ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਕੌਮੀ ਪ੍ਰਧਾਨ ਗੋਗਾਮੇੜੀ ਦਾ ਗੋਲੀਆਂ ਮਾਰ ਕੇ ਕਤਲ

ਘਰ ਦੇ ਅੰਦਰ ਆ ਕੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਹਮਲਾਵਰਾਂ ਨੂੰ ਪ੍ਰਧਾਨ ਦੇ ਘਰ ਲਿਆਉਣ ਵਾਲੇ ਦੀ ਵੀ ਗੋਲੀ ਲੱਗਣ ਨਾਲ ਹੋਈ ਮੌਤ। ਵਾਰਦਾਤ ਮਗਰੋਂ ਸਕੂਟਰੀ ਸਵਾਰ ਨੂੰ ਗੋਲੀ ਮਾਰ ਕੇ ਸਕੂਟਰੀ ਖੋਹੀ ਤੇ ਫਰਾਰ ਹੋ ਗਏ। 

Share:

ਰਾਜਸਥਾਨ 'ਚ ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਕੌਮੀ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।  ਰਾਜਧਾਨੀ ਜੈਪੁਰ 'ਚ ਇਹ ਵਾਰਦਾਤ ਕੀਤੀ ਗਈ।  ਸੁਖਦੇਵ ਸਿੰਘ ਗੋਗਾਮੇੜੀ ਸ਼ਿਆਮਨਗਰ ਇਲਾਕੇ ਵਿੱਚ ਘਰ ਬੈਠੇ ਸੀ ਤਾਂ ਹਮਲਾਵਰਾਂ ਨੇ ਆ ਕੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਗੋਗਾਮੇੜੀ ਨੂੰ ਚਾਰ ਗੋਲੀਆਂ ਮਾਰੀਆਂ ਗਈਆਂ। ਇਸ ਗੋਲੀਬਾਰੀ ਤੋਂ ਬਾਅਦ ਗੋਗਾਮੇੜੀ ਨੂੰ ਮੈਟਰੋ ਮਾਸ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨਿਆ। ਸਥਿਤੀ ਨੂੰ ਸੰਭਾਲਣ ਲਈ  ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਨਵੀਨ ਨਾਮਕ ਵਿਅਕਤੀ ਜੋ ਹਮਲਾਵਰਾਂ ਨੂੰ ਗੋਗਾਮੇੜੀ ਦੇ ਘਰ ਲਿਆਇਆ ਸੀ ਉਸਦੀ ਵੀ ਗੋਲੀ ਲੱਗਣ ਨਾਲ ਮੌਤ ਹੋ ਗਈ।

ਰਾਹਗੀਰਾਂ ਉਪਰ ਕੀਤੀ ਫਾਇਰਿੰਗ

ਹਮਲਾਵਰਾਂ ਨੇ ਕਤਲ ਕਰਨ ਮਗਰੋਂ ਭੱਜਣ ਲਈ ਰਾਹਗੀਰਾਂ ਉਪਰ ਵੀ ਫਾਇਰਿੰਗ ਕੀਤੀ। ਘਰ ਦੇ ਬਾਹਰ ਇੱਕ ਗੱਡੀ ਉਪਰ ਫਾਇਰਿੰਗ ਕਰਕੇ ਇਸਨੂੰ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਪ੍ਰੰਤੂ, ਚਾਲਕ ਗੱਡੀ ਭਜਾ ਕੇ ਲਿਜਾਣ ਚ ਕਾਮਯਾਬ ਰਿਹਾ। ਪਿੱਛੇ ਆ ਰਹੇ ਸਕੂਟਰੀ ਸਵਾਰ ਨੂੰ ਗੋਲੀ ਮਾਰ ਕੇ ਜਖ਼ਮੀ ਕੀਤਾ ਅਤੇ ਸਕੂਟਰੀ ਖੋਹ ਲਈ। ਸਕੂਟਰੀ ਉਪਰ ਸਵਾਰ ਹੋ ਕੇ ਹਮਲਾਵਰ ਫਰਾਰ ਹੋ ਗਏ ਅਤੇ ਆਪਣੀ ਸਕਾਰਪਿਓ ਗੱਡੀ ਗੋਗਾਮੇੜੀ ਦੇ ਘਰ ਬਾਹਰ ਛੱਡ ਗਏ। ਜਿਸ ਵਿੱਚੋਂ ਪੁਲਿਸ ਨੇ ਸ਼ਰਾਬ ਦੀਆਂ ਬੋਤਲਾਂ ਸਮੇਤ ਹੋਰ ਸਾਮਾਨ ਵੀ ਬਰਾਮਦ ਕੀਤਾ। 

ਕੇਂਦਰੀ ਮੰਤਰੀ ਨੇ ਜਤਾਇਆ ਦੁੱਖ 

ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਘਟਨਾ ਉਪਰ ਦੁੱਖ ਜਤਾਇਆ। ਨਾਲ ਹੀ ਕਿਹਾ ਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਦੀ ਕਾਰਜਸ਼ੈਲੀ ਵੀ ਸਵਾਲਾਂ ਦੇ ਘੇਰੇ 'ਚ ਹੈ। ਕਿਉਂਕਿ ਗੋਗਾਮੇੜੀ ਕਾਫੀ ਸਮੇਂ ਤੋਂ ਕਹਿ ਰਹੇ ਸੀ ਕਿ ਉਹਨਾਂ ਨੂੰ ਖ਼ਤਰਾ ਹੈ। ਇਸਦੇ ਬਾਵਜੂਦ ਗੋਗਾਮੇੜੀ ਦੀ ਸੁਰੱਖਿਆ ਨੂੰ ਲੈ ਕੇ ਢਿੱਲ ਵਰਤਣਾ ਜਾਂਚ ਦਾ ਵਿਸ਼ਾ ਹੈ। 

 ਵੱਖਰੀ ਜਥੇਬੰਦੀ ਬਣਾਈ ਸੀ

ਸੁਖਦੇਵ ਸਿੰਘ ਗੋਗਾਮੇੜੀ ਲੰਬੇ ਸਮੇਂ ਤੋਂ ਰਾਸ਼ਟਰੀ ਕਰਣੀ ਸੈਨਾ ਨਾਲ ਜੁੜੇ ਹੋਏ ਸਨ। ਕਰਣੀ ਸੈਨਾ ਸੰਗਠਨ ਵਿੱਚ ਕਾਫੀ ਸਮਾਂ ਪਹਿਲਾਂ ਵਿਵਾਦ ਤੋਂ ਬਾਅਦ ਉਨ੍ਹਾਂ ਨੇ ਰਾਸ਼ਟਰੀ ਰਾਜਪੂਤ ਕਰਣੀ ਸੈਨਾ ਦੇ ਨਾਂ ਨਾਲ ਇਕ ਵੱਖਰਾ ਸੰਗਠਨ ਬਣਾਇਆ ਸੀ। ਗੋਗਾਮੇੜੀ ਇਸ ਦੇ ਪ੍ਰਧਾਨ ਹਨ। ਉਹ ਫਿਲਮ ਪਦਮਾਵਤ ਅਤੇ ਗੈਂਗਸਟਰ ਆਨੰਦਪਾਲ ਐਨਕਾਊਂਟਰ ਮਾਮਲੇ ਤੋਂ ਬਾਅਦ ਰਾਜਸਥਾਨ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਕਾਰਨ ਸੁਰਖੀਆਂ ਵਿੱਚ ਆਏ ਸਨ। ਇਨ੍ਹਾਂ ਮੁੱਦਿਆਂ ਨੂੰ ਲੈ ਕੇ ਉਨ੍ਹਾਂ ਦੀਆਂ ਕਈ ਵੀਡੀਓਜ਼ ਵੀ ਵਾਇਰਲ ਹੋਈਆਂ ਸਨ।

ਲਾਰੈਂਸ ਦੇ ਗੁਰਗੇ ਨੇ ਲਈ ਜੁੰਮੇਵਾਰੀ

ਗੋਗਾਮੇੜੀ ਕਤਲ ਮਗਰੋਂ ਇਸਦੀ ਜੁੰਮੇਵਾਰੀ ਗੈਂਗਸਟਰ ਰੋਹਿਤ ਗੋਦਾਰਾ ਨੇ ਲਈ। ਗੋਦਾਰਾ ਦੇ ਨਾਂਅ ਉਪਰ ਬਣੇ ਫੇਸਬੁੱਕ ਪੇਜ਼ 'ਤੇ ਜੁੰਮੇਵਾਰੀ ਲਈ ਗਈ। ਗੋਦਾਰਾ ਲਾਰੈਂਸ ਬਿਸ਼ਨੋਈ ਦਾ ਗੁਰਗਾ ਹੈ। ਇਸ ਉਪਰ ਪੁਲਿਸ ਨੇ 1 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਹੈ। ਰੋਹਿਤ ਗੋਦਾਰਾ ਸੰਨ 2022 'ਚ ਫਰਜ਼ੀ ਪਾਸਪੋਰਟ ਬਣਾ ਕੇ ਵਿਦੇਸ਼ ਭੱਜ ਗਿਆ ਸੀ। 

ਇਹ ਵੀ ਪੜ੍ਹੋ