Jharkhand Political Crisis: ਝਾਰਖੰਡ 'ਚ ਹੇਮੰਤ ਸੋਰੇਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਸੂਬੇ ਵਿੱਚ ‘ਆਪ੍ਰੇਸ਼ਨ ਲੋਟਸ’ ਦਾ ਡਰ ਦਿਖਾਈ ਦੇਣ ਲੱਗਾ ਹੈ। ਖ਼ਬਰ ਹੈ ਕਿ ਸੱਤਾਧਾਰੀ ਗਠਜੋੜ ਆਪਣੇ ਵਿਧਾਇਕਾਂ ਵਿੱਚ ਫੁੱਟ ਪੈਣ ਦੇ ਡਰੋਂ ਉਨ੍ਹਾਂ ਨੂੰ ਤੇਲੰਗਾਨਾ ਭੇਜਣ ਦੀ ਤਿਆਰੀ ਕਰ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਗਠਜੋੜ ਦੇ 35 ਵਿਧਾਇਕ ਜਲਦ ਹੀ ਹੈਦਰਾਬਾਦ ਸ਼ਿਫਟ ਹੋ ਸਕਦੇ ਹਨ।
ਸੱਤਾ ਤਬਦੀਲੀ ਦੀ ਤਿਆਰੀ
ਦੱਸ ਦੇਈਏ ਕਿ ਜ਼ਮੀਨ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਝਾਰਖੰਡ ਦੇ ਤਤਕਾਲੀਨ ਸੀਐਮ ਹੇਮੰਤ ਸੋਰੇਨ ਦੀ ਗ੍ਰਿਫਤਾਰੀ ਅਤੇ ਉਨ੍ਹਾਂ ਦੇ ਅਸਤੀਫੇ ਤੋਂ ਬਾਅਦ ਸੂਬੇ ਦੀ ਰਾਜਨੀਤੀ 'ਚ ਕਿਸੇ ਸਮੇਂ ਵੀ ਵੱਡੀ ਉਥਲ-ਪੁਥਲ ਦੇਖਣ ਨੂੰ ਮਿਲ ਸਕਦੀ ਹੈ। ਪਹਿਲਾ ਬਦਲਾਅ ਇਹ ਮੰਨਿਆ ਜਾ ਰਿਹਾ ਹੈ ਕਿ ਸੋਰੇਨ ਪਰਿਵਾਰ ਦੀ ਕਲਪਨਾ, ਸੀਤਾ ਅਤੇ ਬਸੰਤ ਸੋਰੇਨ ਦੀ ਥਾਂ ਚੰਪਈ ਸੋਰੇਨ ਨੂੰ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ ਜਾਂ ਫਿਰ ਰਾਜ ਵਿੱਚ ਸੱਤਾਧਾਰੀ ਗੱਠਜੋੜ ਵਿੱਚ ਫੁੱਟ ਪੈ ਸਕਦੀ ਹੈ। ਜਿਸਤੋਂ ਬਾਅਦ ਸੱਤਾ ਤਬਦੀਲੀ ਹੋ ਸਕਦੀ ਹੈ। ਕੁੱਝ ਮੀਡੀਆ ਰਿਪੋਰਟਾਂ ਵਿੱਚ ਰਾਸ਼ਟਰਪਤੀ ਸ਼ਾਸਨ ਦਾ ਖਦਸ਼ਾ ਵੀ ਜਤਾਇਆ ਗਿਆ ਹੈ।
ਸਰਕਾਰ ਬਣਾਉਣ ਲਈ ਝਾਰਖੰਡ ਦਾ ਸਿਆਸੀ ਗਣਿਤ
ਤੁਹਾਨੂੰ ਦੱਸ ਦੇਈਏ ਕਿ ਝਾਰਖੰਡ ਵਿੱਚ ਸਰਕਾਰ ਬਣਾਉਣ ਲਈ 41 ਵਿਧਾਇਕਾਂ ਦੀ ਲੋੜ ਹੁੰਦੀ ਹੈ। ਮੌਜੂਦਾ ਸਮੇਂ ਵਿੱਚ 81 ਮੈਂਬਰੀ ਝਾਰਖੰਡ ਵਿਧਾਨ ਸਭਾ ਵਿੱਚ ਮਹਾਂਗਠਜੋੜ (ਝਾਰਖੰਡ ਮੁਕਤੀ ਮੋਰਚਾ, ਕਾਂਗਰਸ, ਵਾਮ ਦਲ ਅਤੇ ਰਾਸ਼ਟਰੀ ਜਨਤਾ ਦਲ) ਦੇ ਵਿਧਾਇਕਾਂ ਦੀ ਗਿਣਤੀ 47 ਹੈ। ਇਸਦੇ ਨਾਲ ਹੀ ਵਿਰੋਧੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ 30 ਵਿਧਾਇਕ ਹਨ। ਭਾਜਪਾ ਸਰਕਾਰ ਬਣਾਉਣ ਲਈ ਪੂਰਾ ਜ਼ੋਰ ਲਗਾ ਰਹੀ ਹੈ।
ਗ੍ਰਿਫਤਾਰੀ ਖਿਲਾਫ ਹੇਮੰਤ ਸੁਪਰੀਮ ਕੋਰਟ ਪਹੁੰਚੇ
ਦੂਜੇ ਪਾਸੇ ਹੇਮੰਤ ਸੋਰੇਨ ਨੇ ਮਨੀ ਲਾਂਡਰਿੰਗ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗ੍ਰਿਫਤਾਰੀ ਨੂੰ ਚੁਣੌਤੀ ਦੇਣ ਲਈ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ। ਹੇਮੰਤ ਦੀ ਪਟੀਸ਼ਨ 'ਤੇ ਕੱਲ ਯਾਨੀ ਸ਼ੁੱਕਰਵਾਰ ਨੂੰ ਸੁਣਵਾਈ ਹੋਵੇਗੀ। ਉਨ੍ਹਾਂ ਦੀ ਤਰਫੋਂ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਪਟੀਸ਼ਨ ਦਾਇਰ ਕੀਤੀ ਹੈ। ਇਸ ਤੋਂ ਪਹਿਲਾਂ ਕਪਿਲ ਸਿੱਬਲ ਨੇ ਝਾਰਖੰਡ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਕਪਿਲ ਸਿੱਬਲ ਦੀ ਪਟੀਸ਼ਨ ਦਾ ਹਵਾਲਾ ਦਿੰਦੇ ਹੋਏ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਈਡੀ ਨੇ ਹਜ਼ਾਰਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਹਰ ਕੋਈ ਸੁਪਰੀਮ ਕੋਰਟ ਨਹੀਂ ਆ ਸਕਦਾ। ਦੱਸ ਦੇਈਏ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਥਿਤ ਜ਼ਮੀਨ ਘੁਟਾਲੇ ਵਿੱਚ ਮਨੀ ਲਾਂਡਰਿੰਗ ਦੇ ਦੋਸ਼ ਹੇਠ ਸੱਤ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। 7 ਘੰਟੇ ਤੋਂ ਵੱਧ ਪੁੱਛਗਿੱਛ ਤੋਂ ਬਾਅਦ ਸੋਰੇਨ ਨੂੰ ਗ੍ਰਿਫਤਾਰ ਕਰ ਲਿਆ ਗਿਆ। ਆਪਣੀ ਗ੍ਰਿਫਤਾਰੀ ਤੋਂ ਪਹਿਲਾਂ ਹੇਮੰਤ ਸੋਰੇਨ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਇੱਕ ਵੀਡੀਓ ਪੋਸਟ ਕਰਦਿਆਂ ਕਿਹਾ ਕਿ ਮੈਂ ਨਹੀਂ ਝੁਕਾਂਗਾ... ਆਖਰਕਾਰ, ਸੱਚ ਦੀ ਜਿੱਤ ਹੋਵੇਗੀ। ਉਨ੍ਹਾਂ ਕਿਹਾ ਕਿ ਗਰੀਬਾਂ, ਦਲਿਤਾਂ ਅਤੇ ਆਦਿਵਾਸੀਆਂ 'ਤੇ ਜ਼ੁਲਮ ਕਰਨ ਵਾਲੀ ਜਗੀਰੂ ਵਿਵਸਥਾ ਵਿਰੁੱਧ ਜੰਗ ਛੇੜਨ ਦਾ ਸਮਾਂ ਆ ਗਿਆ ਹੈ। ਸੋਰੇਨ ਨੇ ਇਹ ਵੀ ਦਾਅਵਾ ਕੀਤਾ ਕਿ ਉਹਨਾਂ ਦਾ ਮਨੀ ਲਾਂਡਰਿੰਗ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਜਿਸ ਵਿਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ।