ਪੰਜਾਬ 'ਚ ਮੇਨਕਾ ਗਾਂਧੀ ਦੀ ਟੀਮ ਦਾ ਛਾਪਾ, ਲੂੰਬੜੀ ਦੀ ਖੱਲ ਦਾ ਮਫ਼ਲਰ ਬਰਾਮਦ 

ਜੰਗਲੀ ਜੀਵਾਂ ਦੀ ਤਸਕਰੀ ਦੇ ਇਸ ਮਾਮਲੇ ਦੇ ਤਾਰ ਗਾਜ਼ੀਆਬਾਦ ਰਹਿੰਦੇ ਤਸਕਰ ਰਵੀ ਭਟਨਾਗਰ ਨਾਲ ਜੁੜੇ ਹਨ। 50 ਹਜ਼ਾਰ ਰੁਪਏ ਵਿੱਚ ਲੂੰਬੜੀ ਦੀ ਖੱਲ ਪੰਜਾਬ ਦੇ ਕੱਪੜਾ ਵਪਾਰੀ ਨੂੰ ਵੇਚੀ ਗਈ। 

Share:

ਪੀਪਲ ਫਾਰ ਐਨੀਮਲਜ਼ (ਪੀਐਫਏ) ਦੀ ਮੁਖੀ ਅਤੇ ਸੰਸਦ ਮੈਂਬਰ ਮੇਨਕਾ ਗਾਂਧੀ ਦੀ ਟੀਮ ਨੇ ਪੰਜਾਬ ਦੇ ਫਤਿਹਗੜ੍ਹ ਸਾਹਿਬ ਵਿਖੇ ਛਾਪੇਮਾਰੀ ਕੀਤੀ। ਇੱਥੇ ਇੱਕ ਕੱਪੜਾ ਵਪਾਰੀ ਨੂੰ ਸਿਲਵਰ ਲੂੰਬੜੀ ਦੀ ਖੱਲ ਨਾਲ ਫੜਿਆ ਗਿਆ। ਇਸ ਪੂਰੇ ਮਾਮਲੇ 'ਚ ਗਾਜ਼ੀਆਬਾਦ ਦੇ ਰਵੀ ਭਟਨਾਗਰ ਦਾ ਨਾਂ ਵੀ ਸਾਹਮਣੇ ਆਇਆ ਹੈ। ਰਵੀ ਖਿਲਾਫ ਪਹਿਲਾਂ ਵੀ ਜੰਗਲੀ ਜਾਨਵਰਾਂ ਦੀ ਤਸਕਰੀ ਸਮੇਤ ਕਈ ਗੰਭੀਰ ਮਾਮਲੇ ਦਰਜ ਹਨ। ਫਤਹਿਗੜ੍ਹ ਸਾਹਿਬ ਦੇ ਸਰਹਿੰਦ ਸ਼ਹਿਰ ਨਾਲ ਸਬੰਧਤ ਇਸ ਮਾਮਲੇ ਵਿੱਚ ਥਾਣਾ ਸਰਹਿੰਦ ਦੀ ਪੁਲਿਸ ਨੇ ਕੱਪੜਾ ਵਪਾਰੀ ਗੌਰਵ ਸ਼ਰਮਾ ਵਾਸੀ ਦਿਆਲਪੁਰੀ ਮੁਹੱਲਾ ਸਰਹਿੰਦ ਨੂੰ ਜੰਗਲੀ ਜੀਵ ਸੁਰੱਖਿਆ ਐਕਟ ਤਹਿਤ ਗ੍ਰਿਫ਼ਤਾਰ ਕੀਤਾ। ਜਾਣਕਾਰੀ ਅਨੁਸਾਰ ਦਿੱਲੀ ਅਤੇ ਲੁਧਿਆਣਾ ਵਿੱਚ ਪੀਐਫਏ ਅਧਿਕਾਰੀਆਂ ਨੂੰ ਰਵੀ ਵਿਕਰਮ ਭਟਨਾਗਰ ਬਾਰੇ ਸੂਚਨਾ ਮਿਲੀ ਸੀ, ਜੋ ਜੰਗਲਾਂ ਵਿੱਚ ਸ਼ਿਕਾਰੀਆਂ ਦੇ ਸੰਪਰਕ ਵਿੱਚ ਹੈ ਅਤੇ ਜੰਗਲੀ ਜਾਨਵਰਾਂ ਦੀਆਂ ਖੱਲਾਂ ਦੀ ਤਸਕਰੀ ਦਾ ਧੰਦਾ ਕਰਦਾ ਹੈ। ਸੂਚਨਾ ਸੀ ਕਿ ਰਵੀ ਨੇ ਸਿਲਵਰ ਲੂੰਬੜੀ ਦੀ ਖੱਲ ਸਰਹਿੰਦ ਵਿਖੇ ਵੇਚੀ। ਦੂਜੇ ਪਾਸੇ ਗੌਰਵ ਸ਼ਰਮਾ ਨੇ ਇਸ ਚਮੜੀ ਨੂੰ ਵੇਚਣ ਲਈ ਸੋਸ਼ਲ ਮੀਡੀਆ 'ਤੇ ਵੀਡੀਓ ਵੀ ਪਾਈ ਸੀ। ਇਸਤੋਂ ਬਾਅਦ ਲੁਧਿਆਣਾ ਤੋਂ ਪੀਐਫਏ ਦੇ ਮਨੀ ਸਿੰਘ ਆਪਣੇ ਦਿੱਲੀ ਦੇ ਸਾਥੀਆਂ ਸਮੇਤ ਸਰਹਿੰਦ ਪਹੁੰਚੇ। ਗੌਰਵ ਸ਼ਰਮਾ ਨੂੰ ਗਾਹਕ ਬਣ ਕੇ ਫੋਨ ਕੀਤਾ ਗਿਆ। ਪੀਐਫਏ ਨੇ ਪੁਲਿਸ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲਿਆ। ਦੁਕਾਨ ਦੇ ਅੰਦਰੋਂ ਲੂੰਬੜੀ ਦੀ ਖੱਲ ਬਰਾਮਦ ਹੋਈ। 

50 ਹਜ਼ਾਰ ਰੁਪਏ ਵਿੱਚ ਖਰੀਦਿਆ ਖੱਲ ਦਾ ਮਫਲਰ 

ਜਾਂਚ ਤੋਂ ਪਤਾ ਲੱਗਾ ਕਿ ਲੂੰਬੜੀ ਦੀ ਖੱਲ ਨੂੰ ਮਫਲਰ ਵਾਂਗ ਬਣਾ ਕੇ ਵੇਚਿਆ ਜਾਂਦਾ ਸੀ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋ ਸਕੇ। ਦੱਸਿਆ ਜਾ ਰਿਹਾ ਹੈ ਕਿ ਗੌਰਵ ਸ਼ਰਮਾ ਨੇ ਇਸਨੂੰ ਰਵੀ ਭਟਨਾਗਰ ਤੋਂ 50 ਹਜ਼ਾਰ ਰੁਪਏ 'ਚ ਖਰੀਦਿਆ ਸੀ। ਇਸਨੂੰ ਮੂੰਹ ਮੰਗੇ ਭਾਅ 'ਤੇ ਵੇਚਿਆ ਜਾਣਾ ਸੀ। ਮੌਕੇ 'ਤੇ ਮੌਜੂਦ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੇ ਵੀ ਇਹ ਕਿਸੇ ਜੰਗਲੀ ਜਾਨਵਰ ਦੀ ਖੱਲ ਹੋਣ ਦਾ ਸ਼ੱਕ ਜਤਾਇਆ। ਜਿਸਤੋਂ ਬਾਅਦ ਹੁਣ ਖੱਲ ਨੂੰ ਜਾਂਚ ਲਈ ਲੈਬ ਵਿੱਚ ਭੇਜਿਆ ਜਾਵੇਗਾ।


ਮੇਨਕਾ ਗਾਂਧੀ ਖੁਦ ਕਰ ਰਹੇ ਮਾਨੀਟਰਿੰਗ 
ਪੀਐਫਏ ਲੁਧਿਆਣਾ ਦੇ ਮਨੀ ਸਿੰਘ ਨੇ ਕਿਹਾ ਕਿ ਮੇਨਕਾ ਗਾਂਧੀ ਖੁਦ ਇਸ ਪੂਰੇ ਮਾਮਲੇ ਦੀ ਨਿਗਰਾਨੀ ਕਰ ਰਹੇ ਹਨ।  ਉਨ੍ਹਾਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਨਾਲ ਆਪਣੇ ਪੱਧਰ ’ਤੇ ਗੱਲਬਾਤ ਕੀਤੀ ਹੈ। ਪਲ-ਪਲ ਦੀ  ਰਿਪੋਰਟ ਲਈ ਜਾ ਰਹੀ ਹੈ। ਦੂਜੇ ਪਾਸੇ ਰਵੀ ਭਟਨਾਗਰ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਗਾਜ਼ੀਆਬਾਦ ਪੁਲਿਸ ਨਾਲ ਵੀ ਗੱਲਬਾਤ ਜਾਰੀ ਹੈ। ਇਸਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।

2 ਦਿਨ ਦਾ ਪੁਲਿਸ ਰਿਮਾਂਡ 
ਐਸਪੀ (ਆਈ) ਰਾਕੇਸ਼ ਯਾਦਵ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਿਸ ਨੇ ਛਾਪਾ ਮਾਰਿਆ। ਕੱਪੜਾ ਕਾਰੋਬਾਰੀ ਗੌਰਵ ਸ਼ਰਮਾ ਨੂੰ ਗ੍ਰਿਫ਼ਤਾਰ ਕਰਕੇ 2 ਦਿਨ ਦਾ ਰਿਮਾਂਡ ਲਿਆ ਗਿਆ ਹੈ। ਰਵੀ ਭਟਨਾਗਰ ਦੇ ਲਿੰਕਾਂ ਦੀ ਜਾਂਚ ਕੀਤੀ ਜਾਵੇਗੀ। ਨੈੱਟਵਰਕ ਦੇ ਹੋਰ ਦੋਸ਼ੀਆਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।

 

PHOTO
ਰਵੀ ਭਟਨਾਗਰ

ਰਵੀ ਭਟਨਾਗਰ ਆਟੋ ਚਾਲਕ ਤੋਂ ਅਪਰਾਧੀ ਬਣਿਆ
ਰਵੀ ਭਟਨਾਗਰ ਪਹਿਲਾਂ ਆਟੋ ਡਰਾਈਵਰ ਦਾ ਕੰਮ ਕਰਦਾ ਸੀ ਪਰ ਲਾਕਡਾਊਨ ਤੋਂ ਬਾਅਦ ਉਹ ਕੁੱਤੇ ਪਾਲਣ ਦੇ ਧੰਦੇ ਵਿੱਚ ਪੈ ਗਿਆ। ਇਸਤੋਂ ਬਾਅਦ, ਕੁਝ ਬਰੀਡਰਾਂ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਉਹ ਉਨ੍ਹਾਂ ਦਾ ਨੇਤਾ ਬਣ ਗਿਆ ਅਤੇ ਸੋਸ਼ਲ ਮੀਡੀਆ 'ਤੇ ਜਾਨਵਰਾਂ ਦੇ ਕਾਰਕੁਨਾਂ ਅਤੇ ਜਾਨਵਰਾਂ ਦੇ ਅਧਿਕਾਰ ਸੰਗਠਨਾਂ ਦੇ ਨੁਮਾਇੰਦਿਆਂ ਅਤੇ ਅਧਿਕਾਰੀਆਂ ਨੂੰ ਟ੍ਰੋਲ ਕਰਨਾ ਅਤੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਲਈ ਪਸ਼ੂਆਂ ਦੀ ਤਸਕਰੀ ਅਤੇ ਬਰੀਡਿੰਗ ਵਿੱਚ ਲੱਗੇ ਲੋਕ ਵੀ ਉਸਨੂੰ ਅਜਿਹਾ ਕਰਨ ਲਈ ਪੈਸੇ ਦਿੰਦੇ ਸਨ।  ਰਵੀ ਖ਼ਿਲਾਫ਼ ਕਈ ਕੇਸ ਦਰਜ ਹਨ।

ਇਹ ਵੀ ਪੜ੍ਹੋ