ਲਾਰੈਂਸ ਦੇ ਸਾਥੀ ਸੰਪਤ ਨਹਿਰਾ ਨੇ ਜੇਲ੍ਹ ਚੋਂ ਰਚੀ ਗੋਗਾਮੈੜੀ ਨੂੰ ਮਾਰਨ ਦੀ ਸਾਜ਼ਿਸ਼ 

ਮਾਰਚ ਮਹੀਨੇ ਹੀ ਪੰਜਾਬ ਪੁਲਿਸ ਨੇ ਰਾਜਸਥਾਨ ਦੀ ਪੁਲਿਸ ਨੂੰ ਅਲਰਟ ਕਰ ਦਿੱਤਾ ਸੀ। ਸੰਪਤ ਉਹ ਗੈਂਗਸਟਰ ਹੈ ਜਿਸਨੇ ਸਲਖਾਨ ਖਾਨ ਨੂੰ ਮਾਰਨ ਦੀ ਵੀ ਸਾਜ਼ਿਸ਼ ਰਚੀ ਸੀ। 

Share:

ਰਾਜਸਥਾਨ ਵਿੱਚ ਰਾਸ਼ਟਰੀ ਰਾਜਪੂਤ ਕਰਨੀ ਸੈਨਾ ਦੇ ਪ੍ਰਧਾਨ ਸੁਖਦੇਵ ਸਿੰਘ ਗੋਗਾਮੈੜੀ ਦੇ ਕਤਲ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਇਸਦੀ ਸਾਜ਼ਿਸ਼ ਬਠਿੰਡਾ ਜੇਲ੍ਹ ਚੋਂ ਰਚੀ ਗਈ ਸੀ। ਲਾਰੈਂਸ ਬਿਸ਼ਨੋਈ ਦੇ ਸਾਥੀ ਸੰਪਤ ਨਹਿਰਾ ਨੇ ਜੇਲ੍ਹ ਦੇ ਬਾਹਰ ਬੈਠੇ ਆਪਣੇ ਸ਼ੂਟਰਾਂ ਨੂੰ ਇਹ ਟਾਸਕ ਦਿੱਤਾ ਸੀ। ਇਸਦੇ ਲਈ ਉਸਨੇ ਏਕੇ-47 ਦਾ ਇੰਤਜ਼ਾਮ ਵੀ ਕੀਤਾ ਸੀ। ਬਠਿੰਡਾ ਪੁਲੀਸ ਨੇ ਮਾਰਚ ਮਹੀਨੇ ਹਥਿਆਰਾਂ ਦੀ ਤਸਕਰੀ ਦੇ ਕੇਸ ਵਿੱਚ ਸੰਪਤ ਨਹਿਰਾ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਸੀ। ਉਸ ਦੌਰਾਨ ਹੀ ਇਹ ਖੁਲਾਸਾ ਹੋਇਆ ਸੀ। ਜਿਸ ਉਪਰੰਤ ਪੰਜਾਬ ਪੁਲਿਸ ਨੇ ਰਾਜਸਥਾਨ ਪੁਲਿਸ ਨੂੰ ਅਲਰਟ ਵੀ ਕਰ ਦਿੱਤਾ ਸੀ। ਦੱਸ ਦਈਏ ਕਿ ਸੰਪਤ ਨਹਿਰਾ ਉਹੀ ਗੈਂਗਸਟਰ ਹੈ ਜੋ ਪਿਸਤੌਲ ਲੈ ਕੇ ਅਦਾਕਾਰ ਸਲਮਾਨ ਖਾਨ ਨੂੰ ਮਾਰਨ ਪਹੁੰਚ ਗਿਆ ਸੀ। ਉਸਦੇ ਖ਼ਿਲਾਫ਼ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਮੁੰਬਈ ਅਤੇ ਚੰਡੀਗੜ੍ਹ ਵਿਖੇ ਦਰਜਨਾਂ ਕੇਸ ਦਰਜ ਹਨ। ਜਿਸ ਵਿੱਚ ਹਥਿਆਰਾਂ ਦੀ ਤਸਕਰੀ, ਟਾਰਗੇਟ ਕਿਲਿੰਗ, ਕਤਲ ਦੀ ਕੋਸ਼ਿਸ਼ ਸਮੇਤ ਹੋਰ ਮਾਮਲੇ ਦਰਜ ਹਨ। ਐਨਆਈਏ ਨੇ ਵੀ ਨਹਿਰਾ ਨੂੰ ਰਿਮਾਂਡ 'ਤੇ ਲਿਆ ਸੀ। ਕੁੱਝ ਮਹੀਨੇ ਪਹਿਲਾਂ ਖੰਨਾ ਪੁਲਿਸ ਵੀ ਸੰਪਤ ਨਹਿਰਾ ਨੂੰ ਪ੍ਰੋ਼ਡਕਸ਼ਨ ਵਾਰੰਟ 'ਤੇ ਲੈ ਕੇ ਗਈ ਸੀ। ਜਿਸ ਕੋਲੋਂ ਹਥਿਆਰਾਂ ਦੀ ਤਸਕਰੀ ਤੇ ਟਾਰਗੇਟ ਕਿਲਿੰਗ ਨੂੰ ਲੈ ਕੇ ਪੁੱਛਗਿੱਛ ਕੀਤੀ ਗਈ ਸੀ। 

ਸੁਰੱਖਿਆ 'ਚ ਢਿੱਲ ਜਾਂਚ ਦਾ ਵਿਸ਼ਾ 

ਪੰਜਾਬ ਪੁਲਿਸ ਦੇ ਇਨਪੁਟ ਦੇ ਅਧਾਰ 'ਤੇ ਰਾਜਸਥਾਨ ਦੇ ਡੀਜੀਪੀ ਨੇ ਬੀਕਾਨੇਰ ਦੇ ਆਈਜੀ ਅਤੇ ਹਨੂੰਮਾਨਗੜ੍ਹ ਦੇ ਐਸਪੀ ਨੂੰ ਗੋਗਾਮੈੜੀ ਦੀ ਸੁਰੱਖਿਆ ਵਧਾਉਣ ਦੇ ਆਦੇਸ਼ ਵੀ ਦਿੱਤੇ ਸਨ। ਇਨਪੁਟਸ ਮਿਲਣ ਦੇ ਬਾਵਜੂਦ ਰਾਜਸਥਾਨ ਪੁਲਿਸ ਸੁਖਦੇਵ ਗੋਗਾਮੈੜੀ ਦੀ ਜਾਨ ਨਹੀਂ ਬਚਾ ਸਕੀ। 

ਰੋਹਿਤ ਗੋਦਾਰਾ ਗੈਂਗ ਨੇ ਲਈ ਜ਼ੁੰਮੇਵਾਰੀ 

ਇਸ ਕਤਲੇਆਮ ਦੀ ਜ਼ੁੰਮੇਵਾਰੀ ਰਾਜਸਥਾਨ ਦੇ ਰੋਹਿਤ ਗੋਦਾਰਾ ਗੈਂਗ ਨੇ ਲਈ ਸੀ। ਰੋਹਿਤ ਗੋਦਾਰਾ ਲਾਰੈਂਸ ਗੈਂਗ ਦਾ ਸਾਥੀ ਹੈ। ਰੋਹਿਤ ਗੋਦਾਰਾ ਨੇ ਕੁਝ ਮਹੀਨੇ ਪਹਿਲਾਂ ਗੋਗਾਮੈੜੀ ਨੂੰ ਧਮਕੀ ਵੀ ਦਿੱਤੀ ਸੀ। ਰੋਹਿਤ ਗੋਦਾਰਾ ਇਸ ਸਮੇਂ ਭਾਰਤ ਚੋਂ ਭਗੌੜਾ ਹੈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਉਸ ਦੀ ਜਾਂਚ ਕਰ ਰਹੀ ਹੈ। 

ਸੰਪਤ ਦੀ ਲਾਰੈਂਸ ਨਾਲ ਦੋਸਤੀ 

ਸੰਪਤ ਨਹਿਰਾ ਨੂੰ ਲਾਰੈਂਸ ਬਿਸ਼ਨੋਈ ਦਾ ਸੱਜਾ ਹੱਥ ਮੰਨਿਆ ਜਾਂਦਾ ਹੈ। ਉਹ ਡੀਏਵੀ ਕਾਲਜ ਚੰਡੀਗੜ੍ਹ ਵਿੱਚ ਲਾਰੈਂਸ ਬਿਸ਼ਨੋਈ ਦਾ ਜੂਨੀਅਰ ਸੀ। ਲਾਰੈਂਸ ਦੇ ਨਾਲ ਉਸਨੇ ਵਿਦਿਆਰਥੀ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਅਤੇ ਬਾਅਦ ਵਿੱਚ ਅਪਰਾਧ ਦੇ ਰਾਹ ਪੈ ਗਿਆ। ਲਾਰੈਂਸ ਦੇ ਕਹਿਣ 'ਤੇ ਉਸਨੇ ਦਿੱਲੀ, ਪੰਜਾਬ, ਚੰਡੀਗੜ੍ਹ ਅਤੇ ਰਾਜਸਥਾਨ 'ਚ ਕਈ ਅਪਰਾਧ ਕੀਤੇ। 

ਇਹ ਵੀ ਪੜ੍ਹੋ