ਬੰਗਾਲ 'ਚ ਮਮਤਾ ਨੇ ਵਿਛਾਇਆ ਸਿਆਸੀ ਜਾਲ, ਕਾਂਗਰਸ ਹੋਈ ਬੇਹਾਲ, ਰੋਕ ਦਿੱਤੀ ਗਈ ਰਾਹੁਲ ਦੀ ਯਾਤਰਾ

ਮਮਤਾ ਬੈਨਰਜੀ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਸਾਫ਼ ਤੌਰ 'ਤੇ ਕਹਿ ਦਿੱਤਾ ਹੈ ਕਿ ਰਾਹੁਲ ਗਾਂਧੀ ਦੀ ਜਨ ਸਭਾ ਨੂੰ ਸੂਬੇ ਅੰਦਰ ਇਜਾਜ਼ਤ ਨਾ ਦਿੱਤੀ ਜਾਵੇ।

Share:

ਹਾਈਲਾਈਟਸ

  • ਇਸ ਘਟਨਾਕ੍ਰਮ ਨੂੰ ਲੈ ਕੇ ਕਾਂਗਰਸ ਅੰਦਰ ਖਲਬਲੀ ਮਚ ਗਈ ਹੈ
  • ਅਧੀਰ ਰੰਜਨ ਚੌਧਰੀ ਨੇ ਬੰਗਾਲ ਦੀ ਕਾਨੂੰਨ ਵਿਵਸਥਾ 'ਤੇ ਵੀ ਸਵਾਲ ਖੜ੍ਹੇ ਕੀਤੇ।

ਪੱਛਮੀ ਬੰਗਾਲ 'ਚ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਬੰਗਾਲ ਦੀ ਸੱਤਾਧਾਰੀ ਪਾਰਟੀ ਤ੍ਰਿਣਮੂਲ ਕਾਂਗਰਸ ਨੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆਂ ਯਾਤਰਾ ਨੂੰ ਲੈ ਕੇ ਵੱਡਾ ਕਦਮ ਚੁੱਕਿਆ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਸਾਫ਼ ਤੌਰ 'ਤੇ ਕਹਿ ਦਿੱਤਾ ਹੈ ਕਿ ਰਾਹੁਲ ਗਾਂਧੀ ਦੀ ਜਨ ਸਭਾ ਨੂੰ ਸੂਬੇ ਅੰਦਰ ਇਜਾਜ਼ਤ ਨਾ ਦਿੱਤੀ ਜਾਵੇ। ਇਸਨੂੰ ਲੈ ਕੇ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੇ ਬੰਗਾਲ ਸਰਕਾਰ 'ਤੇ ਸਵਾਲ ਉਠਾਏ ਹਨ ਅਤੇ ਕਾਨੂੰਨ ਵਿਵਸਥਾ ਦਾ ਮੁੱਦਾ ਵੀ ਉਠਾਇਆ। ਇਸਤੋਂ ਪਹਿਲਾਂ ਟੀਐਮਸੀ ਨੇ ਸੂਬੇ ਵਿੱਚ ਇਕੱਲੇ ਚੋਣ ਲੜਨ ਦਾ ਐਲਾਨ ਕੀਤਾ ਸੀ।


ਕਾਂਗਰਸ ਅੰਦਰ ਖਲਬਲੀ ਮਚ ਗਈ
ਜਾਣਕਾਰੀ ਮੁਤਾਬਕ ਰਾਹੁਲ ਗਾਂਧੀ ਦੀ ਅਗਵਾਈ 'ਚ ਕਾਂਗਰਸ ਦੀ 'ਭਾਰਤ ਜੋੜੋ ਨਿਆਂ ਯਾਤਰਾ' ਕੱਢੀ ਜਾ ਰਹੀ ਹੈ। ਮਨੀਪੁਰ ਅਤੇ ਅਸਾਮ ਤੋਂ ਬਾਅਦ ਹੁਣ ਰਾਹੁਲ ਦੀ ਯਾਤਰਾ ਪੱਛਮੀ ਬੰਗਾਲ ਵਿੱਚ ਦਾਖ਼ਲ ਹੋ ਗਈ ਹੈ। ਦੱਸਿਆ ਜਾਂਦਾ ਹੈ ਕਿ ਕਾਂਗਰਸ ਨੇ ਸਿਲੀਗੁੜੀ 'ਚ ਜਨ ਸਭਾ ਕਰਨ ਲਈ ਪ੍ਰਸ਼ਾਸਨ ਤੋਂ ਇਜਾਜ਼ਤ ਮੰਗੀ ਸੀ ਪਰ ਪ੍ਰਸ਼ਾਸਨ ਨੇ ਇਹ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਘਟਨਾਕ੍ਰਮ ਨੂੰ ਲੈ ਕੇ ਕਾਂਗਰਸ ਅੰਦਰ ਖਲਬਲੀ ਮਚ ਗਈ ਹੈ।


ਅਧੀਰ ਰੰਜਨ ਚੌਧਰੀ ਦਾ ਟੀਐਮਸੀ 'ਤੇ ਨਿਸ਼ਾਨਾ 
ਬੰਗਾਲ ਕਾਂਗਰਸ ਦੇ ਪ੍ਰਧਾਨ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਇਸਨੂੰ ਲੈ ਕੇ ਟੀਐੱਮਸੀ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਜੋੜੋ ਨਿਆਂ ਯਾਤਰਾ ਦੌਰਾਨ ਬੰਗਾਲ ਵਿੱਚ ਜਨ ਸਭਾ ਲਈ ਇਜਾਜ਼ਤ ਮੰਗੀ ਗਈ ਸੀ, ਪਰ ਬੰਗਾਲ ਸਰਕਾਰ ਨੇ ਇਜਾਜ਼ਤ ਨਹੀਂ ਦਿੱਤੀ। ਇਸ ਦੌਰਾਨ ਅਧੀਰ ਰੰਜਨ ਚੌਧਰੀ ਨੇ ਬੰਗਾਲ ਦੀ ਕਾਨੂੰਨ ਵਿਵਸਥਾ 'ਤੇ ਵੀ ਸਵਾਲ ਖੜ੍ਹੇ ਕੀਤੇ।

ਸੀਟਾਂ ਦੀ ਵੰਡ ਨੂੰ ਲੈ ਕੇ ਪਹਿਲਾਂ ਹੀ ਵਿਵਾਦ 
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਟੀਐਮਸੀ ਨੇ ਇੰਡੀਆ ਗਠਜੋੜ ਦੇ ਸੀਟ ਵੰਡ ਫਾਰਮੂਲੇ ਨੂੰ ਨਜ਼ਰਅੰਦਾਜ਼ ਕਰਦੇ ਹੋਏ ਸੂਬੇ ਵਿੱਚ ਇਕੱਲੇ ਚੋਣ ਲੜਨ ਦਾ ਐਲਾਨ ਕੀਤਾ ਸੀ। ਇਹ ਮਾਮਲਾ ਅਜੇ ਸੁਲਝਿਆ ਨਹੀਂ ਸੀ ਕਿ ਬੰਗਾਲ ਵਿੱਚ ਰਾਹੁਲ ਗਾਂਧੀ ਦੀ ਸਭਾ ਨੂੰ ਇਜਾਜ਼ਤ ਨਹੀਂ ਦਿੱਤੀ ਗਈ। ਦੂਜੇ ਪਾਸੇ I.N.D.I.A ਗਠਜੋੜ ਦੇ ਅਹਿਮ ਅੰਗ ਮੰਨੇ ਜਾਂਦੇ ਨਿਤੀਸ਼ ਕੁਮਾਰ ਨੂੰ ਵੀ ਵੱਡਾ ਝਟਕਾ ਲੱਗਾ ਹੈ।

ਇਹ ਵੀ ਪੜ੍ਹੋ