ਹਰਿਆਣਾ - ਸਿਰਸਾ 'ਚ ਭਿਆਨਕ ਸੜਕ ਹਾਦਸਾ, 6 ਜਣਿਆਂ ਦੀ ਮੌਤ, ਮਰਨ ਵਾਲਿਆਂ 'ਚ ਇੱਕ ਪਰਿਵਾਰ ਦੇ 5 ਮੈਂਬਰ

ਸਹੁਰੇ ਦੇ ਅੰਤਿਮ ਸਸਕਾਰ ਲਈ ਸ਼੍ਰੀ ਗੰਗਾਨਗਰ ਤੋਂ ਬਨਵਾਰੀ ਲਾਲ ਆਪਣੇ ਪਰਿਵਾਰ ਸਮੇਤ ਹਿਸਾਰ ਜਾ ਰਿਹਾ ਸੀ। ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ। 

Share:

ਹਰਿਆਣਾ ਦੇ ਸਿਰਸਾ ਜ਼ਿਲ੍ਹੇ ਵਿੱਚ ਦਰਦਨਾਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ 'ਚ 6 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਡੱਬਵਾਲੀ-ਸੰਗਰੀਆ ਰੋਡ 'ਤੇ ਪਿੰਡ ਸ਼ੇਰਗੜ੍ਹ ਨੇੜੇ ਵਾਪਰਿਆ। ਜਿੱਥੇ ਇੱਕ ਤੇਜ਼ ਰਫਤਾਰ ਕਾਰ ਦਰੱਖਤ ਨਾਲ ਟਕਰਾ ਗਈ। ਦਰੱਖਤ ਨਾਲ ਟਕਰਾਉਣ ਕਾਰਨ ਕਾਰ ਦੇ ਪਰਖੱਚੇ ਉੱਡ ਗਏ। ਕਾਰ 'ਚ ਸਵਾਰ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਰਨ ਵਾਲੇ ਪੰਜ ਵਿਅਕਤੀ ਇੱਕੋ ਪਰਿਵਾਰ ਦੇ ਸਨ। ਜਾਣਕਾਰੀ ਮੁਤਾਬਕ ਸ਼੍ਰੀ ਗੰਗਾਨਗਰ ਦੇ ਰਹਿਣ ਵਾਲੇ ਬਨਵਾਰੀ ਲਾਲ ਦੇ ਸਹੁਰੇ ਦੀ ਮੌਤ ਹੋ ਗਈ ਸੀ। ਮ੍ਰਿਤਕ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਲਈ ਬਨਵਾਰੀ ਲਾਲ ਆਪਣੀ ਪਤਨੀ ਦਰਸ਼ਨਾ ਅਤੇ ਇੱਕ ਹੋਰ ਰਿਸ਼ਤੇਦਾਰ ਗੁੱਡੀ ਦੇਵੀ ਨਾਲ ਦੁਪਹਿਰ 1 ਵਜੇ ਦੇ ਕਰੀਬ ਸ਼੍ਰੀ ਗੰਗਾਨਗਰ ਤੋਂ ਸਵਿਫਟ ਡਿਜ਼ਾਇਰ ਕਾਰ 'ਚ ਹਿਸਾਰ ਲਈ ਰਵਾਨਾ ਹੋਏ। ਕਾਰ ਨੂੰ ਸੁਭਾਸ਼ ਨਾਂ ਦਾ ਉਸਦਾ ਇੱਕ ਜਾਣਕਾਰ ਚਲਾ ਰਿਹਾ ਸੀ। ਹਨੂੰਮਾਨਗੜ੍ਹ ਸ਼ਹਿਰ ਪਹੁੰਚ ਕੇ ਬਨਵਾਰੀ ਲਾਲ ਨੇ ਆਪਣੇ ਰਿਸ਼ਤੇਦਾਰ ਕ੍ਰਿਸ਼ਨ ਲਾਲ ਅਤੇ ਚੰਦਰਕਲਾ ਨੂੰ ਵੀ ਆਪਣੇ ਨਾਲ ਕਾਰ ਵਿੱਚ ਬਿਠਾ ਲਿਆ ਅਤੇ ਸਾਰੇ 6 ਜਣੇ ਹਿਸਾਰ ਲਈ ਰਵਾਨਾ ਹੋ ਗਏ।
5 ਦੀ ਮੌਕੇ 'ਤੇ ਹੀ ਹੋਈ ਮੌਤ 
ਜਦੋਂ ਉਨ੍ਹਾਂ ਦੀ ਕਾਰ ਦੁਪਹਿਰ ਕਰੀਬ 3 ਵਜੇ ਡੱਬਵਾਲੀ ਦੇ ਪਿੰਡ ਸ਼ੇਰਗੜ੍ਹ ਪੁੱਜੀ। ਕਾਰ ਅਚਾਨਕ ਬੇਕਾਬੂ ਹੋ ਗਈ ਅਤੇ ਦਰੱਖਤ ਨਾਲ ਜਾ ਟਕਰਾਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ 'ਚ ਸਵਾਰ ਸੁਭਾਸ਼, ਗੁੱਡੀ ਦੇਵੀ, ਚੰਦਰਕਲਾ, ਦਰਸ਼ਨਾ ਦੇਵੀ ਅਤੇ ਕ੍ਰਿਸ਼ਨ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਵਿੱਚ ਬਨਵਾਰੀ ਲਾਲ ਗੰਭੀਰ ਜ਼ਖ਼ਮੀ ਹੋ ਗਿਆ ਜਿਸਨੂੰ ਡੱਬਵਾਲੀ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ। ਉਸਦੀ ਵੀ ਕੁੱਝ ਸਮੇਂ ਵਿੱਚ ਮੌਤ ਹੋ ਗਈ। ਅਜਿਹੇ 'ਚ ਕਾਰ 'ਚ ਸਵਾਰ ਸਾਰੇ 6 ਲੋਕਾਂ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਐਸਐਚਓ ਸ਼ੈਲੇਂਦਰ ਕੁਮਾਰ ਮੌਕੇ ’ਤੇ ਪੁੱਜੇ। ਉਹਨਾਂ ਦੱਸਿਆ ਕਿ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਹ ਕਾਰ ਬੇਕਾਬੂ ਕਿਵੇਂ ਹੋਈ। ਮੰਗਲਵਾਰ ਨੂੰ ਡੱਬਵਾਲੀ ਦੇ ਸਰਕਾਰੀ ਹਸਪਤਾਲ ਵਿਖੇ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।

ਇਹ ਵੀ ਪੜ੍ਹੋ