ਹਾਈ ਕੋਰਟ ਦਾ ਫੈਸਲਾ - ਲੜਕੀ ਦਾ ਪਿੱਛਾ ਕਰਨਾ ਜਾਂ ਧੱਕਾ ਮਾਰਨਾ, ਜਿਸਮਾਨੀ ਛੇੜਛਾੜ ਨਹੀਂ, ਬਰੀ ਹੋਇਆ ਮੁਲਜ਼ਮ

ਹੇਠਲੀ ਅਦਾਲਤ ਨੇ ਮੁਲਜ਼ਮ ਨੂੰ 2 ਸਾਲ ਦੀ ਸਜ਼ਾ ਸੁਣਾਈ ਸੀ। ਜਿਸਦੇ ਖਿਲਾਫ ਅਪੀਲ ਹਾਈ ਕੋਰਟ ਵਿਖੇ ਕੀਤੀ ਗਈ ਸੀ। ਹੁਣ ਉੱਚ ਅਦਾਲਤ ਚੋਂ ਮੁਲਜ਼ਮ ਬਰੀ ਹੋ ਗਿਆ। 

Share:

ਬੰਬੇ ਹਾਈ ਕੋਰਟ ਨੇ ਔਰਤਾਂ ਨਾਲ ਛੇੜਛਾੜ ਨਾਲ ਜੁੜੇ ਇੱਕ ਮਾਮਲੇ ਵਿੱਚ ਅਹਿਮ ਫੈਸਲਾ ਸੁਣਾਇਆ। ਅਦਾਲਤ ਨੇ ਕਿਹਾ ਕਿ ਔਰਤ ਦਾ ਪਿੱਛਾ ਕਰਨਾ, ਉਸ ਨਾਲ ਦੁਰਵਿਵਹਾਰ ਕਰਨਾ ਅਤੇ ਉਸ ਨਾਲ ਧੱਕਾ ਮੁੱਕੀ ਕਰਨਾ ਜਿਸਮਾਨੀ ਛੇੜਛਾੜ ਨਹੀਂ ਮੰਨਿਆ ਜਾ ਸਕਦਾ। ਭਾਵੇਂ ਕਿ ਅਜਿਹਾ ਕਰਨਾ ਵੀ ਗੈਰ ਕਾਨੂੰਨੀ ਹੈ। ਪ੍ਰੰਤੂ, ਇਸਨੂੰ ਭਾਰਤੀ ਫੌਜਦਾਰੀ ਜ਼ਾਬਤਾ (ਆਈਪੀਸੀ) ਦੀ ਧਾਰਾ 354 ਦੇ ਤਹਿਤ ਇੱਕ ਔਰਤ ਦੀ ਨਿਮਰਤਾ ਨੂੰ ਭੜਕਾਉਣ ਦਾ ਮਾਮਲਾ ਨਹੀਂ ਮੰਨਿਆ ਜਾ ਸਕਦਾ ਹੈ। ਦੱਸ ਦਈਏ ਕਿ ਕਾਲਜ ਦੀ ਇੱਕ ਵਿਦਿਆਰਥਣ ਨੇ ਜਿਸਮਾਨੀ ਛੇੜਛਾੜ ਦੇ ਦੋਸ਼ਾਂ ਨਾਲ ਇੱਕ ਮਜ਼ਦੂਰ ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ। ਹੇਠਲੀ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਵਿਅਕਤੀ ਨੂੰ ਹਾਈ ਕੋਰਟ ਨੇ ਬਰੀ ਕਰ ਦਿੱਤਾ।


ਪੀੜਤਾ ਵੱਲੋਂ ਲਾਏ ਗਏ ਦੋਸ਼ 

ਪੀੜਤਾ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਮੁਲਜ਼ਮ ਬਾਜ਼ਾਰ ਜਾਂਦੇ ਸਮੇਂ ਉਸਦਾ ਪਿੱਛਾ ਕਰਦਾ ਸੀ। ਉਸ ਨਾਲ ਗਾਲੀ-ਗਲੋਚ ਕੀਤਾ ਅਤੇ ਸਾਈਕਲ ਨਾਲ ਉਸਨੂੰ ਹਿੱਟ ਕੀਤਾ ਸੀ। ਇਸਤੋਂ ਬਾਅਦ ਪੀੜਤਾ ਉਸਨੂੰ ਨਜ਼ਰਅੰਦਾਜ਼ ਕਰਦੇ ਹੋਏ ਅੱਗੇ ਵਧਦੀ ਰਹੀ। ਜਦੋਂ ਮੁਲਜ਼ਮ ਉਸਦਾ ਪਿੱਛਾ ਕਰਦਾ ਰਿਹਾ ਤਾਂ ਪੀੜਤਾ ਨੇ ਉਸਦੀ ਕੁੱਟਮਾਰ ਵੀ ਕੀਤੀ। ਹੇਠਲੀ ਅਦਾਲਤ ਨੇ ਮੁਲਜ਼ਮ ਨੌਜਵਾਨ ਨੂੰ ਇੱਕ ਔਰਤ ਦੀ ਮਰਿਆਦਾ ਨਾਲ ਛੇੜਛਾੜ ਕਰਨ ਦਾ ਦੋਸ਼ੀ ਪਾਇਆ ਸੀ ਅਤੇ ਉਸਨੂੰ 2 ਸਾਲ ਦੀ ਸਜ਼ਾ ਸੁਣਾਈ ਸੀ। ਇਸਦੇ ਨਾਲ ਹੀ ਉਸ 'ਤੇ ਦੋ ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਸੀ।

 

ਹਾਈ ਕੋਰਟ ਨੇ ਕੀਤਾ ਬਰੀ 

ਬੰਬੇ ਹਾਈ ਕੋਰਟ ਦੇ ਜੱਜ ਅਨਿਲ ਪਨਸਾਰੇ ਨੇ 36 ਸਾਲਾ ਮਜ਼ਦੂਰ ਵੱਲੋਂ ਦਾਇਰ ਅਪੀਲ ’ਤੇ ਸੁਣਵਾਈ ਕਰਦਿਆਂ ਕਿਹਾ ਕਿ ਮਜ਼ਦੂਰ ਖ਼ਿਲਾਫ਼ ਜੋ ਵੀ ਦੋਸ਼ ਲਾਏ ਗਏ ਹਨ, ਉਹ ਆਈਪੀਸੀ ਦੀ ਧਾਰਾ 354 ਤਹਿਤ ਨਿਮਰਤਾ ਦੀ ਉਲੰਘਣਾ ਦੀ ਸ਼੍ਰੇਣੀ ਵਿੱਚ ਨਹੀਂ ਆਉਂਦੇ। ਹੇਠਲੀ ਅਦਾਲਤ ਨੇ ਇਸ ਮਾਮਲੇ ਵਿੱਚ ਆਪਣਾ ਫੈਸਲਾ ਸੁਣਾਉਂਦੇ ਸਮੇਂ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਨਹੀਂ ਰੱਖਿਆ। ਇਸਤਗਾਸਾ ਪੱਖ ਇਸ ਮਾਮਲੇ ਵਿੱਚ ਸਬੂਤ ਪੇਸ਼ ਕਰਨ ਵਿੱਚ ਅਸਫਲ ਰਿਹਾ। ਸਿਰਫ਼ ਗਵਾਹ ਦੇ ਬਿਆਨ ਦੇ ਆਧਾਰ 'ਤੇ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਇਸ ਕੇਸ ਵਿੱਚ ਤਿੰਨ ਗਵਾਹ ਸਨ। ਇਨ੍ਹਾਂ ਵਿੱਚੋਂ ਸਿਰਫ਼ ਇੱਕ ਗਵਾਹ ਨੇ ਕਿਹਾ ਸੀ ਕਿ ਪੀੜਤ ਨਾਲ ਦੁਰਵਿਵਹਾਰ ਕੀਤਾ ਗਿਆ ਸੀ। ਇਸਨੂੰ ਦੇਖਦੇ ਹੋਏ ਹਾਈ ਕੋਰਟ ਨੇ ਮੁਲਜ਼ਮ ਨੂੰ ਬਰੀ ਕਰ ਦਿੱਤਾ। 

ਇਹ ਵੀ ਪੜ੍ਹੋ