ਪਹਿਲਗਾਮ ਹਮਲੇ ਮਗਰੋਂ ਪੰਜਾਬ ਅੰਦਰ ਪਾਕਿਸਤਾਨ ਸਬੰਧਾਂ ਦੀ ਘੋਖ ਕਰ ਰਹੀ NIA, ਕਈ ਸੂਬਿਆਂ 'ਚ ਮਾਰੀ ਰੇਡ 

ਐਨ.ਆਈ.ਏ. ਨੇ  ਪੰਜਾਬ, ਜੰਮੂ ਕਸ਼ਮੀਰ, ਰਾਜਸਥਾਨ, ਮੱਧ ਪ੍ਰਦੇਸ਼, ਬਿਹਾਰ ਅਤੇ ਕਰਨਾਟਕ ਦੇ 18 ਥਾਵਾਂ 'ਤੇ ਕੀਤੀ ਗਈ ਤਲਾਸ਼ੀ ਦੌਰਾਨ ਕਈ ਇਲੈਕਟ੍ਰਾਨਿਕ ਉਪਕਰਣ ਅਤੇ ਹੋਰ ਅਪਰਾਧਕ ਸਮੱਗਰੀ ਬਰਾਮਦ ਕੀਤੀ। 

Courtesy: file photo

Share:

ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਖਾਲਿਸਤਾਨੀ ਕਾਰਕੁਨਾਂ ਦੁਆਰਾ ਪਾਕਿਸਤਾਨ-ਸਮਰਥਿਤ ਸਰਹੱਦ ਪਾਰ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਜੁੜੇ ਇੱਕ ਮਾਮਲੇ ’ਚ ਪੰਜਾਬ, ਜੰਮੂ-ਕਸ਼ਮੀਰ ਅਤੇ ਭਾਰਤ ਭਰ ਦੇ ਹੋਰ ਰਾਜਾਂ ਵਿੱਚ ਕਈ ਥਾਵਾਂ 'ਤੇ ਵੱਡੇ ਪੱਧਰ 'ਤੇ ਰੇਡ ਮਾਰ ਕੇ ਤਲਾਸ਼ੀ ਲਈ। ਐਨ.ਆਈ.ਏ. ਨੇ  ਪੰਜਾਬ, ਜੰਮੂ ਕਸ਼ਮੀਰ, ਰਾਜਸਥਾਨ, ਮੱਧ ਪ੍ਰਦੇਸ਼, ਬਿਹਾਰ ਅਤੇ ਕਰਨਾਟਕ ਦੇ 18 ਥਾਵਾਂ 'ਤੇ ਕੀਤੀ ਗਈ ਤਲਾਸ਼ੀ ਦੌਰਾਨ ਕਈ ਇਲੈਕਟ੍ਰਾਨਿਕ ਉਪਕਰਣ ਅਤੇ ਹੋਰ ਅਪਰਾਧਕ ਸਮੱਗਰੀ ਬਰਾਮਦ ਕੀਤੀ। 

ਬੀਤੇ ਕੱਲ੍ਹ ਅੰਮ੍ਰਿਤਸਰ ਕੀਤੀ ਸੀ ਰੇਡ 

ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, NIA ਨੇ ਅੰਮ੍ਰਿਤਸਰ ਵਿੱਚ ਵੱਡੀ ਕਾਰਵਾਈ ਕੀਤੀ ਸੀ। ਐਨਆਈਏ ਦੀ ਟੀਮ ਨੇ ਸਵੇਰੇ 5 ਵਜੇ ਅੰਮ੍ਰਿਤਸਰ ਦੇ ਕਵੀਨਜ਼ ਰੋਡ 'ਤੇ ਸਥਿਤ ਪੰਜ ਹੋਟਲਾਂ 'ਤੇ ਛਾਪੇਮਾਰੀ ਕੀਤੀ ਸੀ। ਇਸ ਛਾਪੇਮਾਰੀ ਵਿੱਚ ਹੋਟਲ ਯੋਨਿਟ, ਹੋਟਲ ਗ੍ਰੈਂਡ ਸਟਾਰ, ਹੋਟਲ ਯੂਨੀਕ, ਹੋਟਲ ਰਾਇਲ ਸਟਾਰ ਅਤੇ ਹੋਟਲ ਪ੍ਰੀਮੀਅਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਐਨਆਈਏ ਦੀ ਟੀਮ ਨੇ ਇਨ੍ਹਾਂ ਸਾਰੇ ਹੋਟਲਾਂ ਦੇ ਰਿਕਾਰਡ ਦੀ ਜਾਂਚ ਕੀਤੀ ਅਤੇ ਰਿਕਾਰਡ ਜ਼ਬਤ ਕਰ ਲਿਆ ਸੀ।

ਪੰਜਾਬ ਪੁਲਿਸ ਦੀ ਮਦਦ ਵੀ ਲਈ 

ਇਸ ਕਾਰਵਾਈ ਦੌਰਾਨ ਪੰਜਾਬ ਪੁਲਿਸ ਦੀ ਟੀਮ ਵੀ ਮੌਕੇ 'ਤੇ ਮੌਜੂਦ ਸੀ। ਪੁਲਿਸ ਨੇ ਬਾਹਰੋਂ ਸੁਰੱਖਿਆ ਪ੍ਰਬੰਧਾਂ ਨੂੰ ਸੰਭਾਲਿਆ, ਜਦੋਂ ਕਿ ਐਨਆਈਏ ਨੇ ਅੰਦਰ ਜਾ ਕੇ ਛਾਪਾ ਮਾਰਿਆ। ਪੰਜਾਬ ਪੁਲਿਸ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਉਸਨੂੰ ਸਿਰਫ਼ ਸੁਰੱਖਿਆ ਲਈ ਬੁਲਾਇਆ ਗਿਆ ਸੀ। ਸੂਤਰਾਂ ਅਨੁਸਾਰ ਇਹ ਪਤਾ ਲੱਗਾ ਹੈ ਕਿ ਪਾਕਿਸਤਾਨ ਨਾਲ ਸਬੰਧਾਂ ਦੇ ਚੱਲਦਿਆਂ ਇਹ ਰੇਡ ਕੀਤੀ ਗਈ ਸੀ। ਅੰਮ੍ਰਿਤਸਰ ਇੱਕ ਸਰਹੱਦੀ ਇਲਾਕਾ ਹੋਣ ਕਰਕੇ ਇੱਥੋਂ ਪਾਕਿਸਤਾਨ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀਆਂ ਘਟਨਾਵਾਂ ਆਮ ਹਨ। ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਇਸ ਇਲਾਕੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਐਨਆਈਏ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ ਅਤੇ ਜ਼ਬਤ ਕੀਤੇ ਗਏ ਦਸਤਾਵੇਜ਼ਾਂ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ।

ਇਹ ਵੀ ਪੜ੍ਹੋ