ਸਿਆਸਤ 'ਚ ਹਾਥੀ ਦੀ ਸਵਾਰੀ, ਭੈਣ ਕੁਮਾਰੀ ਤੋਂ ਬਾਅਦ ਭਤੀਜੇ ਦੀ ਵਾਰੀ

ਬਸਪਾ ਸੁਪਰੀਮੋ ਮਾਇਆਵਤੀ ਨੇ ਆਪਣਾ ਉਤਰਾਧਿਕਾਰੀ ਆਕਾਸ਼ ਆਨੰਦ ਨੂੰ ਐਲਾਨਿਆ। ਜਿਸ ਮਗਰੋਂ ਸਿਆਸੀ ਗਲਿਆਰਿਆਂ ਵਿੱਚ ਨਵੀਂ ਚਰਚਾ ਛਿੜ ਗਈ ਹੈ। ਪਾਰਟੀ ਅੰਦਰ ਵੀ ਚਰਚਾਵਾਂ ਹੋਣ ਲੱਗੀਆਂ ਹਨ।  

Share:

ਹਾਈਲਾਈਟਸ

  • ਆਕਾਸ਼ ਆਨੰਦ
  • ਬਹੁਜਨ ਸਮਾਜ ਪਾਰਟੀ

ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਦਾ ਅਗਲਾ ਉਤਰਾਧਿਕਾਰੀ ਤੈਅ ਹੋ ਗਿਆ ਹੈ। ਐਤਵਾਰ ਨੂੰ ਲਖਨਊ 'ਚ ਹੋਈ ਬਸਪਾ ਦੀ ਬੈਠਕ 'ਚ ਇਸਦਾ ਰਸਮੀ ਐਲਾਨ ਕੀਤਾ ਗਿਆ। ਮਾਇਆਵਤੀ ਨੇ ਕਿਹਾ ਕਿ ਹੁਣ ਆਕਾਸ਼ ਆਨੰਦ ਉਨ੍ਹਾਂ ਦੇ ਉਤਰਾਧਿਕਾਰੀ ਹੋਣਗੇ। ਆਕਾਸ਼ ਆਨੰਦ ਮਾਇਆਵਤੀ ਦੇ ਭਤੀਜੇ ਹਨ। ਬਹੁਜਨ ਸਮਾਜ ਪਾਰਟੀ (ਬਸਪਾ) ਨੇ ਨਾ ਤਾਂ ਲੋਕ ਸਭਾ ਚੋਣਾਂ ਅਤੇ ਨਾ ਹੀ ਵਿਧਾਨ ਸਭਾ ਚੋਣਾਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ। ਯੂਪੀ ਵਿੱਚ ਸਭ ਤੋਂ ਸਰਗਰਮ ਪਾਰਟੀ ਬਸਪਾ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਿਰਫ਼ ਇੱਕ ਸੀਟ ਜਿੱਤੀ ਸੀ। ਅਜਿਹੇ 'ਚ ਮਾਇਆਵਤੀ ਨੇ ਅਗਲੇ ਸਾਲ 2024 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਚ ਪਾਰਟੀ ਨੂੰ ਮਜ਼ਬੂਤ ​​ਅਤੇ ਮੁੜ ਸੁਰਜੀਤ ਕਰਨ ਲਈ ਆਪਣੇ ਉੱਤਰਾਧਿਕਾਰੀ ਦਾ ਐਲਾਨ ਕੀਤਾ ਹੈ। ਬਸਪਾ ਸੁਪਰੀਮੋ ਨੇ ਲਖਨਊ 'ਚ ਪਾਰਟੀ ਦੀ ਬੈਠਕ 'ਚ ਬੁਲਾਏ ਗਏ ਸਾਰੇ ਰਾਸ਼ਟਰੀ ਅਤੇ ਸੂਬਾਈ ਪ੍ਰਮੁੱਖ ਅਧਿਕਾਰੀਆਂ ਦੇ ਸਾਹਮਣੇ ਆਪਣੇ ਭਤੀਜੇ ਆਕਾਸ਼ ਆਨੰਦ ਦੇ ਨਾਂ ਦਾ ਐਲਾਨ ਕੀਤਾ ।

ਜਾਣੋ ਕੌਣ ਹੈ ਆਕਾਸ਼ ਆਨੰਦ 


ਲੰਡਨ ਤੋਂ ਐਮਬੀਏ ਦੀ ਪੜ੍ਹਾਈ ਕਰਨ ਵਾਲੇ ਆਕਾਸ਼ ਆਨੰਦ ਨੇ ਸਾਲ 2017 ਵਿੱਚ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਸੀ। ਉਹ ਪਹਿਲੀ ਵਾਰ ਸਹਾਰਨਪੁਰ ਵਿੱਚ ਬਸਪਾ ਦੀ ਰੈਲੀ ਵਿੱਚ ਨਜ਼ਰ ਆਏ ਸੀ। ਇਸ ਦੌਰਾਨ ਉਨ੍ਹਾਂ ਨਾਲ ਮਾਇਆਵਤੀ ਵੀ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਉਸੇ ਦਿਨ ਰਾਜਨੀਤੀ 'ਚ ਲਾਂਚ ਕੀਤਾ ਗਿਆ ਸੀ। ਉਹ ਬਸਪਾ ਵਿੱਚ ਕੌਮੀ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ। ਜੇਕਰ ਗੌਰ ਕੀਤਾ ਜਾਵੇ ਤਾਂ ਜਦੋਂ ਤੋਂ ਆਕਾਸ਼ ਆਨੰਦ ਰਾਜਨੀਤੀ ਵਿੱਚ ਆਏ ਹਨ, ਉਦੋਂ ਤੋਂ ਹੀ ਬਸਪਾ ਦਾ ਗ੍ਰਾਫ ਹੇਠਾਂ ਡਿੱਗਿਆ ਹੈ। ਪਾਰਟੀ ਨੂੰ 2019 ਦੀਆਂ ਲੋਕ ਸਭਾ ਚੋਣਾਂ ਅਤੇ 2017 ਅਤੇ 2022 ਦੀਆਂ  ਯੂਪੀ ਵਿਧਾਨ ਸਭਾ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।

ਕਿਉਂ ਬਣਾਉਣਾ ਪਿਆ ਉਤਰਾਧਿਕਾਰੀ 

ਮਾਇਆਵਤੀ ਵੱਲੋਂ ਆਕਾਸ਼ ਆਨੰਦ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰਨ ਪਿੱਛੇ ਇੱਕ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਹਾਲਾਂਕਿ ਬਸਪਾ ਨੇ ਆਪਣੀ ਪਾਰਟੀ ਦੇ ਵੱਡੇ ਅਤੇ ਤਜਰਬੇਕਾਰ ਆਗੂਆਂ ਨੂੰ ਨਜ਼ਰਅੰਦਾਜ਼ ਕਰਕੇ ਆਕਾਸ਼ ਆਨੰਦ ਨੂੰ ਆਪਣਾ ਵਾਰਿਸ ਐਲਾਨ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਸਿਆਸੀ ਹਲਕਿਆਂ 'ਚ ਚਰਚਾ ਹੈ ਕਿ ਮਾਇਆਵਤੀ ਆਪਣੇ ਭਤੀਜੇ ਨੂੰ ਸਿਆਸਤ 'ਚ ਮਜ਼ਬੂਤ ​​ਖਿਡਾਰੀ ਬਣਾਉਣਾ ਚਾਹੁੰਦੀ ਹੈ, ਇਸ ਲਈ ਉਨ੍ਹਾਂ ਨੂੰ ਪਹਿਲਾਂ ਹੀ ਚੋਣਾਂ ਦੇ ਗੁਰ ਸਿਖਾਏ ਜਾ ਰਹੇ ਹਨ। ਪਾਰਟੀ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਨਵਾਂ ਉਤਰਾਧਿਕਾਰੀ ਉਤਾਰ ਸਕਦੀ ਹੈ।

 

 

ਇਹ ਵੀ ਪੜ੍ਹੋ

Tags :