J&K Blast : ਸ਼ਹੀਦ ਅਜੈ ਦੀ ਕਹਾਣੀ - ਦਿਹਾੜੀਆਂ ਲਗਾ ਕੇ ਫੌਜ ਦੀ ਵਰਦੀ ਪਾ ਸਰਹੱਦ ਤੱਕ ਪਹੁੰਚਿਆ, ਚੜ੍ਹਦੀ ਉਮਰੇ ਪੀ ਲਿਆ ਸ਼ਹੀਦੀ ਦਾ ਜਾਮ 

6 ਭੈਣਾਂ ਦਾ ਇਕਲੌਤਾ ਭਰਾ ਸੀ। ਬਜ਼ੁਰਗ ਮਾਂ-ਬਾਪ ਦਾ ਇੱਕਮਾਤਰ ਸਹਾਰਾ। ਅੱਜ ਰੌਂਦੀਆਂ ਕੁਰਲਾਉਂਦੀਆਂ ਭੈਣਾਂ ਤੇ ਨੈਣਾਂ ਚੋਂ ਨੀਰ ਵਹਾਉਂਦੀ ਮਾਂ ਦਾ ਦਰਦ ਦੇਖ ਕੇ ਹਰ ਅੱਖ ਨਮ ਹੋ ਗਈ। J&K Blast 'ਚ 23 ਸਾਲਾ ਦਾ ਅਗਨੀਵੀਰ ਸ਼ਹੀਦ ਹੋਇਆ। ਜਿਸਦਾ ਅੰਤਿਮ ਸਸਕਾਰ ਸ਼ਨੀਵਾਰ ਨੂੰ ਪਿੰਡ 'ਚ ਕੀਤਾ ਜਾਵੇਗਾ। 

Share:

ਹਾਈਲਾਈਟਸ

  • ਸ਼ਹੀਦ ਅਜੈ ਸਿੰਘ ਦੇ ਘਰ ਹੁਣ ਬਜ਼ੁਰਗ ਮਾਤਾ-ਪਿਤਾ ਅਤੇ 6 ਭੈਣਾਂ ਹਨ
  • ਅੱਤ ਦੀ ਗਰੀਬੀ ਵਿੱਚ ਦਿਨ-ਰਾਤ ਮਿਹਨਤ ਕਰਨ ਤੋਂ ਬਾਅਦ ਅਗਨੀਵੀਰ ਫਰਵਰੀ 2022 ਵਿੱਚ ਭਰਤੀ ਹੋਇਆ

J&K Blast : ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ਵਿੱਚ ਬਾਰੂਦੀ ਸੁਰੰਗ ਦੇ ਧਮਾਕੇ ਕਾਰਨ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਕਸਬਾ ਮਲੌਦ ਦੇ ਪਿੰਡ ਰਾਮਗੜ੍ਹ ਸਰਦਾਰਾਂ ਦਾ ਰਹਿਣ ਵਾਲਾ ਅਜੈ ਸਿੰਘ (23) ਸ਼ਹੀਦ ਹੋ ਗਿਆ। ਸ਼ਨੀਵਾਰ ਨੂੰ ਸ਼ਹੀਦ ਦੀ ਮ੍ਰਿਤਕ ਦੇਹ ਪਿੰਡ ਆਵੇਗੀ ਤੇ ਅੰਤਿਮ ਸੰਸਕਾਰ ਕੀਤਾ ਜਾਵੇਗਾ। ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ। ਦੱਸ ਦਈਏ ਕਿ ਵੀਰਵਾਰ ਨੂੰ ਇਹ ਧਮਾਕਾ ਹੋਇਆ ਸੀ। ਜਿਸ ਵਿੱਚ ਦੋ ਹੋਰ ਜਵਾਨ ਗੰਭੀਰ ਜਖ਼ਮੀ ਹੋਏ। 

ਫੋਟੋ
ਸ਼ਹੀਦ ਦੀ ਮਾਂ ਤੇ ਭੈਣਾਂ ਦਾ ਹਾਲ ਦੇਖ ਨਹੀਂ ਹੁੰਦਾ ਸੀ। ਫੋਟੋ ਕ੍ਰੇਡਿਟ - ਜੇਬੀਟੀ

ਕਦੇ ਸੋਚਿਆ ਨੀ ਸੀ ਪੁੱਤ ਐਂਵੇਂ ਛੱਡ ਜਾਊ

ਅਜੈ ਸਿੰਘ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ। ਅੱਤ ਦੀ ਗਰੀਬੀ ਵਿੱਚ ਦਿਨ-ਰਾਤ ਮਿਹਨਤ ਕਰਨ ਤੋਂ ਬਾਅਦ ਅਗਨੀਵੀਰ ਫਰਵਰੀ 2022 ਵਿੱਚ ਭਰਤੀ ਹੋਇਆ। ਸਿਰਫ਼ 23 ਸਾਲ ਦੇ ਅਜੈ ਸਿੰਘ ਦੇ ਪਰਿਵਾਰ ਵਿੱਚ ਪਿਤਾ ਚਰਨਜੀਤ ਸਿੰਘ, ਮਾਂ ਲਕਸ਼ਮੀ ਤੋਂ ਇਲਾਵਾ 6 ਭੈਣਾਂ ਹਨ। ਉਹ ਇਕਲੌਤਾ ਭਰਾ ਸੀ। ਸ਼ਹੀਦ ਅਜੈ ਸਿੰਘ ਦੇ ਪਿਤਾ ਚਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 6 ਧੀਆਂ ਤੋਂ ਬਾਅਦ ਇੱਕ ਪੁੱਤਰ ਦੇਖਿਆ ਸੀ। ਆਪਣੇ ਪੁੱਤਰ ਨੂੰ ਮਿਹਨਤ ਕਰਕੇ ਪਾਲਿਆ। ਪਤਨੀ ਵੀ ਕੰਮ ਕਰਦੀ ਸੀ। ਧੀਆਂ ਵੀ ਪ੍ਰਾਈਵੇਟ ਨੌਕਰੀਆਂ ਕਰਦੀਆਂ ਸਨ। ਕਦੇ ਬੇਟਾ ਖੁਦ ਪੇਂਟ ਕਰਨ ਚਲਾ ਜਾਂਦਾ ਤੇ ਕਦੇ ਮਿਸਤਰੀ ਨਾਲ ਦਿਹਾੜੀ ਲਾਉਂਦਾ ਸੀ। 12ਵੀਂ ਪਾਸ ਕਰਨ ਤੋਂ ਬਾਅਦ ਫੌਜ 'ਚ ਭਰਤੀ ਹੋਇਆ ਸੀ। ਹੁਣ ਉਮੀਦ ਸੀ ਕਿ ਪੁੱਤਰ ਪਰਿਵਾਰ ਦਾ ਸਹਾਰਾ ਬਣ ਗਿਆ ਹੈ। ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਪੁੱਤ ਛੇਤੀ ਹੀ ਵਿਛੋੜਾ ਦੇ ਜਾਵੇਗਾ। ਪਿਤਾ ਨੇ ਕਿਹਾ ਕਿ ਸ਼ਹੀਦੀ 'ਤੇ ਮਾਣ ਹੈ ਪਰ ਪੁੱਤ ਦਾ ਗਮ ਕਦੇ ਭੁਲਾਇਆ ਨਹੀਂ ਜਾ ਸਕਦਾ।

ਫੋਟੋ
ਸ਼ਹੀਦ ਦੇ ਪਿਤਾ ਚਰਨਜੀਤ ਸਿੰਘ ਨੇ ਸੰਘਰਸ਼ ਭਰੇ ਜੀਵਨ ਬਾਰੇ ਦੱਸਿਆ। ਫੋਟੋ ਕ੍ਰੇਡਿਟ - ਜੇਬੀਟੀ

ਅਗਨੀਵੀਰ ਭਰਤੀ ਬਹੁਤ ਗਲਤ 

ਪਿਤਾ ਚਰਨਜੀਤ ਸਿੰਘ ਨੇ ਅਗਨੀਵੀਰ ਦੀ ਭਰਤੀ 'ਤੇ ਸਵਾਲ ਚੁੱਕਦਿਆਂ ਕਿਹਾ ਕਿ 4 ਸਾਲ ਦੀ ਨੌਕਰੀ  ਹੁੰਦੀ ਹੈ। ਨਾ ਕੋਈ ਪੈਨਸ਼ਨ ਹੈ ਅਤੇ ਨਾ ਹੀ ਕੋਈ ਹੋਰ ਲਾਭ। ਅੱਜ ਉਸਦਾ ਪੁੱਤਰ ਸ਼ਹੀਦ ਹੋ ਗਿਆ ਹੈ। ਬਾਕੀ ਫੌਜੀ ਵੀ ਦੇਸ਼ ਦੇ ਪੁੱਤਰ ਹਨ। ਅਜਿਹੇ 'ਚ ਕੇਂਦਰ ਸਰਕਾਰ ਨੂੰ ਅਗਨੀਵੀਰਾਂ ਨੂੰ ਪਹਿਲਾਂ ਦੇ ਫੌਜੀਆਂ ਵਾਂਗ ਸਾਰੀਆਂ ਸਹੂਲਤਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ। ਨੌਜਵਾਨ ਬੜੇ ਚਾਵਾਂ ਨਾਲ ਦੇਸ਼ ਦੀ ਸੇਵਾ ਕਰਨ ਜਾਂਦੇ ਹਨ। ਮਾਪੇ ਦਿਲ ਉਪਰ ਪੱਥਰ ਧਰ ਕੇ ਭੇਜਦੇ ਹਨ। ਸਰਕਾਰਾਂ ਨੂੰ ਧਿਆਨ ਦੇਣ ਦੀ ਲੋੜ ਹੈ। 

ਫੋਟੋ
ਸ਼ਹੀਦ ਅਜੈ ਸਿੰਘ ਦੀ ਫਾਇਲ ਫੋਟੋ

ਹੁਣ ਕੌਣ ਬਣੂ ਸਾਡਾ ਸਹਾਰਾ 

ਸ਼ਹੀਦ ਅਜੈ ਸਿੰਘ ਦੇ ਘਰ ਹੁਣ ਬਜ਼ੁਰਗ ਮਾਤਾ-ਪਿਤਾ ਅਤੇ 6 ਭੈਣਾਂ ਹਨ। 4 ਭੈਣਾਂ ਦਾ ਵਿਆਹ ਹੋ ਚੁੱਕਾ ਹੈ। 2 ਭੈਣਾਂ ਅਜੇ ਵੀ ਕੁਆਰੀਆਂ ਹਨ। ਉਮੀਦ ਸੀ ਕਿ ਹੁਣ ਬੇਟਾ ਦੋਹਾਂ ਭੈਣਾਂ ਦਾ ਵਿਆਹ ਕਰਕੇ ਆਪ ਵੀ ਵਿਆਹੁਤਾ ਜੀਵਨ ਸ਼ੁਰੂ ਕਰ ਲਵੇਗਾ। ਇਸ ਸਮੇਂ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਕਮਾਈ ਦਾ ਕੋਈ ਸਾਧਨ ਨਹੀਂ ਹੈ। ਮੁਆਵਜ਼ੇ ਦੇ ਨਾਲ-ਨਾਲ ਪੰਜਾਬ ਸਰਕਾਰ ਤੋਂ ਇੱਕ ਧੀ ਨੂੰ ਨੌਕਰੀ ਦੇਣ ਦੀ ਮੰਗ ਕੀਤੀ ਗਈ ਹੈ। ਸ਼ਹੀਦ ਦੀ ਮਾਂ ਤੇ ਭੈਣਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਨ੍ਹਾਂ ਦੀ ਜ਼ੁਬਾਨ 'ਤੇ ਵਾਰ-ਵਾਰ ਇੱਕੋ ਸ਼ਬਦ ਆ ਰਿਹਾ ਹੈ ਕਿ ਸਾਡਾ ਅਜੈ ਕਿੱਥੇ ਹੈ, ਉਸਨੂੰ ਵਾਪਸ ਲਿਆਓ...। 

ਇਹ ਵੀ ਪੜ੍ਹੋ