ਅੱਗੇ ਇਨ੍ਹਾਂ ਪਲੇਟਫਾਰਮਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਲੇਟਫਾਰਮਾਂ ‘ਤੇ ਅਸ਼ਲੀਲ ਸਮੱਗਰੀ ਦਿਖਾਉਣ ਤੋਂ ਪਰਹੇਜ਼ ਕਰਨ।

ਇਨ੍ਹਾਂ ਸਟ੍ਰੀਮਿੰਗ ਕੰਪਨੀਆਂ ਦੇ ਉੱਚ ਅਧਿਕਾਰੀਆਂ ਨੇ ਸ਼ਿਵ ਸੈਨਾ ਦੇ ਸੰਸਦ ਮੈਂਬਰ ਪ੍ਰਤਾਪਰਾਓ ਜਾਧਵ ਦੀ ਪ੍ਰਧਾਨਗੀ ਵਾਲੇ ਪੈਨਲ ਅੱਗੇ ਹਾਜ਼ਰੀ ਲਗਾਈ। ਇਸ ਪੈਨਲ ਵਿੱਚ ਉੱਘੇ ਅਦਾਕਾਰ ਅਤੇ ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ.) ਦੇ ਨੇਤਾ ਸ਼ਤਰੂਘਨ ਸਿਨਹਾ ਅਤੇ ਹੋਰ ਫਿਲਮੀ ਹਸਤੀਆਂ ਵੀ ਸ਼ਾਮਲ ਹਨ।

ਕਈ ਸੰਸਦ ਮੈਂਬਰਾਂ ਨੇ ਓਟੀਟੀ ਪਲੇਟਫਾਰਮਾਂ ਨੂੰ ਅਪਮਾਨਜਨਕ ਭਾਸ਼ਾ ਅਤੇ ਅਸ਼ਲੀਲਤਾ ਦੇ ਸਬੰਧ ਵਿੱਚ ਸੰਜਮ ਵਰਤਣ ਲਈ ਕਿਹਾ। ਓਟੀਟੀ ਪਲੇਟਫਾਰਮਾਂ ਨੂੰ ਸਿਨੇਮੈਟੋਗ੍ਰਾਫ ਐਕਟ ਦੇ ਦਾਇਰੇ ਵਿੱਚ ਲਿਆਉਣ ਸਮੇਤ ਪਾਇਰੇਸੀ ਵਰਗੇ ਮੁੱਦੇ ਵੀ ਚਰਚਾ ਵਿੱਚ ਰਹੇ।

ਪੈਨਲ ਨੇ ਭਾਰਤ ਤੋਂ ਇਨ੍ਹਾਂ ਪਲੇਟਫਾਰਮਾਂ ਦੁਆਰਾ ਪੈਦਾ ਕੀਤੇ ਮਾਲੀਏ ਬਾਰੇ ਵੀ ਵੇਰਵੇ ਮੰਗੇ ਹਨ ਅਤੇ ਇਹ ਵੀ ਕਿ ਦੇਸ਼ ਵਿੱਚ ਕਿੰਨੀ ਰਕਮ ਦਾ ਨਿਵੇਸ਼ ਕੀਤਾ ਗਿਆ ਹੈ। ਓਟੀਟੀ ਪਲੇਟਫਾਰਮਾਂ ਦੁਆਰਾ ਜਲਦੀ ਹੀ ਇਹਨਾਂ ਸਵਾਲਾਂ ‘ਤੇ ਪੈਨਲ ਨੂੰ ਲਿਖਤੀ ਜਵਾਬ ਦੇਣ ਦੀ ਉਮੀਦ ਹੈ।

ਪਿਛਲੇ ਹਫਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਮੰਤਰਾਲੇ ਦੇ ਸਕੱਤਰ ਅਪੂਰਵ ਚੰਦਰਾ ਨੇ ਫਿੱਕੀ ਫਰੇਮਜ਼ 2023 ‘ਤੇ ਕਿਹਾ ਸੀ ਕਿ ਅਸੀਂ 2021 ਵਿੱਚ ਸਵੈ-ਨਿਯਮ ਤੰਤਰ ਲੈ ਕੇ ਆਏ ਸੀ ਅਤੇ ਮੇਰਾ ਮੰਨਣਾ ਹੈ ਕਿ ਓਟੀਟੀ ਇਸ ਤੋਂ ਕਾਫ਼ੀ ਖੁਸ਼ ਹਨ ਅਤੇ ਸਿਸਟਮ ਚੰਗੀ ਤਰ੍ਹਾਂ ਕੰਮ ਕਰ ਰਿਹਾ ਹੈ। ਭਾਵੇਂ ਕਿ ਆਈ.ਬੀ. ਸਕੱਤਰ ਨੇ ਕਿਹਾ ਕਿ ਸਮੱਗਰੀ ਦੀ ਗੁਣਵੱਤਾ ਅਤੇ ਇਹਨਾਂ ਪਲੇਟਫਾਰਮਾਂ ‘ਤੇ ਵਰਤੀ ਜਾਂਦੀ ਭਾਸ਼ਾ ਬਾਰੇ ਸ਼ਿਕਾਇਤਾਂ ਦੇ ਮੱਦੇਨਜ਼ਰ ਸਵੈ-ਨਿਯਮ ਨੂੰ ਸਹੀ ਢੰਗ ਨਾਲ ਅਪਣਾਉਣ ਦੀ ਲੋੜ ਹੈ।

ਇਸ ਮੀਟਿੰਗ ਦੌਰਾਨ ਭਾਜਪਾ ਦੇ ਸੰਸਦ ਮੈਂਬਰਾਂ ਨੇ ਇਨ੍ਹਾਂ ਪਲੇਟਫਾਰਮਾਂ ‘ਤੇ ਦਿਖਾਈ ਗਈ ‘ਅਸ਼ਲੀਲਤਾ’ ਕਾਰਨ ਓਟੀਟੀ ਪਲੇਟਫਾਰਮਾਂ ‘ਤੇ ਹੋਰ ਕੰਟਰੋਲ ਦੀ ਮੰਗ ਕੀਤੀ। ਉਨ੍ਹਾਂ ਮੁਤਾਬਕ ਇਸ ਦਾ ਅਸਰ ਭਾਰਤੀ ਸੰਸਕ੍ਰਿਤੀ ‘ਤੇ ਪੈਂਦਾ ਹੈ।

ਸੱਤਾਧਾਰੀ ਸੰਸਦ ਮੈਂਬਰਾਂ ਨੇ ਕਿਹਾ ਕਿ ਉਹ ਫਿਲਮਾਂ ਦੀ ਤਰ੍ਹਾਂ ਸੈਂਸਰਸ਼ਿਪ ਦੇ ਹੱਕ ਵਿੱਚ ਨਹੀਂ ਹਨ ਪਰ ਇਹ ਨਿਸ਼ਚਤ ਤੌਰ ‘ਤੇ ਮਜਬੂਤ ਨਿਯਮਾਂ ਦਾ ਮਾਮਲਾ ਜਰੂਰ ਹੈ।

ਅਧਿਕਾਰੀਆਂ ਨੇ ਕਿਹਾ ਕਿ ਓਟੀਟੀ ਉਪਭੋਗਤਾਵਾਂ ਦੀਆਂ ਕਿਸੇ ਵੀ ਸ਼ਿਕਾਇਤਾਂ ਨੂੰ ਹੱਲ ਕਰਨ ਦੇ ਤਿੰਨ ਪੱਧਰ ਹਨ। ਪਹਿਲਾ ਪ੍ਰਕਾਸ਼ਕ ਪੱਧਰ ‘ਤੇ ਹੈ, ਉਸ ਤੋਂ ਬਾਅਦ ਓਟੀਟੀ ਪਲੇਟਫਾਰਮਾਂ ਦੀ ਸਵੈ-ਨਿਯੰਤ੍ਰਿਤ ਵਿਧੀ ਅਤੇ ਅੰਤ ਵਿੱਚ ਕੇਂਦਰ ਸਰਕਾਰ।