ਦੁਬਈ ਤੋਂ ਸੋਨਾ ਤਸਕਰੀ ਦਾ ਮਾਮਲਾ, ਖੰਨਾ ਵਿਖੇ ਕਸਟਮ ਵਿਭਾਗ ਦਾ ਛਾਪਾ

9 ਮਹੀਨੇ ਪਹਿਲਾਂ ਇੱਕ ਤਸਕਰ ਨੂੰ ਕੀਤਾ ਸੀ ਗ੍ਰਿਫ਼ਤਾਰ। ਜਾਂਚ ਪੜਤਾਲ ਦੇ ਦੌਰਾਨ ਇੱਕ ਹੋਰ ਨੌਜਵਾਨ ਦਾ ਨਾਂਅ ਸਾਮਣੇ ਆਇਆ।

Share:

ਕਸਟਮ ਵਿਭਾਗ ਨੇ ਵੀਰਵਾਰ ਸ਼ਾਮ ਖੰਨਾ 'ਚ ਛਾਪੇਮਾਰੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਟੀਮ ਨੇ ਇਹ ਛਾਪੇਮਾਰੀ ਦੁਬਈ ਤੋਂ ਭਾਰਤ ਸੋਨੇ ਦੀ ਤਸਕਰੀ ਦੇ ਮਾਮਲੇ ਦੀ ਜਾਂਚ ਲਈ ਕੀਤੀ। ਇਸ ਮਾਮਲੇ 'ਚ ਜੇਲ 'ਚ ਬੰਦ ਖੰਨਾ ਦੇ ਰਹਿਣ ਵਾਲੇ ਸੂਰਜ  ਦੇ ਨੈੱਟਵਰਕ ਦੀ ਜਾਂਚ ਕੀਤੀ ਜਾ ਰਹੀ ਹੈ। ਜਿਸ ਕਾਰਨ ਕਰਤਾਰ ਨਗਰ ਦੇ ਰਹਿਣ ਵਾਲੇ ਗੁਰਜੰਟ ਸਿੰਘ ਨਾਮਕ ਨੌਜਵਾਨ ਦੇ ਘਰ ਛਾਪਾ ਮਾਰਿਆ ਗਿਆ। ਲੁਧਿਆਣਾ ਅਤੇ ਸਾਹਨੇਵਾਲ ਤੋਂ ਆਈ ਟੀਮ ਨੇ ਕਰੀਬ ਦੋ ਘੰਟੇ ਤੱਕ ਜਾਂਚ ਕੀਤੀ। ਇਸ ਨੌਜਵਾਨ ਤੋਂ ਪੁੱਛਗਿੱਛ ਕੀਤੀ ਗਈ। ਇਸਦੀ ਟ੍ਰੇਵਲ ਹਿਸਟਰੀ ਜਾਣਨ ਦੀ ਕੋਸ਼ਿਸ਼ ਕੀਤੀ ਗਈ। ਇਲਾਕੇ ਵਿੱਚ ਰਹਿਣ ਵਾਲੇ ਹੋਰ ਲੋਕਾਂ ਤੋਂ ਵੀ ਨੌਜਵਾਨ ਦਾ ਫੀਡਬੈਕ ਲਿਆ।  ਹਾਲਾਂਕਿ ਛਾਪੇਮਾਰੀ ਦੌਰਾਨ ਕਸਟਮ ਵਿਭਾਗ ਨੂੰ ਕੋਈ ਸੁਰਾਗ ਨਹੀਂ ਮਿਲਿਆ। ਦੱਸ ਦਈਏ ਕਿ ਕੁੱਝ ਮਹੀਨੇ ਪਹਿਲਾਂ ਕਸਟਮ ਵਿਭਾਗ ਨੇ ਸੋਨਾ ਤਸਕਰੀ ਦੇ ਦੋਸ਼ 'ਚ ਦਿਲੀਪ ਸਿੰਘ ਨਗਰ ਖੰਨਾ ਦੇ ਰਹਿਣ ਵਾਲੇ ਸੂਰਜ ਨੂੰ ਗ੍ਰਿਫਤਾਰ ਕੀਤਾ ਸੀ। ਸੂਰਜ ਕੋਲੋਂ ਕਰੀਬ 18 ਕਿਲੋ ਸੋਨਾ ਜ਼ਬਤ ਕੀਤਾ ਗਿਆ ਜੋ ਦੁਬਈ ਤੋਂ ਲਿਆਂਦਾ ਗਿਆ ਸੀ।

ਫੋਟੋ
ਖੰਨਾ ਦੇ ਕਰਤਾਰ ਨਗਰ ਵਿਖੇ ਕਸਟਮ ਵਿਭਾਗ ਦੀ ਰੇਡ ਹੋਈ। ਫੋਟੋ ਕ੍ਰੇਡਿਟ - ਜੇਬੀਟੀ


ਪਾਸਪੋਰਟ ਵੀ ਨਹੀਂ ਬਣਾਇਆ

ਕਸਟਮ ਵਿਭਾਗ ਦੀ ਛਾਪੇਮਾਰੀ 'ਤੇ ਸਥਾਨਕ ਲੋਕਾਂ ਨੇ ਸਵਾਲ ਉਠਾਏ। ਵਾਰਡ ਦੇ ਕੌਂਸਲਰ ਹਰਦੀਪ ਸਿੰਘ ਨੀਨੂੰ ਨੇ ਦੱਸਿਆ ਕਿ ਜਿਸ ਨੌਜਵਾਨ ਦੇ ਘਰ ਛਾਪਾ ਮਾਰਿਆ ਗਿਆ ਉਹ ਮਿਹਨਤ ਮਜ਼ਦੂਰੀ ਕਰਦਾ ਹੈ। ਉਹ ਏਸੀ ਰਿਪੇਅਰ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ। ਪਹਿਲਾਂ ਇਹ ਨੌਜਵਾਨ ਜ਼ੋਮੈਟੋ ਵਿੱਚ ਕੰਮ ਕਰਦਾ ਸੀ। ਜੇਕਰ ਨੌਜਵਾਨ ਨੇ ਆਪਣਾ ਪਾਸਪੋਰਟ ਹੀ ਨਹੀਂ ਬਣਾਇਆ ਤਾਂ ਉਹ ਵਿਦੇਸ਼ ਕਿਵੇਂ ਜਾ ਸਕਦਾ ਹੈ? ਦੂਜੇ ਪਾਸੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਇਸ ਸਬੰਧੀ ਕੁੱਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ।

ਸੂਰਜ 22 ਫਰਵਰੀ ਨੂੰ ਗਿਆ ਸੀ ਦੁਬਈ 

ਖੰਨਾ ਸਬਜ਼ੀ ਮੰਡੀ 'ਚ ਰੇਹੜੀ ਚਲਾਉਣ ਵਾਲਾ ਸੂਰਜ 22 ਫਰਵਰੀ ਨੂੰ ਦੁਬਈ ਗਿਆ ਸੀ। ਅਧਿਕਾਰੀਆਂ ਨੂੰ ਸੂਚਨਾ ਸੀ ਕਿ ਸੂਰਜ ਦੁਬਈ ਤੋਂ ਭਾਰਤ  ਸੋਨਾ ਤਸਕਰੀ ਕਰਦਾ ਹੈ। ਜਿਸ ਕਾਰਨ ਉਸ ਸਮੇਂ ਵਧੀਕ ਕਮਿਸ਼ਨਰ ਮੀਨਾ ਸ਼ਰਮਾ ਦੀ ਅਗਵਾਈ ਹੇਠ ਕਸਟਮ ਵਿਭਾਗ ਦੀ ਟੀਮ ਨੇ ਸੂਰਜ ਦੇ ਘਰ ਛਾਪਾ ਮਾਰਿਆ ਸੀ। ਟੀਮ ਵੱਲੋਂ ਸੂਰਜ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਗਈ ਸੀ। ਟੀਮ ਨੇ ਸੂਰਜ ਦੇ ਘਰੋਂ ਕੁਝ ਕਾਗਜ਼ਾਤ ਅਤੇ ਹੋਰ ਸਾਮਾਨ ਬਰਾਮਦ ਕੀਤਾ ਸੀ।

ਇਹ ਵੀ ਪੜ੍ਹੋ