ਪੰਜਾਬ ਨਾਲ ਜੁੜੇ ਮਾਡਲ ਦਿਵਿਆ ਪਾਹੂਜਾ ਕਤਲ ਦੇ ਤਾਰ, ਪਟਿਆਲਾ ਤੋਂ ਮਿਲੀ ਕਾਰ

ਗੁਰੂਗ੍ਰਾਮ ਦੇ ਹੋਟਲ 'ਚ ਦਿਵਿਆ ਦਾ ਕਤਲ ਕੀਤਾ ਗਿਆ। ਇਸ ਕੇਸ ਦੇ 3 ਮੁਲਜ਼ਮ ਕਾਬੂ ਕੀਤੇ ਜਾ ਚੁੱਕੇ ਹਨ। ਬਾਕੀ ਫ਼ਰਾਰ ਹਨ। ਹਾਲੇ ਦਿਵਿਆ ਦੀ ਲਾਸ਼ ਵੀ ਨਹੀਂ ਮਿਲੀ ਹੈ। ਕਾਰ ਬਰਾਮਦਗੀ ਨਾਲ ਪੁਲਿਸ ਨੂੰ ਹੋਰ ਲੀਡ ਮਿਲੇਗੀ।  

Share:

ਗੁਰੂਗ੍ਰਾਮ ਦੇ ਇੱਕ ਹੋਟਲ ਵਿੱਚ ਮਾਡਲ ਦਿਵਿਆ ਪਾਹੂਜਾ ਦਾ ਕਤਲ ਕੀਤਾ ਗਿਆ। ਇਸਦੇ ਤਾਰ ਹੁਣ ਪੰਜਾਬ ਦੇ ਨਾਲ ਜੁੜਦੇ ਨਜ਼ਰ ਆ ਰਹੇ ਹਨ। ਕਿਉਂਕਿ, ਕਾਤਲਾਂ ਦੀ ਕਾਰ ਪੁਲਿਸ ਨੇ ਪਟਿਆਲਾ ਤੋਂ ਬਰਾਮਦ ਕੀਤੀ। ਕਤਲ ਲਈ ਵਰਤੀ ਗਈ ਕਾਰ ਬੀਐਮਡਬਲਯੂ ਪਟਿਆਲਾ ਦੇ ਨਵੇਂ ਬੱਸ ਅੱਡੇ ਤੋਂ ਬਰਾਮਦ ਹੋਈ। ਇਸੇ ਗੱਡੀ 'ਚ ਦਿਵਿਆ ਦੀ ਲਾਸ਼ ਲਿਆਉਣ ਦੀ ਗੱਲ ਸਾਮਣੇ ਆਈ ਹੈ। ਮੰਨਿਆ ਜਾ ਰਿਹਾ ਹੈ ਕਿ ਦਿਵਿਆ ਦੀ ਲਾਸ਼ ਨੂੰ ਪੰਜਾਬ ਲਿਆ ਕੇ ਠਿਕਾਣੇ ਲਾਇਆ ਗਿਆ। ਹੋ ਸਕਦਾ ਹੈ ਕਿ ਲਾਸ਼ ਕਿਸੇ ਦਰਿਆ ਜਾਂ ਨਹਿਰ 'ਚ ਸੁੱਟੀ ਹੋਵੇ ਜਾਂ ਫਿਰ ਹੋਰ ਕਿਸੇ ਤਰੀਕੇ ਨਾਲ ਖੁਰਦ ਬੁਰਦ ਕਰ ਦਿੱਤੀ ਹੋਵੇ। ਇਸਦੀ ਜਾਂਚ ਪੰਜਾਬ ਪੁਲਿਸ ਵੀ ਆਪਣੇ ਪੱਧਰ 'ਤੇ ਕਰਨ ਲੱਗੀ ਹੈ। ਪਤਾ ਲਗਾਇਆ ਜਾ ਰਿਹਾ ਹੈ ਕਿ ਕਾਰ ਨੂੰ ਕੌਣ ਲੈ ਕੇ ਆਇਆ। ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। 

ਪਾਰਕਿੰਗ 'ਚ ਕਾਰ ਖੜ੍ਹੀ ਕਰਕੇ ਮੁਲਜ਼ਮ ਫਰਾਰ 

ਪਟਿਆਲਾ ਦੇ ਐਸਪੀ (ਆਈ) ਸੁਖਅੰਮ੍ਰਿਤ ਸਿੰਘ ਰੰਧਾਵਾ ਨੇ ਦੱਸਿਆ ਕਿ ਗੁਰੂਗ੍ਰਾਮ ਪੁਲਿਸ ਨੇ ਇੱਕ ਲੜਕੀ ਦੇ ਕਤਲ ਮਾਮਲੇ ਵਿੱਚ ਵਰਤੀ ਗੱਡੀ ਬਰਾਮਦ ਕੀਤੀ ਹੈ।  ਨੀਲੇ ਰੰਗ ਦੀ ਬੀਐਮਡਬਲਯੂ ਪਟਿਆਲਾ ਦੇ ਨਵੇਂ ਬੱਸ ਅੱਡੇ ਦੀ ਪਾਰਕਿੰਗ ਵਿੱਚ ਖੜੀ ਮਿਲੀ । ਜਿਸਨੂੰ ਬੀਤੇ ਦਿਨ ਕੋਈ ਵਿਅਕਤੀ ਇੱਥੇ ਖੜ੍ਹੀ ਕਰ ਗਿਆ। ਐਸਪੀ ਨੇ ਦੱਸਿਆ ਕਿ ਗੱਡੀ ਖੜ੍ਹਾਉਣ ਵਾਲਿਆਂ ਦੀ ਪਛਾਣ ਲਈ ਸੀਸੀਟੀਵੀ ਕੈਮਰੇ ਤੇ ਹੋਰ ਪੱਖਾਂ ਤੋਂ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦਈਏ ਕਿ  ਮਾਡਲ ਦਿਵਿਆ ਪਾਹੂਜਾ ਕੁੱਝ ਮਹੀਨੇ ਪਹਿਲਾਂ ਜ਼ਮਾਨਤ ’ਤੇ ਆਈ ਸੀ। ਜਿਸਨੂੰ 2 ਜਨਵਰੀ ਨੂੰ ਪੰਜ ਵਿਅਕਤੀ ਗੁਰੂਗ੍ਰਾਮ ਦੇ ਇੱਕ ਹੋਟਲ ਵਿੱਚ ਲੈ ਕੇ ਗਏ ਸੀ। ਉਥੇ  ਸਿਰ ’ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਗੁਰੂਗ੍ਰਾਮ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ। ਵਰਨਣਯੋਗ ਹੈ ਕਿ ਦਿਵਿਆ 07 ਫਰਵਰੀ 2016 ਨੂੰ ਮੁੰਬਈ ਦੇ ਇੱਕ ਹੋਟਲ ਵਿੱਚ ਗੈਂਗਸਟਰ ਸੰਦੀਪ ਗੋਲਡੀ ਦੇ ਕਤਲ ਮਾਮਲੇ ਦੀ ਮੁਲਜ਼ਮ ਸੀ। 

ਇਹ ਵੀ ਪੜ੍ਹੋ