Madhya Pradesh: ਖੇਤਾਂ ਵਿੱਚ ਲੱਗੀ ਅੱਗ 4 ਪਿੰਡਾਂ ਵਿੱਚ ਫੈਲੀ, ਹਾਦਸੇ ਵਿੱਚ 4 ਲੋਕ ਜ਼ਖਮੀ, ਕਈ ਘਰ ਸੜ ਕੇ ਸੁਆਹ 

ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲ੍ਹੇ ਵਿੱਚ ਅੱਗ ਨੇ ਚਾਰ ਪਿੰਡਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਹਾਦਸੇ ਵਿੱਚ ਚਾਰ ਲੋਕ ਜ਼ਖਮੀ ਹੋ ਗਏ। ਜਦੋਂ ਕਿ ਕਈ ਘਰ ਸੜ ਗਏ। ਅੱਗ ਦੀ ਘਟਨਾ ਨੂੰ ਲੈ ਕੇ ਲੋਕਾਂ ਵਿੱਚ ਹਫੜਾ ਦਫੜੀ ਮਚ ਗਈ ਅਤੇ ਅੱਗ ਬੁਝਾਉਣ ਲਈ ਉਪਰਾਲੇ ਕਰਨੇ ਸ਼ੁਰੂ ਕਰ ਦਿੱਤੇ। 

Share:

ਮੱਧ ਪ੍ਰਦੇਸ਼ ਦੇ ਗਵਾਲੀਅਰ ਜ਼ਿਲ੍ਹੇ ਵਿੱਚ ਬੀਤੀ ਦੇਰ ਰਾਤ ਨੂੰ ਖੇਤਾਂ ਵਿੱਚ ਲੱਗੀ ਅੱਗ ਨੇ ਚਾਰ ਪਿੰਡਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਹਾਦਸੇ ਵਿੱਚ ਚਾਰ ਲੋਕ ਜ਼ਖਮੀ ਹੋ ਗਏ ਅਤੇ ਕਈ ਘਰ ਸੜ ਕੇ ਸੁਆਹ ਹੋ ਗਏ। ਅਧਿਕਾਰੀਆਂ ਅਨੁਸਾਰ ਅੱਗ ਬਿਜਲੀ ਦੇ ਨੁਕਸ ਕਾਰਨ ਲੱਗੀ। ਜਿਸ ਕਾਰਨ ਦੇਖਦੇ ਹੀ ਦੇਖਦੇ ਅੱਗ ਖੇਤਾਂ ਵਿੱਚੋਂ ਹੁੰਦੀ ਹੋਈ ਪਿੰਡਾਂ ਵਿੱਚ ਫੈਲ ਗਈ। ਅੱਗਜ਼ਨੀ ਦੀ ਇਹ ਘਟਨਾ ਭਿਤਰਵਾੜ ਅਤੇ ਚਿਨੌਰ ਤਹਿਸੀਲਾਂ ਅਧੀਨ ਵਾਪਰੀ। ਭਿੱਤਰਵਾੜ ਦੇ ਐਸਡੀਐਮ ਸੰਜੀਵ ਜੈਨ ਨੇ ਦੱਸਿਆ ਕਿ ਅੱਗ ਭੌਰੀ, ਰਾੜੌਆ, ਚਿਨੌਰ ਅਤੇ ਗਾਂਧੀ ਪਿੰਡਾਂ ਵਿੱਚ ਫੈਲ ਗਈ। ਜਿਸ ਕਾਰ ਪਿੰਡ ਦੇ ਲੋਕਾਂ ਵਿੱਚ ਹਫੜਾ-ਦਫੜੀ ਮਚ ਗਈ। ਲੋਕ ਇੱਧਰ-ਉਧਰ ਭੱਜਣ ਲੱਗੇ। 

ਪਸ਼ੂ ਵੀ ਆਏ ਚਪੇਟ ‘ਚ

ਅਧਿਕਾਰੀਆਂ ਨੇ ਦੱਸਿਆ ਕਿ ਅੱਗ ਵਿੱਚ ਕਈ ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਅਤੇ ਚਾਰ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਗਵਾਲੀਅਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਕੁਝ ਪਸ਼ੂਆਂ ਦੇ ਸੜ ਜਾਣ ਦੀ ਵੀ ਸੂਚਨਾ ਮਿਲੀ ਹੈ। ਭਿਤਰਵਾੜ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਮੋਹਨ ਸਿੰਘ ਰਾਠੌਰ ਨੇ ਕਿਹਾ ਕਿ ਤੂਫਾਨ ਤੋਂ ਬਾਅਦ ਬਿਜਲੀ ਦੀਆਂ ਲਾਈਨਾਂ ਵਿੱਚ ਨੁਕਸ ਪੈਣ ਕਾਰਨ ਖੇਤਾਂ ਵਿੱਚ ਅੱਗ ਲੱਗ ਗਈ, ਜਿਸਨੇ ਨੇੜਲੇ ਪਿੰਡਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ।

ਰਾਹਤ ਕਾਰਜ ਜਾਰੀ

ਜ਼ਿਲ੍ਹਾ ਪ੍ਰਸ਼ਾਸਨ ਨੇ ਪ੍ਰਭਾਵਿਤ ਪਰਿਵਾਰਾਂ ਲਈ ਭੋਜਨ ਅਤੇ ਪਾਣੀ ਦਾ ਪ੍ਰਬੰਧ ਕੀਤਾ ਹੈ ਅਤੇ ਉਨ੍ਹਾਂ ਨੂੰ ਮੁਆਵਜ਼ਾ ਅਤੇ ਹੋਰ ਮਦਦ ਦਾ ਐਲਾਨ ਵੀ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀ ਪਸ਼ੂਆਂ ਦੇ ਇਲਾਜ ਲਈ ਪਸ਼ੂਆਂ ਦੇ ਡਾਕਟਰਾਂ ਦੀ ਇੱਕ ਟੀਮ ਪ੍ਰਭਾਵਿਤ ਪਿੰਡਾਂ ਵਿੱਚ ਭੇਜੀ ਗਈ ਹੈ। ਜ਼ਿਲ੍ਹਾ ਕੁਲੈਕਟਰ ਰੁਚਿਕਾ ਚੌਹਾਨ ਵੀ ਸ਼ਨੀਵਾਰ ਰਾਤ ਨੂੰ ਮੌਕੇ 'ਤੇ ਪਹੁੰਚੀ ਅਤੇ ਸਬੰਧਤ ਵਿਭਾਗਾਂ ਨੂੰ ਜਲਦੀ ਤੋਂ ਜਲਦੀ ਰਾਹਤ ਕਾਰਜ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ। ਪ੍ਰਸ਼ਾਸਨ ਨੇ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਹੈ।

ਇਹ ਵੀ ਪੜ੍ਹੋ