HIMACHAL: ਫੈਕਟਰੀ ਮਾਲਕ ਨੇ ਗੋਲੀ ਮਾਰ ਕੀਤੀ ਮਜ਼ਦੂਰ ਦੀ ਹੱਤਿਆ, ਚੱੜ੍ਹਿਆ ਪੁਲਿਸ ਦੇ ਅੜਿੱਕੇ

ਊਨਾ ਦੇ ਐਸਪੀ ਨੇ ਦੱਸਿਆ ਕਿ ਵਾਰਦਾਤ ਵਿੱਚ ਵਰਤਿਆ ਗਿਆ ਹਥਿਆਰ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਦੀ ਜਾਂਚ ਅਨੁਸਾਰ ਫੈਕਟਰੀ ਮਾਲਕ ਅਤੇ ਮਜ਼ਦੂਰ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਤਕਰਾਰ ਚੱਲ ਰਹੀ ਸੀ। ਇਸ ਤੋਂ ਬਾਅਦ ਫੈਕਟਰੀ ਸੰਚਾਲਕ ਨੇ ਮਜ਼ਦੂਰ ਦੇ ਪੇਟ ਵਿੱਚ ਗੋਲੀ ਮਾਰ ਦਿੱਤੀ।

Share:

ਹਿਮਾਚਲ ਪ੍ਰਦੇਸ਼ ਦੇ ਊਨਾ ਵਿੱਚ ਇੱਕ ਫੈਕਟਰੀ ਮਾਲਕ ਨੇ ਆਪਣੇ ਹੀ ਮਜ਼ਦੂਰ ਨੂੰ ਗੋਲੀ ਮਾਰ ਦਿੱਤੀ। ਇਸ ਕਾਰਨ ਮਜ਼ਦੂਰ ਦੀ ਮੌਤ ਹੋ ਗਈ। ਇਹ ਘਟਨਾ ਊਨਾ ਦੇ ਟਾਹਲੀਵਾਲ ਉਦਯੋਗਿਕ ਖੇਤਰ ਦੀ ਹੈ। ਪੁਲਿਸ ਨੇ ਫੈਕਟਰੀ ਸੰਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਮ੍ਰਿਤਕ ਦੀ ਪਛਾਣ ਹਰੀ ਨੰਦਨ ਰਾਮ (40) ਉਰਫ ਭੂਰਾ ਵਾਸੀ ਪਿੰਡ ਕੁੰਡਲਪੁਰ, ਜ਼ਿਲ੍ਹਾ ਬੇਤੀਆ (ਬਿਹਾਰ) ਵਜੋਂ ਹੋਈ ਹੈ। ਜਿਸ ਫੈਕਟਰੀ 'ਚ ਗੋਲੀਬਾਰੀ ਹੋਈ ਉੱਥੇ ਤਿੰਨ ਮਜ਼ਦੂਰ ਕੰਮ ਕਰਦੇ ਸਨ।

ਲਾਸ਼ ਨੂੰ ਲੁਕਾਉਣ ਦੀ ਕੋਸ਼ਿਸ਼

ਐਸਪੀ ਅਰਿਜੀਤ ਸੈਨ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗੋਲੀ ਲੱਗਣ ਤੋਂ ਬਾਅਦ ਮਜ਼ਦੂਰ ਨੂੰ ਹਸਪਤਾਲ ਲਿਜਾਣ ਦੀ ਕੋਸ਼ਿਸ਼ ਵੀ ਕੀਤੀ ਗਈ। ਪਰ ਜਿਵੇਂ ਹੀ ਰਸਤੇ ਵਿੱਚ ਮਜ਼ਦੂਰ ਦੀ ਮੌਤ ਹੋ ਗਈ, ਮੁਲਜ਼ਮਾਂ ਨੇ ਪੰਜਾਬ ਦੇ ਅਜੋਲੀ ਮੋੜ ਤੇ ਫਲਾਈਓਵਰ ਦੇ ਹੇਠਾਂ ਲਾਸ਼ ਨੂੰ ਲੁਕਾਉਣ ਦੀ ਕੋਸ਼ਿਸ਼ ਵੀ ਕੀਤੀ।

ਰਾਤ 2 ਵਜੇ ਮਿਲੀ ਗੋਲੀਬਾਰੀ ਦੀ ਸੂਚਨਾ

ਐਸਪੀ ਨੇ ਦੱਸਿਆ ਕਿ ਪੁਲਿਸ ਨੂੰ ਸੋਮਵਾਰ ਰਾਤ 2 ਵਜੇ ਗੋਲੀਬਾਰੀ ਦੀ ਸੂਚਨਾ ਮਿਲੀ ਸੀ ਪਰ ਮੌਕੇ ’ਤੇ ਨਾ ਤਾਂ ਕੋਈ ਲਾਸ਼ ਮਿਲੀ ਅਤੇ ਨਾ ਹੀ ਫੈਕਟਰੀ ਮਾਲਕ ਦਾ ਪਤਾ ਲੱਗਿਆ। ਬਾਅਦ ਵਿੱਚ ਅਜੋਲੀ ਮੋੜ ਨੇੜੇ ਲਾਸ਼ ਮਿਲੀ। ਪੁਲਿਸ ਨੇ ਕਤਲ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਅੱਗੇ ਉਨ੍ਹਾਂ ਕਿਹਾ ਕਿ ਫੋਰੈਂਸਿਕ ਟੀਮ ਜਲਦੀ ਹੀ ਘਟਨਾ ਸਥਾਨ ਦਾ ਦੌਰਾ ਕਰਕੇ ਸਬੂਤ ਇਕੱਠੇ ਕਰੇਗੀ। ਕਤਲ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ। ਉਨ੍ਹਾਂ ਦੱਸਿਆ ਕਿ ਮ੍ਰਿਤਕ ਵਿਅਕਤੀ ਬਿਹਾਰ ਦਾ ਰਹਿਣ ਵਾਲਾ ਹੈ। 

ਇਹ ਵੀ ਪੜ੍ਹੋ

Tags :